ਮੰਦਿਰ ਲਈ ਮਸਜਿਦ ਹਟਾਉਣ ਦਾ ਸੁਝਾਅ ਦੇਣ ਵਾਲੇ ਨਦਵੀ ਨੂੰ ਬੋਰਡ ਨੇ ਕੀਤਾ ਬਰਖਾਸਤ
ਅਯੁੱਧਿਆ ਵਿਵਾਦ ‘ਤੇ ਪੁਰਾਣਾ ਰਵੱਈਆ ਕਾਇਮ, ਕਿਹਾ ਅਨੰਤ ਕਾਲ ਤੱਕ ਬਾਬਰੀ ਮਸਜਿਦ ਹੀ ਰਹੇਗੀ
ਲਖਨਊ : ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਅਯੋਧਿਆ ‘ਚ ਰਾਮ ਮੰਦਿਰ ਨਿਰਮਾਣ ਦੇ ਲਈ ਮਸਜਿਦ ਹਟਾਉਣ ਦਾ ਸੁਝਾਅ ਦੇਣ ਵਾਲੇ ਮੌਲਾਨਾ ਸਈਅਦ ਸਲਮਾਨ ਹੁਸੈਨ ਨਦਵੀ ਨੂੰ ਬੋਰਡ ਤੋਂ ਹਟਾ ਦਿੱਤਾ ਹੈ। ਬੋਰਡ ਨੇ ਕਿਹਾ ਕਿ ਬਾਬਰੀ ਮਸਜਿਦ ਅਨੰਤ ਕਾਲ ਤੱਕ ਰਹੇਗੀ। ਇਸ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਨੂੰ ਫਿਰ ਤੋਂ ਬਣਾਉਣ ਦੀ ਕਾਨੂੰਨੀ ਲੜਾਈ ਜਾਰੀ ਰਹੇਗਾ। ਹੈਦਰਾਬਾਦ ‘ਚ 26ਵੇਂ ਪੂਰਨ ਸੰਮੇਲਨ ਤੋਂ ਬਾਅਦ ਬੋਰਡ ਦੇ ਮੈਂਬਰ ਕਾਸਿਮ ਰਸੂਲ ਇਲਿਆਸ ਨੇ ਨਦਵੀ ਨੂੰ ਕਾਰਜਕਾਰਨੀ ਤੋਂ ਬਰਖਾਸਤ ਕਰ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੋਰਡ ਬਾਬਰੀ ਮਸਜਿਦ ਮਾਮਲੇ ‘ਚ ਪੁਰਾਣੇ ਰੁਖ ‘ਤੇ ਕਾਇਮ ਹੈ ਕਿ ਮਸਜਿਦ ਨੂੰ ਨਾ ਸਿਫ਼ਟ ਕੀਤਾ ਜਾ ਸਕਦਾ ਹੈ ਅਤੇ ਨਾ ਜ਼ਮੀਨ ਨੂੰ ਗਿਫ਼ਟ ਜਾਂ ਵੇਚਿਆ ਜਾ ਸਕਦਾ ਹੈ। ਨਦਵੀ ਬੋਰਡ ਦੇ ਫੈਸਲੇ ਤੇ ਖਿਲਾਫ਼ ਬੋਲ ਰਹੇ ਹਨ। ਇਸ ਲਈ ਉਨ੍ਹਾਂ ‘ਤੇ ਅਨੁਸ਼ਾਸਨੀ ਕਾਰਵਾਈ ਦੇ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਸੀ। ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਨਦਵੀ ਨੇ ਸ੍ਰੀਸ੍ਰੀ ਰਵਿਸ਼ੰਕਰ ਦੇ ਨਾਲ ਕਿਹਾ ਕਿ ਸੀ ਕਿ ਅਯੋਧਿਆ ‘ਚ ਵਿਵਾਦਤ ਜਗ੍ਹਾ ਤੋਂ 200 ਕਿਲੋਮੀਟਰ ਦੂਰ ਵੀ ਮਸਜਿਦ ਬਣੇ ਤਾਂ ਦਿੱਕਤ ਨਹੀਂ ਹੈ। ਬੋਰਡ ਨੇ ਤਿੰਨ ਤਲਾਕ ‘ਤੇ ਕੇਂਦਰ ਸਰਕਾਰ ਦੇ ਬਿਲ ਨੂੰ ਸੰਵਿਧਾਨ ਅਤੇ ਸ਼ਰੀਅਤ ਦੇ ਖਿਲਾਫ ਦੱਸਿਆ। ਇਸ ਨਾਲ ਨਾਲ ਮੁਸਲਿਮ ਔਰਤਾਂ ਦੀਆਂ ਮੁਸ਼ਕਿਲਾਂ ਵਧ ਜਾਣਗੀਆਂ।
ਬੋਰਡ ਦੀ ਤਾਨਾਸ਼ਾਹੀ, ਇਸ ਨੂੰ ਤਤਕਾਲ ਭੰਗ ਕਰ ਦੇਣਾ ਚਾਹੀਦਾ ਹੈ : ਨਦਵੀ
ਸਲਮਾਨ ਨਦਵੀ ਨੇ ਮੁਅੱਤਲੀ ‘ਤੇ ਕਿਹਾ ਕਿ ਬੋਰਡ ‘ਚ ਕੁਝ ਲੋਕਾਂ ਦੀ ਤਾਨਾਸ਼ਾਹੀ ਚੱਲ ਰਹੀ ਹੈ। ਹੁਣ ਇਸ ਦਾ ਕੋਈ ਵੀ ਵਜੂਦ ਨਹੀਂ ਰਹਿ ਗਿਆ। ਇਸ ਦੀ ਜਗ੍ਹਾ ਸ਼ਰੀਅਤ ਐਪਲੀਕੇਸ਼ਨ ਬੋਰਡ ਬਣਨਾ ਚਾਹੀਦਾ ਹੈ। ਮੈਂ ਆਪਣੇ ਆਪ ਨੂੰ ਬੋਰਡ ਤੋਂ ਪਹਿਲਾਂ ਹੀ ਅਲੱਗ ਕਰ ਚੁੱਕਿਆ ਹਾਂ। ਬੋਰਡ ਦੀ ਮੀਟਿੰਗ ‘ਚ ਉਨ੍ਹਾਂ ਨੂੰ ਬੋਲਣ ਵੀ ਨਹੀਂ ਦਿੱਤਾ। ਬੋਰਡ ਦੇ ਮੈਂਬਰ ਕਮਾਲ ਫਾਰੂਕੀ ਅਤੇ ਕਾਮਿਸ ਰਸੂਲ ਇਲਿਆਸ ਨੇ ਖੂਬ ਹੰਗਾਮਾ ਕੀਤਾ। ਬੋਰਡ ਨੂੰ ਇਨ੍ਹਾਂ ਦੋਵਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ।
ਫੈਸਲਾ ਹੈਰਾਨ ਕਰਨ ਵਾਲਾ : ਸ੍ਰੀਸ੍ਰੀ ਦਾ ਟਵੀਟ
ਮੌਲਾਨਾ ਸਲਮਾਨ ਨਦਵੀ ਨੂੰ ਮੁਸਲਿਮ ਪਰਸਨਲ ਲਾਅ ਬੋਰਡ ਤੋਂ ਹਟਾਉਣ ਦਾ ਫੈਸਲਾ ਹੈਰਾਨ ਕਰਨ ਵਾਲਾ ਹੈ। ਬੋਰਡ ਦੇ ਕਈ ਮੈਂਬਰਾਂ ਨੇ ਮੇਰੇ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੇ ਸ਼ਾਂਤੀਪੂਰਨ ਹੱਲ ਦੇ ਲਈ ਅੱਗੇ ਵਧਾਉਣ ਲਈ ਕਿਹਾ ਸੀ।
ਸ੍ਰੀਸ੍ਰੀ ਰਵੀਸ਼ੰਕਰ ਅਧਿਆਤਮਿਕ ਗੁਰੂ
ਰਾਮ ਮੰਦਰ ਝਗੜੇ ਨੂੰ ‘ਅਦਾਲਤ ਤੋਂ ਬਾਹਰ’ ਹੱਲ ‘ਤੇ ਹੋਇਆ ਮੰਥਨ
ਇਕ ਪਾਸੇ ਜਿੱਥੇ ਸੁਪਰੀਮ ਕੋਰਟ ਵਿਚ ਅਯੁੱਧਿਆ ਮਾਮਲੇ ਦੀ ਸੁਣਵਾਈ ਹੋ ਰਹੀ ਹੈ, ਓਧਰ ਦੂਜੇ ਪਾਸੇ ਮਾਮਲੇ ਨੂੰ ਅਦਾਲਤ ਤੋਂ ਬਾਹਰ ਹੱਲ ਕਰਨ ‘ਤੇ ਮੰਥਨ ਜਾਰੀ ਹੈ। ਮੁਸਲਿਮ ਸਮਾਜ ਦੇ ਇਕ ਵਫਦ ਨੇ ਅਯੁੱਧਿਆ ਮਾਮਲੇ ਦੇ ਸਬੰਧ ਵਿਚ ਸ੍ਰੀਸ੍ਰੀ ਰਵੀਸ਼ੰਕਰ ਨਾਲ ਮੁਲਾਕਾਤ ਕੀਤੀ। ਬੈਂਗਲੁਰੂ ਵਿਚ ਹੋਈ ਮੁਲਾਕਾਤ ਵਿਚ ਮੁਸਲਿਮ ਸਮਾਜ ਦੇ 9 ਆਗੂਆਂ ਅਤੇ ਸ੍ਰੀਸ੍ਰੀ ਰਵੀਸ਼ੰਕਰ ਵਿਚਾਲੇ ਲਗਭਗ ਚਾਰ ਘੰਟੇ ਚਰਚਾ ਹੋਈ। ਬੈਠਕ ਦੇ ਮਗਰੋਂ ਮੁਸਲਿਮ ਸਮਾਜ ਦੇ ਵਫਦ ਵਿਚ ਗਏ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਆਗੂ ਸਲਮਾਨ ਨਦਵੀ ਨੇ ਦੱਸਿਆ ਕਿ ਰਾਮ ਮੰਦਰ ਅਤੇ ਬਾਬਰੀ ਮਸਜਿਦ ਮਸਲੇ ਨੂੰ ਹੱਲ ਕਰਨ ਲਈ ਅਸੀਂ ਸ੍ਰੀਸ੍ਰੀ ਰਵੀਸ਼ੰਕਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਪਿਆਰ ਅਤੇ ਸਨਮਾਨ ਨਾਲ ਹੱਲ ਕਰਨ ਦਾ ਰਸਤਾ ਲੱਭ ਰਹੇ ਹਾਂ, ਜਿਸਦਾ ਸੰਦੇਸ਼ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੇ। ਸਾਡੀ ਪਹਿਲਕਦਮੀ ਲੋਕਾਂ ਦੇ ਦਿਲ ਜੋੜਨ ਦੀ ਹੈ। ਸਲਮਾਨ ਨਦਵੀ ਨੇ ਕਿਹਾ ਕਿ ਅਦਾਲਤ ਦਾ ਜੋ ਵੀ ਫੈਸਲਾ ਹੋਵੇਗਾ, ਉਹ ਸੰਵਿਧਾਨ ਹੋਵੇਗਾ। ਇਹ ਫੈਸਲਾ ਲੋਕਾਂ ਦੇ ਦਿਲਾਂ ਦੇ ਗਿਲੇ ਸ਼ਿਕਵੇ ਨਹੀਂ ਮਿਟਾਏਗਾ। ਅਦਾਲਤ ਦਾ ਹੁਕਮ ਕਿਸੇ ਇਕ ਧਿਰ ਦੇ ਪੱਖ ਵਿਚ ਆਵੇਗਾ ਤਾਂ ਦੂਜੀ ਧਿਰ ਇਸ ਤੋਂ ਨਰਾਜ਼ ਹੋ ਜਾਵੇਗੀ। ਅਸੀਂ ਚਾਹੁੰਦੇ ਹਾਂ ਕਿ ਜਦੋਂ ਦੋਵੇਂ ਧਿਰਾਂ ਫੈਸਲੇ ਮਗਰੋਂ ਅਦਾਲਤ ਵਿਚੋਂ ਬਾਹਰ ਆਉਣ ਤਾਂ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਹੋਵੇ। ਓਧਰ ਰਵੀਸ਼ੰਕਰ ਦੇ ਬੁਲਾਰੇ ਰਾਕੇਸ਼ ਗੌਤਮ ਨੇ ਕਿਹਾ ਕਿ ਬੈਠਕ ਵਿਚ ਬੈਂਗਲੁਰੂ ਦੇ ਕੁਝ ਸੰਗਠਨ ਵੀ ਸ਼ਾਮਲ ਹੋਏ ਸਨ। ਕੁੱਲ 16 ਸੰਗਠਨਾਂ ਨੇ ਇਸ ਬੈਠਕ ਵਿਚ ਹਿੱਸਾ ਲਿਆ।
ਬੈਠਕ ਵਿਚ ਦੋ ਧੜਿਆਂ ਵਿਚ ਵੰਡੀਆਂ ਮੁਸਲਿਮ ਧਿਰਾਂ : ਬੈਠਕ ਵਿਚ ਮੁਸਲਿਮ ਧਿਰਾਂ ਦੋ ਧੜਿਆਂ ਵਿਚ ਵੰਡੀਆਂ ਗਈਆਂ। ਇਕ ਪਾਸੇ ਜਿੱਥੇ ਸਲਮਾਨ ਨਦਵੀ ਨੇ ਵਾਅਦਾ ਕੀਤਾ ਕਿ ਮੰਦਰ ਉਥੇ ਬਣ ਜਾਵੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਮਸਜਿਦ ਹੋਰ ਕਿਤੇ ਬਣ ਜਾਵੇਗੀ। ਇਸ ‘ਤੇ ਵਕਫ ਬੋਰਡ ਸਮੇਤ ਕਈ ਸੰਗਠਨ ਗੁੱਸੇ ਵਿਚ ਆ ਗਏ।
ਧਿਰ ਹਾਜ਼ੀ ਮਹਿਬੂਬ ਨੇ ਕਿਹਾ, ਮੁਸਲਮਾਨ ਕਰਨਗੇ ਤਿਆਗ
ਰਾਮ ਮੰਦਰ ਮਾਮਲੇ ਵਿਚ ਮੁਸਲਿਮ ਧਿਰ ਹਾਜ਼ੀ ਮਹਿਬੂਬ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਲਈ ਮੁਸਲਮਾਨ ਤਿਆਗ ਕਰਨਗੇ। ਸੁੰਨੀ ਵਕਫ ਬੋਰਡ ਦੇ ਹਾਜ਼ੀ ਮਹਿਬੂਬ ਨੇ ਕਿਹਾ ਕਿ ਮਾਰਚ ਮਹੀਨੇ ਵਿਚ ਉਲੇਮਾ ਬੈਠਕ ਕਰਨਗੇ ਅਤੇ ਵਿਵਾਦ ‘ਤੇ ਚਰਚਾ ਕੀਤੀ ਜਾਵੇਗੀ।
Check Also
ਹਰਮਨਪ੍ਰੀਤ ਸਿੰਘ, ਮਨੂ ਤੇ ਗੁਕੇਸ਼ ਸਣੇ ਚਾਰ ਨੂੰ ਖੇਡ ਰਤਨ ਪੁਰਸਕਾਰ
ਜਰਮਨਜੀਤ ਸਿੰਘ ਅਤੇ ਸੁਖਜੀਤ ਸਿੰਘ ਨੂੰ ਮਿਲਿਆ ਅਰਜੁਨ ਪੁਰਸਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਰਾਸ਼ਟਰਪਤੀ …