Breaking News
Home / ਪੰਜਾਬ / ਖੇਡ ਮੰਤਰੀ ਪਰਗਟ ਸਿੰਘ ਵੱਲੋਂ ਭਾਰਤ ਦੇ ਪਹਿਲੇ ਅਰਜੁਨ ਐਵਾਰਡੀ ਉਲੰਪੀਅਨ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ‘ਉੱਡਣਾ ਬਾਜ਼’ ਰਿਲੀਜ਼

ਖੇਡ ਮੰਤਰੀ ਪਰਗਟ ਸਿੰਘ ਵੱਲੋਂ ਭਾਰਤ ਦੇ ਪਹਿਲੇ ਅਰਜੁਨ ਐਵਾਰਡੀ ਉਲੰਪੀਅਨ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ‘ਉੱਡਣਾ ਬਾਜ਼’ ਰਿਲੀਜ਼

ਰਬਚਨ ਸਿੰਘ ਰੰਧਾਵਾ ਦਾ ਖੇਡ ਜੀਵਨ ਰਹਿੰਦੀ ਦੁਨੀਆਂ ਤੱਕ ਖਿਡਾਰੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ : ਪਰਗਟ ਸਿੰਘ
ਭਾਰਤੀ ਅਥਲੀਟਾਂ ਨੇ ਵੱਡੀਆਂ ਚੁਣੌਤੀਆਂ ਸਰ ਕਰਨ ਦੀ ਪ੍ਰੇਰਨਾ ਗੁਰਬਚਨ ਰੰਧਾਵਾ ਤੋਂ ਹੀ ਲਈ : ਰਾਜਦੀਪ ਸਿੰਘ ਗਿੱਲ
‘ਉੱਡਣਾ ਬਾਜ਼’ ਭਾਰਤ ਦੇ ਖੇਡ ਇਤਿਹਾਸ ਦਾ ਮਾਣਮੱਤਾ ਦਸਤਾਵੇਜ਼ : ਗੁਰਭਜਨ ਸਿੰਘ ਗਿੱਲ
ਚੰਡੀਗੜ੍ਹ : ਅਥਲੈਟਿਕਸ ਵਿੱਚ ਭਾਰਤ ਦਾ ਨਾਮ ਕੌਮਾਂਤਰੀ ਪੱਧਰ ਉਤੇ ਰੌਸ਼ਨ ਕਰਨ ਵਾਲੇ ਉਲੰਪੀਅਨ ਗੁਰਬਚਨ ਸਿੰਘ ਰੰਧਾਵਾ ਦਾ ਖੇਡ ਜੀਵਨ ਭਾਰਤੀ ਖਿਡਾਰੀਆਂ ਲਈ ਚਾਨਣ ਮੁਨਾਰੇ ਵਾਂਗ ਹਨ। ਦੇਸ਼ ਦੇ ਪਹਿਲੇ ਅਰਜੁਨਾ ਐਵਾਰਡੀ ਅਥਲੀਟ ਰੰਧਾਵਾ ਦੀਆਂ ਪ੍ਰਾਪਤੀਆਂ ਰਹਿੰਦੀ ਦੁਨੀਆਂ ਤੱਕ ਖਿਡਾਰੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਇਹ ਗੱਲ ਪੰਜਾਬ ਦੇ ਖੇਡਾਂ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ ਦੀ ਲਿਖੀ ਜੀਵਨੀ ‘ਉੱਡਣਾ ਬਾਜ਼’ ਦੇ ਰਿਲੀਜ਼ ਸਮਾਰੋਹ ਵਿਖੇ ਕਹੀ।
ਚੰਡੀਗੜ੍ਹ ‘ਚ ਪੰਜਾਬ ਕਲਾ ਭਵਨ ਵਿਖੇ ਖੇਡ ਮੰਤਰੀ ਪਰਗਟ ਸਿੰਘ, ਉਲੰਪੀਅਨ ਗੁਰਬਚਨ ਸਿੰਘ ਰੰਧਾਵਾ, ਸਾਬਕਾ ਡੀ.ਜੀ.ਪੀ.ਅਤੇ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ.ਰਵਿੰਦਰ ਭੱਠਲ, ਪੰਜਾਬ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ, ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ.ਲਖਵਿੰਦਰ ਸਿੰਘ ਜੌਹਲ, ਦੀਪਕ ਸ਼ਰਮਾ ਚਨਾਰਥਲ, ਕੌਮਾਂਤਰੀ ਨਿਸ਼ਾਨੇਬਾਜ਼ ਗੁਰਬੀਰ ਸਿੰਘ ਸੰਧੂ, ਯੂਨੀਸਟਾਰ ਪ੍ਰਕਾਸ਼ਨ ਦੇ ਹਰੀਸ਼ ਜੈਨ ਨੇ ‘ਉੱਡਣਾ ਬਾਜ਼’ ਨੂੰ ਲੋਕ ਅਰਪਣ ਕੀਤਾ।
ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਅਥਲੈਟਿਕਸ ਖੇਡ ਵਿੱਚ ਉਲੰਪਿਕ ਖੇਡਾਂ ਦਾ ਫਾਈਨਲਿਸਟ, ਏਸ਼ੀਆਈ ਖੇਡਾਂ ਦਾ ਬੈਸਟ ਅਥਲੀਟ ਅਤੇ ਕੌਮੀ ਪੱਧਰ ਉਤੇ ਦੋ ਦਿਨਾਂ ਅੰਦਰ ਚਾਰ ਨੈਸ਼ਨਲ ਰਿਕਾਰਡ ਬਣਾਉਣੇ ਗੁਰਬਚਨ ਸਿੰਘ ਰੰਧਾਵਾ ਦੀ ਮਹਾਨਤਾ ਦੀ ਜਿਉਂਦੀ ਜਾਗਦੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਨਾਮੀਂ ਖਿਡਾਰੀਆਂ ਦੇ ਪਿੰਡਾਂ ਦੇ ਨਾਮ ਜਾਂ ਉਨ੍ਹਾਂ ਦੇ ਪਿੰਡ ਦੇ ਸਟੇਡੀਅਮ ਦਾ ਨਾਮ ਖਿਡਾਰੀ ਦੇ ਨਾਂ ਉਤੇ ਰੱਖਣ ਦੀ ਤਜਵੀਜ਼ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖੇਡ ਇਤਿਹਾਸ ਗੌਰਵਮਈ ਪ੍ਰਾਪਤੀਆਂ ਨਾਲ ਭਰਿਆ ਹੈ, ਲੋੜ ਹੈ ਸਿਰਫ ਇਨ੍ਹਾਂ ਨੂੰ ਸਾਂਭ ਕੇ ਇਤਿਹਾਸ ਕੇ ਦਸਤਾਵੇਜ਼ ਬਣਾਇਆ ਜਾਵੇ।
ਗੁਰਬਚਨ ਸਿੰਘ ਰੰਧਾਵਾ 1964 ਦੀਆਂ ਟੋਕੀਓ ਉਲੰਪਿਕ ਖੇਡਾਂ ਵਿੱਚ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ ਜਿੱਥੇ ਉਨ੍ਹਾਂ 110 ਮੀਟਰ ਹਰਡਲਜ਼ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਉਨ੍ਹਾਂ 1962 ਦੀਆਂ ਜਕਾਰਤਾ ਏਸ਼ੀਆਈ ਖੇਡਾਂ ਵਿੱਚ ਡਿਕੈਥਲਨ ਵਿੱਚ ਸੋਨੇ ਦਾ ਤਮਗਾ ਜਿੱਤਦਿਆਂ ਬੈਸਟ ਅਥਲੀਟ ਦਾ ਖਿਤਾਬ ਜਿੱਤਿਆ ਸੀ। ਗੁਰਬਚਨ ਸਿੰਘ ਰੰਧਾਵਾ ਨੂੰ 1961 ਵਿੱਚ ਅਰਜੁਨਾ ਐਵਾਰਡ ਅਤੇ 2005 ਵਿੱਚ ਪਦਮਸ੍ਰੀ ਨਾਲ ਸਨਮਾਨਿਆ ਗਿਆ। ਸੀ.ਆਰ.ਪੀ.ਐਫ. ਵਿੱਚ ਕਮਾਂਡੈਂਟ ਵਜੋਂ ਰਿਟਾਇਰ ਹੋਏ ਗੁਰਬਚਨ ਸਿੰਘ ਰੰਧਾਵਾ ਨੂੰ ਪੁਲਿਸ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਰਸਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਣ ਕਰਕੇ ਆਨਰੇਰੀ ਪੀਐਚ.ਡੀ. ਦੀ ਡਿਗਰੀ ਨਾਲ ਵੀ ਸਨਮਾਨਿਆ ਗਿਆ।
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੰਗਲੀ ਵਿਖੇ 6 ਜੂਨ 1939 ਨੂੰ ਟਹਿਲ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਮਾਤਾ ਧਨਵੰਤ ਕੌਰ ਦੀ ਕੁੱਖੋਂ ਜਨਮੇ ਗੁਰਬਚਨ ਸਿੰਘ ਰੰਧਾਵਾ ਦੇ ਪਿਤਾ, ਭਰਾ ਹਰਭਜਨ ਸਿੰਘ ਅਤੇ ਪੁੱਤਰ ਰਣਜੀਤ ਰੰਧਾਵਾ ਵੀ ਖਿਡਾਰੀ ਰਹੇ ਹਨ। ਉਨ੍ਹਾਂ ਦੀ ਪਤਨੀ ਜਸਵਿੰਦਰ ਜਿੱਥੇ ਡਿਸਕਸ ਥਰੋਅ ਵਿੱਚ ਨੈਸ਼ਨਲ ਪੱਧਰ ਦੀ ਅਥਲੀਟ ਰਹੀ ਹੈ ਉਥੇ ਰੁੜਕਾਂ ਕਲਾਂ ਦਾ ਸਹੁਰਾ ਪਰਿਵਾਰ ਵੀ ਖੇਡਾਂ ਵਿੱਚ ਓਤ-ਪੋਤ ਰਿਹਾ ਹੈ।
ਰਾਜਦੀਪ ਸਿੰਘ ਗਿੱਲ ਨੇ ਕਿਹਾ ਕਿ ਗੁਰਬਚਨ ਸਿੰਘ ਰੰਧਾਵਾ ਸਭ ਤੋਂ ਵੱਧ ਕੁਦਰਤੀ ਗੁਣਾਂ ਨਾਲ ਲਬਰੇਜ਼, ਪ੍ਰਤਿਭਾਵਾਨ ਤੇ ਭਾਰਤ ਦਾ ਸੰਪੂਰਨ ਅਥਲੀਟ ਹੈ। ਭਾਰਤੀ ਅਥਲੀਟਾਂ ਨੇ ਵੱਡੀਆਂ ਚੁਣੌਤੀਆਂ ਸਰ ਕਰਨ ਦੀ ਪ੍ਰੇਰਨਾ ਗੁਰਬਚਨ ਸਿੰਘ ਰੰਧਾਵਾ ਤੋਂ ਹੀ ਸਿੱਖੀ ਜਿਨ੍ਹਾਂ ਖੇਡਾਂ ਦੇ ਸਭ ਤੋਂ ਵੱਡੇ ਮੰਚ ਉਲੰਪਿਕਸ ਉਤੇ ਆਪਣਾ ਬਿਹਤਰਨ ਪ੍ਰਦਰਸ਼ਨ ਕਰਨਾ ਸਿਖਾਇਆ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਗੁਰਬਚਨ ਸਿੰਘ ਰੰਧਾਵਾ ਭਾਰਤੀ ਖੇਡ ਜਗਤ ਦਾ ਉਹ ਅਣਗਾਇਆ ਗੀਤ ਹੈ ਜਿਸ ਨੇ ਛੋਟੇ ਜਿਹੇ ਪਿੰਡ ਨੰਗਲੀ ਤੋਂ ਉੱਠ ਕੇ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਮੰਚ ਟੋਕੀਓ ਉਲੰਪਿਕਸ-1964 ਵਿੱਚ ਆਪਣੀ ਛਾਪ ਛੱਡੀ। ਇਹ ਪੁਸਤਕ ਸਿਰਫ਼ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਜਾਂ ਪ੍ਰਾਪਤੀਆ ਦਾ ਲੇਖਾ ਜੋਖਾ ਹੀ ਨਹੀਂ ਹੈ, ਸਗੋਂ ਭਾਰਤ ਦੇ ਖੇਡ ਇਤਿਹਾਸ ਦਾ ਮਾਣਮੱਤਾ ਦਸਤਾਵੇਜ਼ ਹੈ।
ਡਾ.ਲਖਵਿੰਦਰ ਸਿੰਘ ਜੌਹਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪਰਗਟ ਸਿੰਘ ਦਾ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਧੰਨਵਾਦ ਕੀਤਾ। ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਗੁਰਬਚਨ ਸਿੰਘ ਰੰਧਾਵਾ ਦਾ ਖੇਡ ਜੀਵਨ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀ ਮੂੰਹ ਬੋਲਦੀ ਤਸਵੀਰ ਹੈ।
ਪੁਸਤਕ ਦੇ ਲੇਖਕ ਨਵਦੀਪ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਗੁਰਬਚਨ ਸਿੰਘ ਰੰਧਾਵਾ ਭਾਰਤੀ ਖੇਡਾਂ ਦਾ ਉਹ ਮਾਣਮੱਤਾ ਹਸਤਾਖਰ ਹੈ ਜੋ ਚੰਗੇ ਖਿਡਾਰੀ ਦੇ ਨਾਲ ਭਾਰਤੀ ਖੇਡਾਂ ਖਾਸ ਕਰਕੇ ਅਥਲੈਟਿਕਸ ਦਾ ਇਨਸਾਈਕਲੋਪੀਡੀਆ ਵੀ ਹੈ ਜਿਸ ਉਪਰ ਨਾ ਸਿਰਫ ਹਰ ਪੰਜਾਬੌ ਸਗੋਂ ਹਰ ਦੇਸ਼ ਵਾਸੀ ਨੂੰ ਮਾਣ ਹੈ। ਪੰਜਾਬੀ ਇਤਿਹਾਸ ਸਿਰਜਣਾ ਜਾਣਦੇ ਹਨ, ਸਾਂਭਣਾ ਨਹੀਂ, ਪੰਜਾਬੀਆਂ ਦੇ ਇਸੇ ਮਿਹਣੇ ਨੂੰ ਦੂਰ ਕਰਨ ਲਈ ਪੁਰਾਣੇ ਤੇ ਮਹਾਨ ਖਿਡਾਰੀਆਂ ਦੀਆਂ ਖੇਡ ਜੀਵਨੀਆਂ ਲਿਖਣ ਦਾ ਫੈਸਲਾ ਕੀਤਾ ਹੈ ਜਿਸ ਦੀ ਸ਼ੁਰੂਆਤ ਗੁਰਬਚਨ ਸਿੰਘ ਰੰਧਾਵਾ ਤੋਂ ਹੋ ਗਈ ਹੈ। ਹਰੀਸ਼ ਜੈਨ ਨੇ ਕਿਹਾ ਕਿ ਲੋਕ ਗੀਤ ਪ੍ਰਕਾਸ਼ਨ ਵੱਲੋਂ ਹੋਰ ਵੀ ਖਿਡਾਰੀਆਂ ਦੀਆਂ ਜੀਵਨੀਆਂ ਛਾਪੀਆ ਜਾਣ। ਇਸ ਪੁਸਤਕ ਦੇ ਲੇਖਕ ਨਵਦੀਪ ਸਿੰਘ ਗਿੱਲ ਜੋ ਪੰਜਾਬ ਸਰਕਾਰ ਵਿੱਚ ਸੂਚਨਾ ਤੇ ਲੋਕ ਸੰਪਰਕ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ, ਦੀ ਇਹ ਛੇਵੀਂ ਕਿਤਾਬ ਹੈ।
ਨਵਦੀਪ ਸਿੰਘ ਗਿੱਲ ਨੇ ਬਤੌਰ ਖੇਡ ਪੱਤਰਕਾਰ ਬੀਜਿੰਗ ਓਲੰਪਿਕ ਖੇਡਾਂ-2008, ਦੋਹਾ ਏਸ਼ੀਆਈ ਖੇਡਾਂ-2006 ਤੇ ਦਿੱਲੀ ਰਾਸ਼ਟਰਮੰਡਲ ਖੇਡਾਂ-2010 ਦੀ ਕਵਰੇਜ਼ ਵੀ ਕੀਤੀ ਹੈ। ਅਖੀਰ ਵਿਚ ਪੰਜਾਬ ਲੇਖਕ ਪੱਤਰਕਾਰ ਮੰਚ ਦੇ ਪ੍ਰਧਾਨ ਤਰਲੋਚਨ ਸਿੰਘ ਦਾ ਸਭ ਦਾ ਧੰਨਵਾਦ ਕੀਤਾ।
ਬਲਬੀਰ ਰਾਣੀ ਸੋਢੀ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਨਿਯੁਕਤ
ਚੰਡੀਗੜ੍ਹ : ਕਾਂਗਰਸ ਪਾਰਟੀ ਵੱਲੋਂ ਸ੍ਰੀਮਤੀ ਬਲਬੀਰ ਰਾਣੀ ਸੋਢੀ ਨੂੰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਆਦੇਸ਼ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਵਾਨਗੀ ਤੋਂ ਬਾਅਦ ਜਨਰਲ ਸਕੱਤਰ ਕੇਸੀ ਵੈਣੂਗੋਪਾਲ ਨੇ ਜਾਰੀ ਕੀਤੇ ਹਨ। ਸ੍ਰੀਮਤੀ ਬਲਬੀਰ ਰਾਣੀ ਸੋਢੀ ਨੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵੱਧ ਚੜ੍ਹ ਕੇ ਭੂਮਿਕਾ ਨਿਭਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੋਜ਼ਾਨਾ 20 ਘੰਟੇ ਕੰਮ ਕਰ ਰਹੇ ਹਨ, ਉਸੇ ਤਰ੍ਹਾਂ ਮਹਿਲਾਂ ਕਾਂਗਰਸ ਵੀ ਦਿਨ ਰਾਤ ਇਕ ਕਰਕੇ ਕੰਮ ਕਰੇਗੀ ਤਾਂ ਜੋ ਵਿਧਾਨ ਸਭਾ ਚੋਣਾਂ 2022 ‘ਚ ਕਾਂਗਰਸ ਪਾਰਟੀ ਮੁੜ ਪੰਜਾਬ ਦੀ ਸੱਤਾ ਵਿੱਚ ਕਾਬਜ਼ ਹੋ ਸਕੇ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …