-9.2 C
Toronto
Saturday, December 27, 2025
spot_img
Homeਭਾਰਤਉੱਤਰਾਖੰਡ ਵਿਚ 'ਆਪ' ਦੀ ਸਰਕਾਰ ਬਣੀ ਤਾਂ ਸੂਬੇ ਦੇ ਹਰ ਨੌਜਵਾਨ ਨੂੰ...

ਉੱਤਰਾਖੰਡ ਵਿਚ ‘ਆਪ’ ਦੀ ਸਰਕਾਰ ਬਣੀ ਤਾਂ ਸੂਬੇ ਦੇ ਹਰ ਨੌਜਵਾਨ ਨੂੰ ਦਿਆਂਗੇ ਨੌਕਰੀ : ਕੇਜਰੀਵਾਲ

ਦਿੱਲੀ ਦੀ ਤਰਜ਼ ‘ਤੇ ਸਹੂਲਤਾਂ ਦੇਣ ਦਾ ਕੀਤਾ ਵਾਅਦਾ
ਦੇਹਰਾਦੂਨ/ਬਿਊਰੋ ਨਿਊਜ਼ : ‘ਆਪ’ ਆਗੂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉੱਤਰਾਖੰਡ ਤੋਂ ਪਰਵਾਸ ਰੋਕਣ ਲਈ ਉਚੇਚੇ ਕਦਮ ਚੁੱਕੇ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਜੇ ਉਨ੍ਹਾਂ ਦੀ ਪਾਰਟੀ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਸੂਬੇ ਦੇ ਲੋਕਾਂ ਨੂੰ ਬੇਰੁਜ਼ਗਾਰੀ ਭੱਤਾ ਅਤੇ 80 ਫ਼ੀਸਦੀ ਨੌਕਰੀਆਂ ਦਾ ਕੋਟਾ ਦਿੱਤਾ ਜਾਵੇਗਾ। ਕੇਜਰੀਵਾਲ ਨੇ ਛੇ ਵਾਅਦੇ ਕਰਦਿਆਂ ਕਿਹਾ ਕਿ ਜੇਕਰ ਵੋਟਾਂ ਪਾ ਕੇ ‘ਆਪ’ ਨੂੰ ਸੱਤਾ ਵਿੱਚ ਲਿਆਂਦਾ ਗਿਆ ਤਾਂ ਉੱਤਰਾਖੰਡ ਦੇ ਹਰੇਕ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਯਕੀਨ ਦਿਵਾਇਆ ਕਿ ਜਦੋਂ ਤੱਕ ਨੌਕਰੀ ਨਹੀਂ ਮਿਲ ਜਾਂਦੀ, ਉਦੋਂ ਤੱਕ ਹਰੇਕ ਪਰਿਵਾਰ ਦੇ ਇਕ ਜੀਅ ਨੂੰ ਮਹੀਨਾਵਾਰ ਪੰਜ ਹਜ਼ਾਰ ਮਾਣਭੱਤਾ ਅਦਾ ਕੀਤਾ ਜਾਵੇਗਾ।
ਉਨ੍ਹਾਂ ਸੂਬਾ ਵਾਸੀਆਂ ਨੂੰ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਵਿੱਚ 80 ਫ਼ੀਸਦੀ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ। ਸੱਤਾ ਵਿੱਚ ਆਉਣ ਤੋਂ ਬਾਅਦ ਛੇ ਮਹੀਨਿਆਂ ਦੇ ਅੰਦਰ ਇਕ ਲੱਖ ਰੁਜ਼ਗਾਰ ਦੇ ਮੌਕੇ ਸਿਰਜੇ ਜਾਣਗੇ। ਹਲਦਵਾਨੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਬੇਰੁਜ਼ਗਾਰੀ ਤੇ ਪਰਵਾਸ ਦੇ ਮਸਲਿਆਂ ਨਾਲ ਸਿੱਝਣ ਲਈ ਵੱਖਰਾ ਮੰਤਰਾਲਾ ਬਣਾਇਆ ਜਾਵੇਗਾ। ਉਨ੍ਹਾਂ ਆਰੋਪ ਲਾਇਆ ਕਿ ਉੱਤਰਾਖੰਡ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੇ ਸਿਰਫ਼ ਸੂਬੇ ਨੂੰ ਲੁੱਟਣ ਦਾ ਕੰਮ ਕੀਤਾ ਹੈ। ਜਨਤਾ ਲਈ ਕੁਝ ਨਹੀਂ ਕੀਤਾ। ਜੇ ਸੱਤਾ ਵਿੱਚ ਆਏ ਤਾਂ ‘ਆਪ’ ਨੌਕਰੀਆਂ ਸਿਰਜਣ ਲਈ ਵੱਡੇ ਪੱਧਰ ‘ਤੇ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਲੀ ਵਾਸੀਆਂ ਲਈ ਜੋ ਵੀ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ 73 ਫ਼ੀਸਦ ਲੋਕਾਂ ਨੂੰ ਮੁਫ਼ਤ ਬਿਜਲੀ ਸਪਲਾਈ ਮਿਲ ਰਹੀ ਹੈ। ਵਿਕਾਸ ਦਾ ਦਿੱਲੀ ਮਾਡਲ ਉਤਰਾਖੰਡ ਵਿੱਚ ਅਪਣਾਇਆ ਜਾਵੇਗਾ।

 

RELATED ARTICLES
POPULAR POSTS