ਅੰਮ੍ਰਿਤਸਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਅਜੀਤ ਵਿਲਾ (ਨਿੱਝਰਪੁਰਾ) ਅੰਮ੍ਰਿਤਸਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਉਘੇ ਪਰਵਾਸੀ ਸਮਾਜ ਸੇਵਕ ਰਾਜਿੰਦਰ ਸਿੰਘ ਨਿੱਝਰ, ਪ੍ਰਭਜੋਤ ਕੌਰ, ਅਕਾਸ਼ਦੀਪ ਨਿੱਝਰ ਅਤੇ ਨਵਦੀਪ ਸਿੰਘ ਨਿੱਝਰ ਪਰਿਵਾਰ ਸਮੇਤ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਕੈਨੇਡਾ ਤੋਂ ਇੱਥੇ ਪਹੁੰਚੇ। ਬਾਬਾ ਪਰਮਾਨੰਦ ਜੀ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਹੁੰਦਲ ਜੀ, ਜੰਡਿਆਲਾ ਗੁਰੂ ਦੀ ਰਹਿਨੁਮਾਈ ਹੇਠ ਇਸ ਸਮਾਗਮ ਵਿਚ ਬਾਬਾ ਰਘਬੀਰ ਸਿੰਘ ਜਥੇਦਾਰ ਆਨੰਦਪੁਰ ਸਾਹਿਬ ਅਤੇ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਹਾਜ਼ਰੀਆਂ ਭਰੀਆਂ।ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਸਮੇਤ ਸ਼ਹਿਰ ਦੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ, ਰਾਜਨੀਤਿਕ ਆਗੂਆਂ ਅਤੇ ਹੋਰ ਸਖਸ਼ੀਅਤਾਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਕੈਨੇਡਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਰਾਜਿੰਦਰ ਨਿੱਝਰ ਨੇ ਕਿਹਾ ਕਿ ਇਲਾਕੇ ਦੀ ਸੇਵਾ ਦੇ ਨਾਲ-ਨਾਲ ਹੋਲੇ-ਮਹੱਲੇ ਮੌਕੇ ਵਿਸ਼ੇਸ਼ ਤੌਰ ‘ਤੇ ਦਵਾਈਆਂ ਦੇ ਲੰਗਰ ਲਗਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।