
ਵਰਿੰਦਰ ਘੁੰਮਣ ਨੂੰ ਕਿਹਾ ਜਾਂਦਾ ਸੀ ‘ਆਇਰਨਮੈਨ’
ਅੰਮਿ੍ਰਤਸਰ/ਬਿਊਰੋ ਨਿਊਜ਼
ਪੰਜਾਬ ਦੇ ‘ਆਇਰਨਮੈਨ’ ਕਹੇ ਜਾਣ ਵਾਲੇ ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਨੂੰ ਲੈ ਕੇ ਅੰਮਿ੍ਰਤਸਰ ਦੇ ਫੋਰਟਿਸ ਹਸਪਤਾਲ ’ਤੇ ਸਵਾਲ ਉਠ ਰਹੇ ਹਨ। ਦੱਸਣਯੋਗ ਹੈ ਕਿ ਲੰਘੇ ਕੱਲ੍ਹ ਅੰਮਿ੍ਰਤਸਰ ਦੇ ਫੋਰਟਿਸ ਹਸਪਤਾਲ ਵਿਚ ਵਰਿੰਦਰ ਘੁੰਮਣ ਆਪਣੇ ਮੋਢੇ ਦਾ ਅਪਰੇਸ਼ਨ ਕਰਵਾਉਣ ਗਿਆ ਸੀ। ਮੋਢੇ ਦੇ ਅਪ੍ਰਰੇਸ਼ਨ ਦੌਰਾਨ ਹੀ ਵਰਿੰਦਰ ਘੁੰਮਣ ਨੂੰ ਦੋ ਹਾਰਟ ਅਟੈਕ ਆ ਗਏ ਅਤੇ ਉਸਦੀ ਜਾਨ ਚਲੇ ਗਈ। ਇਸਦੇ ਚੱਲਦਿਆਂ ਇਸ ਬਾਡੀ ਬਿਲਡਰ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਲਾਪਰਵਾਹੀ ਦੇ ਆਰੋਪ ਲਗਾਏ ਹਨ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਹੈ। ਵਰਿੰਦਰ ਘੁੰਮਣ ਦੇ ਦੋਸਤਾਂ ਦਾ ਕਹਿਣਾ ਸੀ ਕਿ ਇਕ ਛੋਟੇ ਜਿਹੇ ਅਪਰੇਸ਼ਨ ਲਈ ਆਏ ਸਿਹਤਮੰਦ ਵਿਅਕਤੀ ਦਾ ਸਰੀਰ ਅਚਾਨਕ ਨੀਲਾ ਕਿਸ ਤਰ੍ਹਾਂ ਪੈ ਗਿਆ। ਇਸਦੇ ਚੱਲਦਿਆਂ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਵਰਿੰਦਰ ਘੁੰਮਣ ਨੂੰ ਦੋ ਹਾਰਟ ਅਟੈਕ ਆਏ ਹਨ ਅਤੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਉਹ ਠੀਕ ਨਹੀਂ ਹੋ ਸਕਿਆ। ਇਸੇ ਦੌਰਾਨ ਵਰਿੰਦਰ ਘੁੰਮਣ ਦੇ ਜਲੰਧਰ ਸਥਿਤ ਘਰ ਵਿਚ ਮੰਤਰੀ ਮੋਹਿੰਦਰ ਭਗਤ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਮੰਤਰੀ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਸਬੰਧੀ ਸਬੂਤ ਮਿਲੇ ਤਾਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

