ਸਾਰੇ 41 ਮਜ਼ਦੂਰ ਪੂਰੀ ਤਰ੍ਹਾਂ ਸਿਹਤਯਾਬ
ਉਤਰਕਾਸ਼ੀ/ਬਿਊਰੋ ਨਿਊਜ਼
ਉਤਰਕਾਸ਼ੀ ਦੀ ਸਿਲਕਿਆਰਾ ਸੁਰੰਗ ’ਚ ਘਿਰੇ ਸਾਰੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਇਸ ਤੋਂ ਬਾਅਦ ਬੁੱਧਵਾਰ ਦੀ ਰਾਤ ਨੂੰ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੇਹਰਾਦੂਨ ਵਿਚ ਆਪਣੀ ਰਿਹਾਇਸ਼ ’ਤੇ ਇਨ੍ਹਾਂ ਸਾਰੇ 41 ਮਜ਼ਦੂਰਾਂ ਨਾਲ ਈਗਾਸ ਪੁਰਬ ਮਨਾਇਆ। ਇਸ ਮੌਕੇ ਇਨ੍ਹਾਂ ਮਜ਼ਦੂਰਾਂ ਦੇ ਕੁਝ ਰਿਸ਼ਤੇਦਾਰ ਵੀ ਸ਼ਾਮਲ ਹੋਏ। ਧਿਆਨ ਰਹੇ ਕਿ ਉਤਰਾਖੰਡ ਵਿਚ ਦਿਵਾਲੀ ਤੋਂ ਬਾਅਦ ਈਗਾਸ ਪੁਰਬ ਮਨਾਇਆ ਜਾਂਦਾ ਹੈ। ਇਹ ਵੀ ਦੱਸਿਆ ਗਿਆ ਸੁਰੰਗ ਵਿਚੋਂ ਸੁਰੱਖਿਅਤ ਬਾਹਰ ਕੱਢੇ ਗਏ ਸਾਰੇ 41 ਮਜ਼ਦੂਰ ਪੂਰੀ ਤਰ੍ਹਾਂ ਸਿਹਤਯਾਬ ਹਨ ਅਤੇ ਫਿਰ ਵੀ ਉਨ੍ਹਾਂ ਨੂੰ ਥੋੜ੍ਹਾ ਸਮਾਂ ਸਿਹਤ ਮਾਹਿਰਾਂ ਦੀ ਨਿਗਰਾਨੀ ਵਿਚ ਰੱਖਿਆ ਜਾਵੇਗਾ। ਏਮਜ਼ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਇਨ੍ਹਾਂ ਸਾਰੇ ਮਜ਼ਦੂਰਾਂ ਦਾ ਈ.ਸੀ.ਜੀ. ਕਰਵਾਇਆ ਗਿਆ ਹੈ ਅਤੇ ਇਹ ਸਾਰੇ ਸਿਹਤਮੰਦ ਹਨ। ਇਨ੍ਰਾਂ ਮਜ਼ਦੂਰਾਂ ਦਾ ਬਲੱਡ ਪ੍ਰੈਸ਼ਰ ਅਤੇ ਆਕਸੀਜਨ ਲੈਵਲ ਵੀ ਪੂਰੀ ਤਰ੍ਹਾਂ ਨਾਲ ਸਹੀ ਹੈ। ਦੱਸਣਯੋਗ ਹੈ ਕਿ ਦਿਵਾਲੀ ਵਾਲੇ ਦਿਨ ਉਤਰਕਾਸ਼ੀ ਵਿਚ 41 ਮਜ਼ਦੂਰ ਇਕ ਸੁਰੰਗ ਵਿਚ ਕੈਦ ਹੋ ਗਏ ਸਨ। ਇਹ ਮਜ਼ਦੂਰ ਚਾਰ ਧਾਮ ਦੇ ਲਈ ਨਵਾਂ ਰਸਤਾ ਬਣਾ ਰਹੇ ਸਨ। ਉਸ ਸਮੇਂ ਉਤਰਕਾਸ਼ੀ ਦੀ ਸਿਲਕਿਆਰਾ-ਡੰਡਾਲਗਾਂਵ ਸੁਰੰਗ ਦਾ ਇਕ ਹਿੱਸਾ ਅਚਾਨਕ ਢਹਿ ਗਿਆ ਸੀ ਅਤੇ ਇਹ ਸਾਰੇ 41 ਮਜ਼ਦੂਰ ਬਾਹਰੀ ਦੁਨੀਆ ਤੋਂ ਵੱਖ ਹੋ ਗਏ ਸਨ। ਰੈਸਕਿਊ ਏਜੰਸੀਆਂ ਨੇ 17 ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ ਇਨ੍ਹਾਂ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ।