ਸੰਸਦ ’ਚ ਗੂੰਜਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ
‘ਆਪ’ ਸਾਂਸਦ ਸਾਹਨੀ ਬੋਲੇ : ਕੈਦੀਆਂ ਦੀ ਸਜ਼ਾ ਮੁਆਫ਼ੀ ਅਤੇ ਰਿਹਾਈ ਲਈ ਬਣੇ ਰਾਸ਼ਟਰੀ ਨੀਤੀ
ਨਵੀਂ ਦਿੱਲੀ/ਬਿਊਰੋ ਨਿਊਜ਼ :
ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਨੇ ਬੰਦੀ ਸਿੰਘ ਦੀ ਰਿਹਾਈ ਅਤੇ ਸਜ਼ਾ ਮੁਆਫ਼ੀ ਦਾ ਮੁੱਦਾ ਸੰਸਦ ’ਚ ਉਠਾਇਆ। ਸਾਹਨੀ ਨੇ ਰਾਜ ਸਭਾ ’ਚ ਕਿਹਾ ਕਿ ਸਿੱਖ ਕੈਦੀਆਂ ਨੂੰ ਲੰਬਾ ਸਮਾਂ ਜੇਲ੍ਹ ’ਚ ਰੱਖਣ ’ਤੇ ਨਿਆਂ ਪ੍ਰਣਾਲੀ ਦੀ ਨਿਰਪੱਖਤਾ ’ਤੇ ਚਿੰਤਾ ਹੋ ਰਹੀ ਹੈ। ਉਨ੍ਹਾਂ ਰਾਜ ਸਭਾ ’ਚ ਕਿਹਾ ਕਿ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਬਿਲਕਿਸ ਬਾਨੋ ਮਾਮਲੇ ’ਚ 15 ਸਾਲ ਦੀ ਸਜ਼ਾ ਪੂਰੀ ਹੋਣ ’ਤੇ ਅਪਰਾਧੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਜਦਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹਤਿਆਰਿਆਂ ਨੂੰ 30 ਸਾਲ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਘਿਨੌਣੇ ਜੁਰਮ ਕਰਨ ਵਾਲਿਆਂ ਨੂੰ ਵੀ ਸਮੇਂ-ਸਮੇਂ ’ਤੇ ਪੈਰੋਲ ਦਿੱਤੀ ਜਾ ਰਹੀ ਹੈ। ਉਨ੍ਹਾਂ ਸਦਨ ’ਚ ਬੇਨਤੀ ਕਿ ਇਸ ਮਾਮਲੇ ਨੈਸ਼ਨਲ ਪੈਰਾਮੀਟਰ ਪਾਲਿਸੀ ਹੋਣੀ ਚਾਹੀਦੀ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਬਣਿਆ ਦੇਸ਼ ਹੈ ਜਿਸ ਦੇ ਚਲਦਿਆਂ ਰਾਜਾਂ ’ਚ ਅਲੱਗ-ਅਲੱਗ ਪਾਲਿਸੀ ਨਹੀਂ ਹੋ ਸਕਦੀ। ਸਾਹਨੀ ਨੇ ਕਿਹਾ ਕਿ 11 ਅਕਤੂਬਰ 2019 ਨੂੰ ਕੇਂਦਰ ਸਰਕਾਰ ਨੇ ਕੁੱਝ ਕੈਦੀਆਂ ਨੂੰ ਰਿਹਾਅ ਕਰਨ ਲਈ ਇਕ ਸਰਕੂਲਰ ਜਾਰੀ ਕੀਤੀ ਸੀ ਪ੍ਰੰਤੂ ਹੁਣ ਤੱਕ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਜਿਨ੍ਹਾਂ ਵਿਚੋਂ ਕਈਆਂ ਦੇ ਤਾਂ ਜੇਲ੍ਹਾਂ ਵਿਚ 30-32 ਸਾਲ ਗੁਜਰ ਗਏ ਹਨ। ਉਹ ਕਈ ਤਰ੍ਹਾਂ ਦੀਆਂ ਮਾਨਿਸਕ ਬਿਮਾਰੀਆਂ ਤੋਂ ਵੀ ਪੀੜਤ ਹਨ।