-19.3 C
Toronto
Friday, January 30, 2026
spot_img
Homeਪੰਜਾਬਪੰਜਾਬ ਦੀਆਂ ਚਾਰ ਜੇਲ੍ਹਾਂ ਦੀ ਸੁਰੱਖਿਆ ਸੀਆਰਪੀਐਫ ਹਵਾਲੇ

ਪੰਜਾਬ ਦੀਆਂ ਚਾਰ ਜੇਲ੍ਹਾਂ ਦੀ ਸੁਰੱਖਿਆ ਸੀਆਰਪੀਐਫ ਹਵਾਲੇ

ਲੁਧਿਆਣਾ ਅਤੇ ਬਠਿੰਡਾ ਦੀ ਜੇਲ੍ਹ ਵਿਚ ਸੀਆਰਪੀਐਫ ਦੇ ਜਵਾਨ ਤਾਇਨਾਤ
ਲੁਧਿਆਣਾ : ਪੰਜਾਬ ਦੀਆਂ ਸਭ ਤੋਂ ਵੱਡੀਆਂ ਜੇਲ੍ਹਾਂ ‘ਚ ਸ਼ਾਮਲ ਲੁਧਿਆਣਾ ਕੇਂਦਰੀ ਜੇਲ੍ਹ ਦੀ ਸੁਰੱਖਿਆ ਲਈ ਸੀਆਰਪੀਐਫ ਦੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਸੀਆਰਪੀਐਫ ਦੇ ਜਵਾਨ ਡਿਓਢੀ ਤੋਂ ਲੈ ਕੇ ਮੁਲਾਕਾਤ ਰੂਮ ਦੇ ਨਾਲ ਨਾਲ ਜੇਲ੍ਹ ਦੇ ਹਾਈ ਸੁਰੱਖਿਆ ਜ਼ੋਨ ‘ਚ ਵੀ ਤਾਇਨਾਤ ਰਹਿਣਗੇ। ਸਾਰੇ ਜਵਾਨ ਹਥਿਆਰਾਂ ਦੇ ਨਾਲ ਨਾਲ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ। ਡਿਓਢੀ ਤੋਂ ਨਿਕਲਣ ਵਾਲੇ ਹਰ ਵਿਅਕਤੀ ਜਾਂਚ ਹੋਵੇਗੀ, ਭਾਵੇਂ ਉਹ ਜੇਲ੍ਹ ਦਾ ਮੁਲਾਜ਼ਮ ਹੀ ਕਿਉਂ ਨਾ ਹੋਵੇ।
ਬਠਿੰਡਾ : ਬਠਿੰਡਾ ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ ਨੇ ਦੱਸਿਆ ਕਿ 2100 ਕੈਦੀਆਂ ਦੀ ਸਮਰੱਥਾ ਵਾਲੀ ਇਸ ਜੇਲ੍ਹ ਵਿਚ ਪਹਿਲਾਂ ਤੋਂ ਸੁਰੱਖਿਆ ਲਈ ਤਾਇਨਾਤ ਮੁਲਾਜ਼ਮਾਂ ਦੇ ਨਾਲ-ਨਾਲ ਹੁਣ ਸੀਆਰਪੀਐੱਫ ਦੇ ਜਵਾਨ ਵੀ ਡਿਊਟੀ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਇਸ ਵੇਲੇ ਜੇਲ੍ਹ ‘ਚ 1785 ਕੈਦੀ ਹਨ। ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਕੰਪਨੀ ਪੁੱਜੀ ਹੈ ਜਿਸ ‘ਚ ਕੰਪਨੀ ਕਮਾਂਡਰ ਸਣੇ 64 ਜਵਾਨ ਸ਼ਾਮਲ ਹਨ। ਬਠਿੰਡਾ ਜੇਲ੍ਹ ‘ਚ ਇਸ ਵੇਲੇ 37 ਗੈਂਗਸਟਰ ਹਨ ਜਿਨ੍ਹਾਂ ਨੂੰ ਵੱਖ-ਵੱਖ ਚਾਰ ਬੈਰਕਾਂ ‘ਚ ਰੱਖਿਆ ਹੋਇਆ ਹੈ। ਬਠਿੰਡਾ ਜੇਲ੍ਹ ਦੀ ਨਵੀਂ ਸੁਰੱਖਿਆ ਦੇ ਪ੍ਰਬੰਧਾਂ ਨੇ ਪਹਿਲਾਂ ਤੋਂ ਤਾਇਨਾਤ ਮੁਲਾਜ਼ਮਾਂ ਦੀ ਭਰੋਸੇਯੋਗਤਾ ‘ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
ਅੰਮ੍ਰਿਤਸਰ : ਅੰਮ੍ਰਿਤਸਰ ਦੀ ਅਤਿ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਦੀ ਸੁਰੱਖਿਆ ਤੇ ਨਿਗਰਾਨੀ ਦਾ ਪ੍ਰਬੰਧ ਸੀਆਰਪੀਐਫ ਸਾਂਭ ਲਵੇਗੀ। ਫਿਲਹਾਲ ਸੀਆਰਪੀਐਫ ਵਲੋਂ ਕੇਂਦਰੀ ਜੇਲ੍ਹ ਦੀ ਸਮੁੱਚੀ ਪ੍ਰਕਿਰਿਆ ਦੀ ਜਾਣਕਾਰੀ ਲੈ ਕੇ ਸਿਖਲਾਈ ਦਾ ਪ੍ਰੋਗਰਾਮ ਚੱਲ ਰਿਹਾ ਹੈ। ਕੇਂਦਰੀ ਜੇਲ੍ਹ ਦੇ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਸੀਆਰਪੀਐਫ ਦੀ ਇਕ ਬਟਾਲੀਅਨ ਦਾ ਵੱਡਾ ਹਿੱਸਾ ਇੱਥੇ ਪੁੱਜ ਚੁੱਕਾ ਹੈ ਤੇ ਅਗਲੇ ਦੋ-ਤਿੰਨ ਦਿਨਾਂ ‘ਚ ਸੀਆਰਪੀਐਫ ਜੇਲ੍ਹ ਸੁਰੱਖਿਆ ਸਾਂਭ ਲਵੇਗੀ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ‘ਚ ਕੇਂਦਰੀ ਜੇਲ੍ਹ ਲੁਧਿਆਣਾ ‘ਚ ਹਵਾਲਾਤੀਆਂ ਤੇ ਕੈਦੀਆਂ ਨੇ ਹੰਗਾਮਾ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਜੇਲ੍ਹ ‘ਚ ਸੀਆਰਪੀਐਫ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ। ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਨੇ ਦੱਸਿਆ ਕਿ ਇਸ ਸਮੇਂ ਜੇਲ੍ਹ ਪ੍ਰਸ਼ਾਸਨ ਕੋਲ 32 ਪੁਲੀਸ ਮੁਲਾਜ਼ਮ, 24 ਆਈਆਰਬੀ, 32 ਮੁਲਾਜ਼ਮ ਹੋਮਗਾਰਡ ਤੇ 52 ਮੁਲਾਜ਼ਮ ਪੈਸਕੋ ਮੌਜੂਦ ਹਨ। ਇਸ ਤੋਂ ਇਲਾਵਾ ਜੇਲ੍ਹ ਗਾਰਡ (102), ਹੈੱਡ ਵਾਰਡਰ 26 ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਸੀਆਰਪੀਐਫ ਜਵਾਨਾਂ ਦੀ ਡਿਊਟੀ ਤਿੰਨ ਸ਼ਿਫ਼ਟਾਂ ‘ਚ ਹੋਵੇਗੀ।

RELATED ARTICLES
POPULAR POSTS