ਭਾਰੀ ਬਾਰਿਸ਼ ਦਾ ਅਨੁਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰਾਖੰਡ ਦੀ ਚਾਰ ਧਾਮ ਯਾਤਰਾ ‘ਤੇ ਮੌਸਮ ਫਿਰ ਆਪਣਾ ਕਹਿਰ ਢਾਹ ਰਿਹਾ ਹੈ। ਲੰਘੇ ਸ਼ਨੀਵਾਰ ਨੂੰ ਉਤਰਾਖੰਡ ਵਿਚ ਤਿੰਨ ਸਥਾਨਾਂ ‘ਤੇ ਬੱਦਲ ਫਟਣ ਨਾਲ ਤੀਰਥ ਯਾਤਰਾ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਇਸ ਬਾਰਿਸ਼ ਨਾਲ ਯਾਤਰਾ ‘ਤੇ ਅਸਰ ਪੈ ਸਕਦਾ ਹੈ ਅਤੇ ਇਸ ਨੂੰ ਰੋਕਿਆ ਜਾ ਸਕਦਾ ਹੈ। ਉਤਰਾਖੰਡ ਵਿਚ ਅਗਲੇ 36 ਘੰਟਿਆਂ ਤੱਕ ਭਾਰੀ ਬਾਰਿਸ਼ ਦਾ ਅੰਦਾਜ਼ਾ ਲਗਾਇਆ ਗਿਆ ਹੈ। ਨੈਨੀਤਾਲ, ਅਲਮੋੜਾ ਅਤੇ ਦੇਹਰਾਦੂਨ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਨਾਲ ਹੀ ਬਦਰੀਨਾਥ ਅਤੇ ਕੇਦਾਰਨਾਥ ਵਿਚ ਵੀ ਬਾਰਿਸ਼ ਦਾ ਅਨੁਮਾਨ ਹੈ। ਕੇਦਾਰਨਾਥ ਵਿਚ ਚਾਰ ਧਾਮ ਦੀ ਯਾਤਰਾ ‘ਤੇ ਗਏ ਸ਼ਰਧਾਲੂਆਂ ਨੂੰ ਸੇਫ ਜੋਨ ਵਿਚ ਠਹਿਰਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਉਤਰਾਖੰਡ ਦੇ ਟੀਹਰੀ ਅਤੇ ਉਤਰਕਾਸ਼ੀ ਜ਼ਿਲ੍ਹਿਆਂ ਵਿਚ ਬੱਦਲ ਫਟਣ ਨਾਲ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਭਾਰੀ ਬਾਰਿਸ਼ ਦੇ ਕਾਰਨ ਟੀਹਰੀ ਜ਼ਿਲ੍ਹੇ ਵਿਚ ਘਨਸਾਲੀ ਖੇਤਰ ਵਿਚ ਇਕ ਤੋਂ ਬਾਅਦ ਇਕ ਬੱਦਲ ਫਟੇ। ਬਲਗਾਨਾ ਘਾਟੀ ਵਿਚ ਅੱਧੀ ਦਰਜਨ ਤੋਂ ਜ਼ਿਆਦਾ ਪਿੰਡਾਂ ਵਿਚ ਸੈਂਕੜੇ ਘਰ ਪ੍ਰਭਾਵਿਤ ਹੋ ਗਏ ਹਨ। ਤੇਜ਼ ਬਾਰਿਸ਼ ਨਾਲ ਕਈ ਜਗ੍ਹਾ ਸੜਕਾਂ ਰੁੜ ਗਈਆਂ ਹਨ, ਜਿਸ ਕਾਰਨ ਤੀਰਥ ਯਾਤਰੀ ਘੰਟਿਆਂ ਬੱਧੀ ਰਸਤੇ ਵਿਚ ਫਸੇ ਰਹੇ।

