ਕਿਹਾ : ਗੁਜਰਾਤ ਚੋਣਾਂ ਦੇ ਨਤੀਜੇ ਵੀ ਸਭ ਨੂੰ ਕਰ ਦੇਣਗੇ ਹੈਰਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਲਕੇ ਆਉਣ ਵਾਲੇ ਗੁਜਰਾਤ ਚੋਣਾਂ ਦੇ ਨਤੀਜੇ ਵੀ ਸਭ ਨੂੰ ਹੈਰਾਨ ਕਰ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਗੁਜਰਾਤ ਵਿਚ ਆਮ ਆਦਮੀ ਪਾਰਟੀ ਦੀ ਹਾਰ ਦੀ ਭਵਿੱਖਬਾਣੀ ਕਰਨ ਵਾਲੇ ਐਗਜਟਿ ਪੋਲ ਵੀ ਭਲਕੇ ਗਲਤ ਸਾਬਤ ਹੋਣਗੇ ਅਤੇ ਗੁਜਰਾਤ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋਣਗੇ। ਐਗਜਿਟ ਪੋਲ ਅਨੁਸਾਰ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਹਾਰ ਹੋਣੀ ਤੈਅ ਹੈ, ਜਿਸ ਦੇ ਨਤੀਜੇ ਭਲਕੇ ਐਲਾਨੇ ਜਾਣਗੇ। ਨਵੀਂ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਰੁਝਾਨ ਹੁਣ ਨਤੀਜਿਆਂ ਵਿੱਚ ਤਬਦੀਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕੇਜਰੀਵਾਲ ਨੇ ਦਿੱਲੀ ’ਚ ਕਾਂਗਰਸ ਪਾਰਟੀ ਦੇ 15 ਸਾਲਾਂ ਦੇ ਸ਼ਾਸਨ ਨੂੰ ਉਖਾੜਿਆ ਸੀ ਅਤੇ ਹੁਣ ਨਗਰ ਨਿਗਮ ’ਤੇ ਪਿਛਲੇ 15 ਸਾਲਾਂ ਤੋਂ ਕਾਬਜ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਨੂੰ ਵੀ ਉਖਾੜ ਸੁੱਟਿਆ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਮੈਂ ਕੱਲ੍ਹ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮੌਕੇ ਵੀ ਤੁਹਾਡੇ ਨਾਲ ਹੋਵਾਂਗਾ। ਚੋਣ ਨਤੀਜੇ ਹੈਰਾਨੀਜਨਕ ਹੋਣਗੇ ਅਤੇ ਐਗਜਿਟ ਪੋਲ ਗਲਤ ਸਾਬਤ ਹੋਣਗੇ।