Breaking News
Home / ਭਾਰਤ / ਨੋਟਬੰਦੀ ਦੇ 15 ਮਹੀਨਿਆਂ ਬਾਅਦ ਵੀ ਜਾਰੀ ਹੈ ਪੁਰਾਣੇ ਨੋਟਾਂ ਦੀ ਗਿਣਤੀ

ਨੋਟਬੰਦੀ ਦੇ 15 ਮਹੀਨਿਆਂ ਬਾਅਦ ਵੀ ਜਾਰੀ ਹੈ ਪੁਰਾਣੇ ਨੋਟਾਂ ਦੀ ਗਿਣਤੀ

ਨੋਟਾਂ ਦੀ ਜਾਂਚ ਅਤੇ ਪਛਾਣ ਲਈ ਲੱਗੀਆਂ ਹਨ 59 ਮਸ਼ੀਨਾਂ
ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦੇ 15 ਮਹੀਨਿਆਂ ਬਾਅਦ ਵੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਮੋੜੇ ਗਏ ਨੋਟਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਅਸਲੀ-ਨਕਲੀ ਹੋਣ ਦੀ ਪਛਾਣ ਕਰਨ ਵਿਚ ਲੱਗਿਆ ਹੋਇਆ ਹੈ। ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਉਹ ਤੇਜ਼ੀ ਨਾਲ ਇਸ ਕੰਮ ਦੇ ਨਿਪਟਾਰੇ ਵਿਚ ਜੁਟਿਆ ਹੋਇਆ ਹੈ। ਸੂਚਨਾ ਅਧਿਕਾਰ ਐਕਟ ਤਹਿਤ ਪਾਈ ਗਈ ਅਰਜ਼ੀ ਦੇ ਜਵਾਬ ਵਿਚ ਆਰਬੀਆਈ ਨੇ ਕਿਹਾ ਕਿ ਨੋਟਾਂ ਦੀ ਗਿਣਤੀ-ਮਿਣਤੀ ਅਤੇ ਉਨ੍ਹਾਂ ਦੇ ਅਸਲੀ ਹੋਣ ਬਾਰੇ ਜਾਂਚ ਦਾ ਅਮਲ ਚਲ ਰਿਹਾ ਹੈ। ਇਹ ਅਮਲ ਮੁੱਕਣ ਬਾਅਦ ਸੂਚਨਾ ਸਾਂਝੀ ਕੀਤੀ ਜਾਵੇਗੀ। ਬੰਦ ਕੀਤੇ ਗਏ ਨੋਟਾਂ ਦੀ ਗਿਣਤੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਰਿਜ਼ਰਵ ਬੈਂਕ ਨੇ ਦੱਸਿਆ ਕਿ ਮਿਲੇ ਪੁਰਾਣੇ ਨੋਟਾਂ ਦੀ ਅੰਦਾਜ਼ਨ ਕੀਮਤ 30 ਜੂਨ 2017 ਤੱਕ 15.28 ਲੱਖ ਕਰੋੜ ਰੁਪਏ ਰਹੀ। ਉਨ੍ਹਾਂ ਕਿਹਾ ਕਿ ਗਿਣਤੀ ਅਤੇ ਅਸਲੀ-ਨਕਲੀ ਦੀ ਪਛਾਣ ਮਗਰੋਂ ਇਸ ਅੰਕੜੇ ਵਿਚ ਤਬਦੀਲੀ ਦੀ ਪੂਰੀ ਸੰਭਾਵਨਾ ਹੈ। ਕੰਮ ਮੁਕੰਮਲ ਹੋਣ ਦੀ ਸਮਾਂ ਹੱਦ ਪੁੱਛੇ ਜਾਣ ਬਾਰੇ ਬੈਂਕ ਨੇ ਕਿਹਾ ਕਿ ਉਹ ਬਹੁਤ ਤੇਜ਼ੀ ਨਾਲ ਇਸ ਕੰਮ ਨੂੰ ਅੰਜਾਮ ਦੇ ਰਿਹਾ ਹੈ। ਜਾਂਚ ਅਤੇ ਉਨ੍ਹਾਂ ਦੀ ਪਛਾਣ ਲਈ 59 ਮਸ਼ੀਨਾਂ ਲਾਈਆਂ ਗਈਆਂ ਹਨ। ਉਂਜ ਮਸ਼ੀਨਾਂ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੇ ਸਥਾਨ ਬਾਰੇ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ।
ਨੋਟਬੰਦੀ ਆਰਬੀਆਈ ਜਾਂ ਜੇਤਲੀ ਦਾ ਨਹੀਂ, ਆਰ ਐਸ ਐਸ ਦਾ ਫੈਸਲਾ : ਰਾਹੁਲ ਗਾਂਧੀ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਦੇ ਕਲਬੁਰਗੀ ਵਿਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਆਰ ਬੀ ਆਈ, ਅਰੁਣ ਜੇਤਲੀ ਜਾਂ ਵਿੱਤ ਮੰਤਰਾਲਾ ਦਾ ਨਹੀਂ, ਇਹ ਤਾਂ ਆਰ ਐਸ ਐਸ ਦਾ ਫੈਸਲਾ ਸੀ। ਆਰ ਐਸ ਐਸ ਨੇ ਇਸ ਨੂੰ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦਬਾਅ ਪਾਇਆ ਸੀ। ਚੇਤੇ ਰਹੇ ਕਿ ਕਰਨਾਟਕ ਵਿਚ ਇਸੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰਾਹੁਲ ਨੇ ਜੀਐਸਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ 2019 ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਜੀਐਸਟੀ ਦੇ ਨਿਯਮਾਂ ਵਿਚ ਬਦਲਾਅ ਕੀਤਾ ਜਾਵੇਗਾ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ। ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਿਨਾ ਤਿਆਰੀ ਤੋਂ ਜੀਐਸਟੀ ਲਾਗੂ ਕਰਕੇ 130 ਕਰੋੜ ਲੋਕਾਂ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …