16.9 C
Toronto
Wednesday, October 15, 2025
spot_img
Homeਪੰਜਾਬਜਲੰਧਰ ਦੀਆਂ ਤਿੰਨ ਟਰੈਵਲ ਏਜੰਸੀਆਂ ਦੇ ਦਫਤਰਾਂ 'ਤੇ ਈਡੀ ਨੇ ਮਾਰਿਆ ਛਾਪਾ

ਜਲੰਧਰ ਦੀਆਂ ਤਿੰਨ ਟਰੈਵਲ ਏਜੰਸੀਆਂ ਦੇ ਦਫਤਰਾਂ ‘ਤੇ ਈਡੀ ਨੇ ਮਾਰਿਆ ਛਾਪਾ

50 ਲੱਖ ਦੀ ਵਿਦੇਸ਼ੀ ਕਰੰਸੀ ਬਰਾਮਦ
ਜਲੰਧਰ/ਬਿਊਰੋ ਨਿਊਜ਼ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮੰਗਲਵਾਰ ਨੂੰ ਜਲੰਧਰ ‘ਚ ਤਿੰਨ ਟਰੈਵਲ ਏਜੰਸੀਆਂ ਦੇ ਦਫ਼ਤਰਾਂ ‘ਚ ਛਾਪੇ ਮਾਰੇ ਗਏ। ਸਵੇਰ ਤੋਂ ਸ਼ੁਰੂ ਹੋਈ ਇਹ ਕਾਰਵਾਈ ਬਾਅਦ ਦੁਪਹਿਰ ਤੱਕ ਜਾਰੀ ਰਹੀ। ਇਹ ਛਾਪੇ ਏਅਰ ਕਾਰਪੋਰੇਟ, ਗੁਰੂਕੁਲ ਗਲੋਬਲ ਤੇ ਟੀ.ਐੱਨ.ਐੱਸ. ਇਮੀਗ੍ਰੇਸ਼ਨ ਦੇ ਦਫਤਰਾਂ ‘ਤੇ ਮਾਰੇ ਗਏ। ਈਡੀ ਦੇ ਅਧਿਕਾਰੀਆਂ ਨੇ ਇਨ੍ਹਾਂ ਟਰੈਵਲ ਏਜੰਸੀਆਂ ਦੇ ਦਫਤਰਾਂ ‘ਚੋਂ ਬਹੁਤ ਸਾਰੇ ਕਥਿਤ ਇਤਰਾਜ਼ਯੋਗ ਦਸਤਾਵੇਜ਼ਾਂ ਦੇ ਨਾਲ-ਨਾਲ 50 ਲੱਖ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ। ਜਾਣਕਾਰੀ ਅਨੁਸਾਰ ਦੋਆਬੇ ਦੀਆਂ ਕਈ ਟਰੈਵਲ ਏਜੰਸੀਆਂ ਪਿਛਲੇ 6 ਮਹੀਨਿਆਂ ਤੋਂ ਗ਼ੈਰਕਾਨੂੰਨੀ ਤੌਰ ‘ਤੇ ਅਮਰੀਕਾ ਬੰਦੇ ਭੇਜਣ ਦਾ ਧੰਦਾ ਤੇਜ਼ੀ ਨਾਲ ਕਰ ਰਹੀਆਂ ਸਨ ਅਤੇ ਪੰਜਾਬ ਨੌਜਵਾਨਾਂ ਨੂੰ ਮੋਟੀਆਂ ਰਕਮਾਂ ਲੈ ਕੇ ਮੈਕਸਿਕੋ ਅਤੇ ਹੋਰ ਖਤਰਨਾਕ ਰਸਤਿਆਂ ਰਾਹੀਂ ਅਮਰੀਕਾ ਭੇਜਦੀਆਂ ਹਨ। ਟਰੈਵਲ ਏਜੰਟਾਂ ‘ਤੇ ਕੀਤੀ ਗਈ ਇਸ ਕਾਰਵਾਈ ਦੀ ਅਗਵਾਈ ਈਡੀ ਦੇ ਦੋ ਸੀਨੀਅਰ ਅਧਿਕਾਰੀ ਕਰ ਰਹੇ ਸਨ। ਈਡੀ ਦੇ ਅਧਿਕਾਰੀ ਇਹ ਪਤਾ ਲਾਉਣ ਦਾ ਯਤਨ ਕਰ ਰਹੇ ਹਨ ਕਿ ਪੈਸਿਆਂ ਦਾ ਲੈਣ-ਦੇਣ ਇਨ੍ਹਾਂ ਟਰੈਵਲ ਏਜੰਟਾਂ ਰਾਹੀਂ ਕਿਸ ਤਰ੍ਹਾਂ ਕੀਤਾ ਜਾਂਦਾ ਸੀ ਤੇ ਹੁਣ ਤੱਕ ਇਨ੍ਹਾਂ ਨੇ ਕਿੰਨੇ ਕੁ ਬੰਦੇ ਕਿਹੜੇ-ਕਿਹੜੇ ਤਰੀਕਿਆਂ ਨਾਲ ਵਿਦੇਸ਼ਾਂ ‘ਚ ਭੇਜੇ ਹਨ। ਇਹ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਟਰੈਵਲ ਏਜੰਟ ਦਿੱਲੀ ਜਾਂ ਦੇਸ਼ ਦੇ ਹੋਰ ਕਿਹੜੇ ਹਿੱਸਿਆਂ ਦੇ ਟਰੈਵਲ ਏਜੰਟਾਂ ਨਾਲ ਤਾਲਮੇਲ ਰੱਖਦੇ ਹਨ ਅਤੇ ਵਿਦੇਸ਼ਾਂ ਵਿੱਚ ਇਨ੍ਹਾਂ ਦਾ ਸਬੰਧ ਕਿਹੜੇ ਮਨੁੱਖੀ ਤਸਕਰਾਂ ਨਾਲ ਹੈ। ਇਸ ਗੋਰਖਧੰਦੇ ਦੀ ਘੋਖ ਲਈ ਈਡੀ ਦੇ ਅਧਿਕਾਰੀਆਂ ਨੇ ਇਨ੍ਹਾਂ ਦਫਤਰਾਂ ‘ਚੋਂ ਕੁਝ ਡਾਇਰੀਆਂ ਤੇ ਕੰਪਿਊਟਰ ਵੀ ਜ਼ਬਤ ਕੀਤੇ ਹਨ।

RELATED ARTICLES
POPULAR POSTS