‘ਆਪ’ ਨੂੰ 134, ਭਾਜਪਾ ਨੂੰ 104, ਕਾਂਗਰਸ ਨੂੰ 09 ਅਤੇ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ 3 ਸੀਟਾਂ
ਕੇਜਰੀਵਾਲ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਦੇ ਸਹਿਯੋਗ ਨਾਲ ਕਰਾਂਗੇ ਕੰਮ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲ ਗਿਆ ਹੈ। ਦਿੱਲੀ ਨਗਰ ਨਿਗਮ ਦੀਆਂ ਕੁੱਲ 250 ਸੀਟਾਂ ’ਤੇ ਵੋਟਿੰਗ ਹੋਈ ਸੀ ਅਤੇ ਸਪੱਸ਼ਟ ਬਹੁਮਤ ਲਈ 126 ਸੀਟਾਂ ਦੀ ਜ਼ਰੂਰਤ ਸੀ। ਇਸਦੇ ਚੱਲਦਿਆਂ ਆਮ ਆਦਮੀ ਪਾਰਟੀ ਨੇ 134 ਸੀਟਾਂ ’ਤੇ ਜਿੱਤ ਹਾਸਲ ਕਰਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ। ਭਾਜਪਾ ਨੂੰ 104, ਕਾਂਗਰਸ ਨੂੰ 09 ਅਤੇ ਅਜ਼ਾਦ ਉਮੀਦਵਾਰਾਂ ਨੂੰ 3 ਸੀਟਾਂ ਮਿਲੀਆਂ ਹਨ। ਧਿਆਨ ਰਹੇ ਕਿ ਦਿੱਲੀ ਨਗਰ ਨਿਗਮ ’ਤੇ ਪਿਛਲੇ 15 ਸਾਲਾਂ ਤੋਂ ਭਾਜਪਾ ਦਾ ਕਬਜ਼ਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਲ ਨੇ ਦਿੱਲੀ ਨਗਰ ਨਿਗਮ ਚੋਣਾਂ ਵਿਚ ‘ਆਪ’ ਦੀ ਜਿੱਤ ਤੋਂ ਬਾਅਦ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਿਯੋਗ ਨਾਲ ਕੰਮ ਕਰਾਂਗੇ। ਸਭ ਤੋਂ ਅਹਿਮ ਗੱਲ ਇਹ ਹੈ ਕਿ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ’ਚ ਮੰਤਰੀ ਸਤੇਂਦਰ ਜੈਨ, ਜਿਹੜਾ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਵਿਚ ਹੈ, ਉਸਦੇ ਵਿਧਾਨ ਸਭਾ ਹਲਕੇ ਦੀਆਂ ਤਿੰਨਾਂ ਸੀਟਾਂ ’ਤੇ ਭਾਜਪਾ ਨੇ ਜਿੱਤ ਦਰਜ ਕੀਤੀ ਹੈ। ‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਦਿੱਲੀ ਦੇ ਆਏ ਚੋਣ ਨਤੀਜਿਆਂ ਬਾਰੇ ਬੋਲਦਿਆਂ ਕਿਹਾ ਕਿ ਬੀ.ਜੇ.ਪੀ. ਨੂੰ ਦਿੱਲੀ ਦੇ ਲੋਕਾਂ ਵਲੋਂ ਢੁੱਕਵਾਂ ਜਵਾਬ ਮਿਲਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਉਸ ਨੂੰ ਵੋਟ ਦਿੱਤੀ ਹੈ ਜੋ ਵਿਕਾਸ ਲਈ ਕੰਮ ਕਰਦਾ ਹੈ। ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਨੇ ਅਰਵਿੰਦ ਕੇਜਰੀਵਾਲ ’ਤੇ ਜੋ ‘ਚਿੱਕੜ’ ਸੁੱਟਣ ਦੀ ਕੋਸ਼ਿਸ਼ ਕੀਤੀ ਸੀ, ਉਸ ਦਾ ਅੱਜ ਦਿੱਲੀ ਨੇ ਸਫਾਇਆ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਸ਼ਹਿਰ ਵਿਚ ਬਦਲ ਦੇਵਾਂਗੇ।