ਗਣਤੰਤਰ ਦਿਵਸ ਪਰੇਡ ਦੀ ਚੱਲ ਰਹੀ ਹੈ ਰਿਹਰਸਲ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਰਾਜਪਥ ’ਤੇ ਗਣਤੰਤਰ ਦਿਵਸ ਪਰੇਡ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਭਾਰਤੀ ਫੌਜ ਦੇ ਜਵਾਨ ਵੀ ਗਣਤੰਤਰ ਦਿਵਸ ਦੀ ਪਰੇਡ ਲਈ ਪੂਰੇ ਜੋਸ਼ ਨਾਲ ਜੁਟੇ ਹੋਏ ਹਨ। ਇਸੇ ਦੌਰਾਨ ਭਾਰਤੀ ਜਲ ਸੈਨਾ ਦੇ ਬੈਂਡ ਦੀ ਰਿਹਰਸਲ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਵਾਇਰਲ ਵੀਡੀਓ ’ਚ ਭਾਰਤੀ ਜਲ ਸੈਨਾ ਦੇ ਜਵਾਨ ਬਾਲੀਵੁੱਡ ਦੇ ਹਿੱਟ ਗੀਤ ‘ਮੋਨਿਕਾ…ਓ ਮਾਈ ਡਾਰਲਿੰਗ’ ਦੀ ਧੁਨ ’ਤੇ ਡਾਂਸ ਕਰ ਰਹੇ ਹਨ। ਇਸ ਵੀਡੀਓ ਦੀ ਜਿੱਥੇ ਇੱਕ ਪਾਸੇ ਤਾਰੀਫ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ, ਤਿ੍ਰਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਣੇ ਕਈ ਵਿਰੋਧੀ ਪਾਰਟੀਆਂ ਇਸ ਦੀ ਆਲੋਚਨਾ ਵੀ ਕਰ ਰਹੀਆਂ ਹਨ ਅਤੇ ਕਹਿ ਰਹੀਆਂ ਹਨ ਕਿ ਫੌਜ ’ਤੇ ਮੋਦੀ ਤੇ ਸ਼ਾਹ ਹਾਵੀ ਹੋ ਗਏ ਹਨ।
ਉਧਰ ਦੂਜੇ ਪਾਸੇ ਇਸ ਵਾਰ ਦਿੱਲੀ ਵਿਚ 26 ਜਨਵਰੀ ਨੂੰ ਹੋਣ ਵਾਲੀ ਪਰੇਡ ਵਿਚ ਉਨ੍ਹਾਂ ਵਿਅਕਤੀਆਂ ਨੂੰ ਦਾਖਲਾ ਮਿਲ ਸਕੇਗਾ, ਜਿਨ੍ਹਾਂ ਦੇ ਕਰੋਨਾ ਰੋਕੂ ਵਾਇਰਸ ਦੇ ਦੋਵੇਂ ਟੀਕੇ ਲੱਗੇ ਹੋਣਗੇ। ਦੱਲੀ ਪੁਲਿਸ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੇ ਦੋਵੇਂ ਖ਼ੁਰਾਕਾਂ ਲਈਆਂ ਹੋਣ ਅਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੋਵੇਂ ਖ਼ੁਰਾਕਾਂ ਲੈ ਚੁੱਕੇ ਵਿਅਕਤੀਆਂ ਲਈ ਪ੍ਰਮਾਣ ਪੱਤਰ ਵੀ ਲਿਆਉਣਾ ਲਾਜ਼ਮੀ ਕੀਤਾ ਗਿਆ ਹੈ। ਇਹ ਹਦਾਇਤਾਂ ਅੱਜ ਦਿੱਲੀ ਪੁਲਿਸ ਨੇ ਕਰੋਨਾ ਦੇ ਵਧਦੇ ਹੋਏ ਕੇਸਾਂ ਦੇ ਮੱਦੇਨਜ਼ਰ ਜਾਰੀ ਕੀਤੀਆਂ।