
ਪਟੀਸ਼ਨ ਵਿਚ ਅਵਾਰਾ ਪਸ਼ੂਆਂ ਨੂੰ ਲੈ ਕੇ ਚੁੱਕੇ ਗਏ ਹਨ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਨੌਜਵਾਨ ਪੰਜਾਬੀ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਸੜਕ ਹਾਦਸੇ ਵਿਚ ਹੋਈ ਮੌਤ ਨਾਲ ਜੁੜਿਆ ਇਕ ਮਹੱਤਪੂਰਨ ਮਾਮਲਾ ਹਿਮਾਚਲ ਹਾਈਕੋਰਟ ਪਹੁੰਚ ਗਿਆ ਹੈ। ਇਹ ਮਾਮਲਾ ਸਮਾਜਸੇਵੀ ਅਤੇ ਐਡਵੋਕੇਟ ਨਵਕਿਰਨ ਸਿੰਘ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਰਾਹੀਂ ਹਿਮਾਚਲ ਹਾਈਕੋਰਟ ਵਿਚ ਲਿਆਂਦਾ ਗਿਆ ਹੈ। ਐਡਵੋਕੇਟ ਨਵਕਿਰਨ ਸਿੰਘ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਦਾ ਮੁੱਖ ਮਕਸਦ ਅਵਾਰਾ ਪਸ਼ੂਆਂ ਦੀ ਵਧ ਰਹੀ ਸਮੱਸਿਆ ਵੱਲ ਅਦਾਲਤ ਦਾ ਧਿਆਨ ਦਿਵਾਉਣਾ ਹੈ। ਇਸ ਪਟੀਸ਼ਨ ਰਾਹੀਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਜੇਕਰ ਸਰਕਾਰ ਵਲੋਂ ਆਮ ਲੋਕਾਂ ਕੋਲੋਂ ‘ਗਊ ਸੈਸ’ ਲਿਆ ਜਾਂਦਾ ਹੈ ਤਾਂ ਫਿਰ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਠੋਸ ਹੱਲ ਕਿਉਂ ਨਹੀਂ ਕੀਤਾ ਜਾਂਦਾ। ਧਿਆਨ ਰਹੇ ਕਿ ਨੌਜਵਾਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੋਟਰ ਸਾਈਕਲ ਹਿਮਾਚਲ ਪ੍ਰਦੇਸ਼ ਦੇ ਕਸਬਾ ਬੱਦੀ ਨੇੜੇ ਪਸ਼ੂਆਂ ਨਾਲ ਟਕਰਾ ਗਿਆ ਸੀ। ਇਸ ਹਾਦਸੇ ਵਿਚ ਜਵੰਦਾ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਇਲਾਜ ਦੌਰਾਨ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਉਸਦੀ ਮੌਤ ਹੋ ਗਈ ਸੀ।

