ਆਰੋਪੀ ਨੀਲਮ ਨੇ ਸਾਲ 2021 ’ਚ ਦਿੱਤਾ ਸੀ ਘਟਨਾ ਨੂੰ ਅੰਜ਼ਾਮ
ਲੁਧਿਆਣਾ/ਬਿਊਰੋ ਨਿਊਜ਼ : ਢਾਈ ਸਾਲਾ ਬੱਚੀ ਦਿਲਰੋਜ਼ ਨੂੰ ਜਿੰਦਾ ਦਫਨਾਉਣ ਵਾਲੀ ਨੀਲਮ ਨੂੰ ਅੱਜ ਲੁਧਿਆਣਾ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ। ਆਰੋਪੀ ਨੀਲਮ ਨੇ ਸਾਲ 2021 ’ਚ ਪਹਿਲਾਂ ਬੱਚੀ ਦਿਲਰੋਜ਼ ਨੂੰ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ’ਚੋਂ ਅਗਵਾ ਕੀਤਾ। ਇਸ ਤੋਂ ਬਾਅਦ ਉਹ ਬੱਚੀ ਨੂੰ ਸਕੂਟੀ ’ਤੇ ਸਲੇਮ ਟਾਬਰੀ ਇਲਾਕੇ ਵਿਚ ਲੈ ਗਈ, ਜਿੱਥੇ ਉਸ ਨੇ ਜਿੰਦਾ ਬੱਚੀ ਨੂੰ ਇਕ ਖੱਡੇ ਵਿਚ ਦੱਬ ਦਿੱਤਾ ਸੀ ਅਤੇ ਬੱਚੀ ਦੀ ਦਮ ਘੁਟਣ ਕਰਕੇ ਮੌਤ ਹੋ ਗਈ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਜਦੋਂ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਤਾਂ ਉਨ੍ਹਾਂ ’ਚ ਨੀਲਮ ਹੀ ਬੱਚੀ ਨੂੰ ਅਗਵਾ ਕਰਕੇ ਲਿਜਾਂਦੀ ਹੋਈ ਨਜ਼ਰ ਆਈ ਸੀ, ਜਿਸ ਤੋਂ ਬਾਅਦ ਨੀਲਮ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਦਿਲਰੋਜ਼ ਦੀ ਹੱਤਿਆ ਕਰਨ ਦੀ ਗੱਲ ਕਬੂਲ ਵੀ ਕਰ ਲਈ ਸੀ। ਨੀਲਮ ਦੇ ਇਸ ਖੁਲਾਸੇ ਤੋਂ ਬਾਅਦ ਪੁਲਿਸ ਅਤੇ ਪਰਿਵਾਰ ਨੇ ਬੱਚੀ ਨੂੰ ਖੱਡੇ ਵਿਚੋਂ ਬਰਾਮਦ ਕਰ ਲਿਆ ਸੀ। ਇਸੇ ਮਾਮਲੇ ’ਚ ਲੰਘੇ ਸ਼ੁੱਕਰਵਾਰ ਨੂੰ ਆਰੋਪੀ ਨੀਲਮ ਨੂੰ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ ਅਤੇ ਅੱਜ ਅਦਾਲਤ ਵੱਲੋਂ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਗਈ।