Breaking News
Home / ਪੰਜਾਬ / ਪੰਜਾਬ ਕਾਂਗਰਸ ‘ਚ ਵਧਿਆ ਕਾਟੋ-ਕਲੇਸ਼

ਪੰਜਾਬ ਕਾਂਗਰਸ ‘ਚ ਵਧਿਆ ਕਾਟੋ-ਕਲੇਸ਼

ਐੱਸਸੀ/ਬੀਸੀ ਵਿਧਾਇਕਾਂ ਨੇ ਵੀ ਕੈਪਟਨ ਅਮਰਿੰਦਰ ਖ਼ਿਲਾਫ਼ ਖੋਲ੍ਹਿਆ ਮੋਰਚਾ
ਚੰਨੀ, ਅਰੁਣਾ ਚੌਧਰੀ, ਵੇਰਕਾ ਸਮੇਤ ਇਕ ਦਰਜਨ ਵਿਧਾਇਕਾਂ ਨੇ ਕੀਤੀ ਮੀਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੀ ਖ਼ਾਨਾਜੰਗੀ ਵਧਦੀ ਜਾ ਰਹੀ ਹੈ। ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਧਾਇਕਾਂ ਤੇ ਮੰਤਰੀਆਂ ਨੇ ਵੀ ਬਗ਼ਾਵਤ ਦਾ ਝੰਡਾ ਚੁੱਕ ਲਿਆ ਹੈ। ਮੁੱਖ ਮੰਤਰੀ ਨੂੰ ਘੇਰਨ ਲਈ ਮੰਗਲਵਾਰ ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰੀ ਕੋਠੀ ‘ਤੇ ਇਕ ਦਰਜਨ ਦੇ ਕਰੀਬ ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਧਾਇਕਾਂ ਨੇ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ‘ਤੇ ਚਰਚਾ ਕੀਤੀ। ਮੀਟਿੰਗ ਵਿਚ ਚਰਨਜੀਤ ਸਿੰਘ ਚੰਨੀ ਤੇ ਅਰੁਣਾ ਚੌਧਰੀ ਤੋਂ ਇਲਾਵਾ ਵਿਧਾਇਕ ਰਾਜ ਕੁਮਾਰ ਵੇਰਕਾ, ਸੰਤੋਖ ਸਿੰਘ ਭਲਾਈਪੁਰ, ਨਿਰਮਲ ਸਿੰਘ ਸ਼ੁਤਰਾਣਾ, ਡਾ. ਹਰਜੋਤ ਕਮਲ, ਸੰਗਤ ਸਿੰਘ ਗਿਲਜੀਆਂ, ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਲਾਡੀ ਆਦਿ ਸ਼ਾਮਲ ਹੋਏ ਜਦੋਂ ਕਿ ਕਈ ਵਿਧਾਇਕਾਂ ਨੇ ਵਰਚੁਅਲ ਰੂਪ ਵਿਚ ਆਪਣੀ ਹਾਜ਼ਰੀ ਲੁਆਈ ਹੈ।
ਐੱਸਸੀ ਤੇ ਬੀਸੀ ਵਰਗ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਮੀਟਿੰਗ ਕਰਨ ਤੋਂ ਇਕ ਗੱਲ ਸਾਫ਼ ਹੋ ਗਈ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਪਾਰਟੀ ਅੰਦਰ ਖ਼ਾਨਾਜੰਗੀ ਵਧਦੀ ਜਾ ਰਹੀ ਹੈ।
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸਮਸ਼ੇਰ ਸਿੰਘ ਦੂਲੋਂ, ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਵੱਖ-ਵੱਖ ਮੁੱਦਿਆਂ ‘ਤੇ ਮੁੱਖ ਮੰਤਰੀ ਨੂੰ ਘੇਰਦੇ ਰਹੇ ਹਨ। ਪਰ ਪਿਛਲੇ ਦਿਨੀਂ ਕੋਟਕਪੁਰਾ ਗੋਲ਼ੀ ਕਾਂਡ ਬਾਰੇ ਹਾਈਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਪਾਰਟੀ ਦੇ ਅੰਦਰ ਸੁਲਘਦੀ ਅੱਗ ਭਾਂਬੜ ਬਣ ਗਈ ਹੈ। ਭਾਵੇਂ ਮੁੱਖ ਮੰਤਰੀ ਨੇ ਵਿਧਾਇਕਾਂ ਦਾ ਗੁੱਸਾ ਸ਼ਾਂਤ ਕਰਨ ਲਈ ਅਗਲੀ ਰਣਨੀਤੀ ਬਣਾਉਣ ਦੇ ਬਹਾਨੇ ਮਾਝਾ, ਮਾਲਵਾ, ਦੁਆਬੇ ਦੇ ਵਿਧਾਇਕਾਂ ਦੀਆਂ ਵੱਖਰੀਆਂ-ਵੱਖਰੀਆਂ ਮੀਟਿੰਗਾਂ ਕਰਕੇ ਨਬਜ਼ ਟੋਹਣ ਦਾ ਯਤਨ ਕੀਤਾ ਹੈ। ਪਰ ਇਨ੍ਹਾਂ ਮੀਟਿੰਗਾਂ ਵਿਚ ਵਿਧਾਇਕਾਂ ਨੇ ਜਿੱਥੇ ਐਡਵੋਕੇਟ ਜਨਰਲ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਸਨ, ਉੱਥੇ ਮੁੱਖ ਮੰਤਰੀ ‘ਤੇ ਵੀ ਲੋਕਾਂ ਵਿਚ ਬਾਦਲ ਪਰਿਵਾਰ ਨਾਲ ਮਿਲੇ ਹੋਏ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ਬਾਰੇ ਸਵਾਲ ਪੁੱਛੇ ਸਨ।
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਾਂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ।
ਇਹ ਗੱਲ ਵੱਖਰੀ ਹੈ ਕਿ ਮੁੱਖ ਮੰਤਰੀ ਨੇ ਦੋਵੇਂ ਦੇ ਅਸਤੀਫ਼ੇ ਮੀਟਿੰਗ ਵਿਚ ਹੀ ਪਾੜ ਦਿੱਤੇ ਸਨ।
ਸੂਤਰ ਦੱਸਦੇ ਹਨ ਕਿ ਮੰਗਲਵਾਰ ਨੂੰ ਦਲਿਤ ਵਿਧਾਇਕਾਂ ਦੀ ਹੋਈ ਮੀਟਿੰਗ ਵਿਚ ਜ਼ਿਆਦਾਤਰ ਆਗੂਆਂ ਨੇ ਖੁੱਲ੍ਹ ਕੇ ਕਿਹਾ ਕਿ ਚਾਰ ਸਾਲਾਂ ਦੌਰਾਨ ਐੱਸਸੀ/ਬੀਸੀ ਵਰਗ ਨੂੰ ਅਣਗੌਲਿਆ ਕੀਤਾ ਗਿਆ। ਵੱਡੇ ਅਹੁੱਦਿਆਂ ‘ਤੇ ਅਧਿਕਾਰੀਆਂ ਦੀ ਤਾਇਨਾਤੀ ਵੇਲੇ ਦਲਿਤ ਵਰਗ ਦੀ ਅਣਦੇਖੀ ਕਰਨ, ਡਿਪਟੀ ਕਮਿਸ਼ਨਰ, ਐੱਸਐੱਸਪੀ, ਕਮਿਸ਼ਨਾਂ ਦੇ ਮੈਂਬਰ ਲਾਉਣ ਲਈ ਦਲਿਤ ਵਰਗ ਨੂੰ ਅੱਖੋਂ ਪਰੋਖੇ ਕਰਨ, ਐੱਸਸੀ ਸਕਾਲਰਸ਼ਿਪ, ਮੰਡਲ ਕਮਿਸ਼ਨ ਦੀ ਰਿਪੋਰਟ, 85 ਵੀਂ ਸੋਧ ਲਾਗੂ ਕਰਨ ਦੀ ਬਜਾਏ ਪ੍ਰੋਸੋਨਲ ਵਿਭਾਗ ਵੱਲੋਂ ਆਪਣੇ ਪੱਧਰ ‘ਤੇ ਹੀ 10-10-14 ਪੱਤਰ ਜਾਰੀ ਕਰਨ ਮੁੱਦੇ ‘ਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਕਈ ਆਗੂਆਂ ਨੇ ਇੱਥੋਂ ਤਕ ਕਹਿ ਦਿੱਤਾ ਕਿ ਜਦੋਂ ਭਾਜਪਾ ਤੇ ਅਕਾਲੀ ਦਲ ਵਲੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਅਹੁਦਾ ਦਲਿਤ ਨੂੰ ਦੇਣ ਦਾ ਐਲਾਨ ਕਰ ਦਿੱਤਾ ਹੈ ਤਾਂ ਕਾਂਗਰਸ ‘ਤੇ ਵੀ ਅਜਿਹਾ ਕਰਨ ਲਈ ਦਬਾਅ ਬਣਾਇਆ ਜਾਵੇ ਕਿਉਂਕਿ ਸੂਬੇ ਵਿਚ 34 ਫ਼ੀਸਦੀ ਅਨੁਸੂਚਿਤ ਜਾਤੀ ਤੇ 18 ਫ਼ੀਸਦੀ ਪਿਛੜੀ ਸ੍ਰੇਣੀ ਵਰਗ ਦੀ ਆਬਾਦੀ ਹੈ।
ਨਵਜੋਤ ਸਿੱਧੂ ਨੇ ਮੁੜ ਕੀਤਾ ਟਵੀਟ
ਨਵਜੋਤ ਸਿੰਘ ਸਿੱਧੂ ਨੇ ਮੁੜ ਟਵੀਟ ਕਰਕੇ ਕੋਟਕਪੂਰਾ ਗੋਲੀ ਕਾਂਡ ਦੇ ਮੁੱਦੇ ‘ਤੇ ਇਨਸਾਫ ਨਾ ਦੇਣ ਦੇ ਮਾਮਲੇ ‘ਚ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਿਆ। ਨਵਜੋਤ ਸਿੱਧੂ ਨੇ ਬਾਦਲ ਰਾਜ ਵਿਚ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਉਪਰ ਫਾਹੇ ਅਣਮਨੁੱਖੀ ਤਸ਼ੱਦਦ ਤੋਂ ਬਾਅਦ ਉਨ੍ਹਾਂ ਲਾਲ ਕੀਤੀ ਇੱਕ ਮੁਲਾਕਾਤ ਦੀ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਨੂੰ ਮੁੜ ਇਹ ਚੇਤੇ ਕਰਾਉਣ ਲਈ ਪਾਇਆ ਗਿਆ ਹੈ ਕਿ ਬਾਦਲਾਂ ਦੇ ਰਾਜ ਵਿਚ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਏ ਲੋਕਾਂ ਨੂੰ ਅੱਜ ਤੱਕ ਇਨਸਾਫ ਕਿਉਂ ਨਹੀਂ ਮਿਲਿਆ।
ਸੀਐਮ ਜਾਂ ਲੀਡਰਸ਼ਿਪ ਬਾਰੇ ਕੋਈ ਗੱਲ ਨਹੀਂ ਹੋਈ : ਵੇਰਕਾ
ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਪੱਛਮੀ) ਤੋਂ ਵਿਧਾਇਕ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਮੀਟਿੰਗ ਵਿਚ ਦਲਿਤ ਵਰਗ ਦੀਆਂ ਸਮੱਸਿਆਵਾਂ ‘ਤੇ ਚਰਚਾ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੇ ਖ਼ਿਲਾਫ਼ ਜਾਂ ਲੀਡਰਸ਼ਿਪ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਪਰ ਮੁੱਖ ਮੰਤਰੀ ਤੋਂ ਮਿਲਣ ਲਈ ਸਮਾਂ ਮੰਗਿਆ ਹੈ ਕਿਉਂਕਿ ਗ਼ਰੀਬ ਵਰਗ ਅਣਗੌਲਿਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਆ ਰਹੀਆਂ ਹਨ, ਇਸ ਲਈ ਦਲਿਤ ਤੇ ਪੱਛੜੇ ਵਰਗ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੀਟਿੰਗ ਕੀਤੀ ਹੈ ਤਾਂ ਜੋਂ ਇਹ ਮੰਗਾਂ ਪੂਰੀਆਂ ਕਰਵਾਈਆ ਜਾ ਸਕਣ।
ਕੈਪਟਨ ਖੇਮਾ ਸਿੱਧੂ ਖਿਲਾਫ਼ ਬਣਾਉਣ ਲੱਗਾ ਰਣਨੀਤੀ
ਚੰਡੀਗੜ੍ਹ : ਕੋਟਕਪੂਰਾ ਗ਼ੋਲੀ ਕਾਂਡ ਬਾਰੇ ਹਾਈਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਚੱਲ ਰਿਹਾ ਕਾਟੋ-ਕਲੇਸ਼ ਹੋਰ ਵਧ ਗਿਆ ਹੈ। ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲੇ ਕਰ ਰਹੇ ਹਨ। ਉੱਥੇ ਮੁੱਖ ਮੰਤਰੀ ਦੇ ਸਮਰਥਕ ਮੰਤਰੀਆਂ, ਵਿਧਾਇਕਾਂ ਨੇ ਨਵਜੋਤ ਸਿੱਧੂ ਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਲਈ ਪਾਰਟੀ ਹਾਈਕਮਾਨ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕੈਪਟਨ ਖੇਮੇ ਨੇ ਇਹ ਵੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਨਵਜੋਤ ਸਿੱਧੂ ਨਾਲ ਮੰਤਰੀਆਂ, ਵਿਧਾਇਕਾਂ ਤੇ ਹੋਰ ਕਾਂਗਰਸੀ ਆਗੂਆਂ ਨੂੰ ਨਾ ਜੁੜਨ ਦਿੱਤਾ ਜਾਵੇ। ਕਾਂਗਰਸ ਅੰਦਰ ਇਹ ਆਵਾਜ਼ਾਂ ਵੀ ਉਠਣੀਆਂ ਸ਼ੁਰੂ ਹੋ ਗਈਆਂ ਹਨ ਕਿ ਜੇਕਰ ਕੋਈ ਬਦਲਾਅ ਕੀਤੇ ਜਾਣੇ ਹਨ ਤਾਂ ਉਸ ‘ਚ ਟਕਸਾਲੀ ਆਗੂਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਪ੍ਰਤਾਪ ਬਾਜਵਾ, ਬਿੱਟੂ, ਰੰਧਾਵਾ, ਚੰਨੀ ਤੇ ਕਾਂਗੜ ਨੇ ਕੀਤੀ ਗੁਪਤ ਮੀਟਿੰਗ
ਤਿੰਨ ਮੰਤਰੀਆਂ ਨੇ ਨਵਜੋਤ ਸਿੱਧੂ ਵੱਲੋਂ ਲਗਾਤਾਰ ਮੁੱਖ ਮੰਤਰੀ ‘ਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਿਚ ਮੀਟਿੰਗ ਕਰਕੇ ਸਿੱਧੂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਗੁਰਪ੍ਰੀਤ ਸਿੰਘ ਕਾਂਗੜ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ ਤੇ ਹੋਰਨਾਂ ਵਿਚਾਲੇ ਚੰਡੀਗੜ੍ਹ ਸਥਿਤ ਸੈਕਟਰ 39 ‘ਚ ਇਕ ਗੁਪਤ ਮੀਟਿੰਗ ਹੋਈ ਸੀ। ਸੂਤਰ ਦੱਸਦੇ ਹਨ ਕਿ ਇਨ੍ਹਾਂ ਟਕਸਾਲੀ ਆਗੂਆਂ ਨੇ ਬੇਅਦਬੀ, ਬਰਗਾੜੀ ਤੇ ਕੋਟਕਪੂਰਾ ਕਾਂਡ ਦੇ ਮਾਮਲੇ ਨੂੰ ਜਲਦੀ ਹੱਲ ਕਰਨ ਲਈ ਮੁੱਖ ਮੰਤਰੀ ‘ਤੇ ਦਬਾਅ ਬਣਾਉਣ ਲਈ ਚਰਚਾ ਕੀਤੀ। ਕਾਂਗਰਸੀ ਆਗੂ ਮਹਿਸੂਸ ਕਰਨ ਲੱਗੇ ਹਨ ਕਿ ਜੇਕਰ ਬੇਅਦਬੀ ਮਾਮਲੇ ਦਾ ਜਲਦ ਹੱਲ ਨਾ ਕੱਢਿਆ ਗਿਆ ਤਾਂ ਅਗਲੀਆਂ ਚੋਣਾਂ ਵਿਚ ਪਾਰਟੀ ਲਈ ਸੰਕਟ ਖੜ੍ਹਾ ਹੋ ਸਕਦਾ ਹੈ।
ਸੰਸਦ ਮੈਂਬਰ ਰਵਨੀਤ ਬਿੱਟੂ ਨੇ ਇਥੋਂ ਤੱਕ ਕਹਿ ਦਿੱਤਾ ਕਿ ਟਕਸਾਲੀ ਕਾਂਗਰਸੀਆਂ ਨੂੰ ਪਾਰਟੀ ਦਾ ਨੁਕਸਾਨ ਹੋਣ ਦੀ ਚਿੰਤਾ ਹੈ। ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਬਦਲਣ ਦੀ ਕੀ ਲੋੜ ਹੈ, ਇਹ ਮੁੱਖ ਮੰਤਰੀ (ਕੈਪਟਨ) ਹੀ ਲੋਕਾਂ ਨੂੰ ਇਨਸਾਫ਼ ਦੇਣ। ਬਿੱਟੂ ਨੇ ਕਿਹਾ ਕਿ ਭਾਵੇਂ ਨਸ਼ੇ ਦੇ ਮੁੱਦੇ ‘ਤੇ ਚੰਗਾ ਕੰਮ ਹੋਇਆ ਪਰ ਐੱਸਟੀਐੱਫ ਦੀ ਰਿਪੋਰਟ ਜਨਤਕ ਹੋਣੀ ਚਾਹੀਦੀ ਹੈ। ਮੀਟਿੰਗ ਵਿਚ ਭਾਵੇਂ ਬੇਅਦਬੀ ਦੇ ਮੁੱਦੇ ਨੂੰ ਜਲਦ ਸੁਲਝਾਉਣ ਲਈ ਕੈਪਟਨ ਅਮਰਿੰਦਰ ਸਿੰਘ ‘ਤੇ ਦਬਾਅ ਬਣਾਉਣ ਬਾਰੇ ਚਰਚਾ ਕੀਤੀ ਗਈ, ਪਰ ਨਾਲ ਹੀ ਪਾਰਟੀ ਅੰਦਰ ਸਿੱਧੂ ਨੂੰ ਵੱਡਾ ਅਹੁਦਾ ਦੇਣ ਦੀ ਬਜਾਏ ਟਕਸਾਲੀ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਨਾ ਕਰਨ ਦਾ ਮੁੱਦਾ ਵੀ ਚੁੱਕਿਆ ਗਿਆ।
ਬ੍ਰਹਮ ਮਹਿੰਦਰਾ, ਧਰਮਸੋਤ ਤੇ ਅਰੋੜਾ ਨੇ ਸਿੱਧੂ ਖਿਲਾਫ਼ ਮੰਗੀ ਅਨੁਸਾਸ਼ਨੀ ਕਾਰਵਾਈ
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਨੇ ਇਕਜੁੱਟ ਹੋ ਕੇ ਨਵਜੋਤ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਸਿੱਧੂ ਦੇ ਪਾਰਟੀ ਵਿਧਾਇਕ ਹੋਣ ਦੇ ਬਾਵਜੂਦ ਮੁੱਖ ਮੰਤਰੀ ਦੀ ਅਲੋਚਨਾ ਕੀਤੇ ਜਾਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਖੁੱਲ੍ਹੀ ਬਗਾਵਤ ਉਸ ਵੇਲੇ ਕਾਂਗਰਸ ਦੇ ਹਿੱਤਾਂ ਨੂੰ ਢਾਹ ਲਾ ਰਹੀ ਹੈ ਜਦੋਂ ਅਸੈਂਬਲੀ ਚੋਣਾਂ ਵਿਚ ਇਕ ਸਾਲ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਖ਼ਿਲਾਫ਼ ਹੁਣ ਕਾਰਵਾਈ ਨਾ ਕੀਤੀ ਗਈ ਤਾਂ ਇਸ ਨਾਲ ਪਾਰਟੀ ਦੀ ਸੂਬਾ ਇਕਾਈ ਵਿਚ ਬਦਅਮਨੀ ਫੈਲ ਜਾਵੇਗੀ। ਮੰਤਰੀਆਂ ਨੇ ਕਿਹਾ ਕਿ ਅਨੁਸ਼ਾਸ਼ਨੀ ਕਾਰਵਾਈ ਨਾ ਕਰਨ ‘ਤੇ ਹੋਰਨਾਂ ਨੂੰ ਲੀਡਰਸ਼ਿਪ ਖ਼ਿਲਾਫ਼ ਆਵਾਜ਼ ਚੁੱਕਣ ਦੀ ਸ਼ਹਿ ਮਿਲੇਗੀ।
ਸਿੱਧੂ ਵੱਲੋਂ ਕੈਪਟਨ ‘ਤੇ ਮੁੜ ਸਿਆਸੀ ਹਮਲਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਟਵੀਟਾਂ ਦੀ ਬੌਛਾਰ ਨਿਰੰਤਰ ਜਾਰੀ ਹੈ। ਆਪਣੇ ਟਵਿੱਟਰ ਖਾਤੇ ‘ਤੇ ਨਵਜੋਤ ਸਿੱਧੂ ਨੇ ਲਿਖਿਆ ਕਿ ਪਿਛਲੇ ਸਾਢੇ ਚਾਰ ਸਾਲ ਦੌਰਾਨ ਤੁਹਾਨੂੰ ਕਿਸੇ ਨੇ ਹਾਈਕੋਰਟ ਜਾਣ ਤੋਂ ਰੋਕਿਆ ਨਹੀਂ ਸੀ, ਜਿਸ ਤੋਂ ਨਾਪਾਕ ਇਰਾਦੇ ਸਪੱਸ਼ਟ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਡੀਜੀਪੀ ਅਤੇ ਸੀਪੀਐੱਸ ਦੀਆਂ ਨਿਯੁਕਤੀਆਂ ਦਾ ਮਾਮਲਾ ਸੀ ਤਾਂ ਉਸ ਵੇਲੇ ਕੁਝ ਹੀ ਘੰਟਿਆਂ ਵਿੱਚ ਉੱਚ ਅਦਾਲਤ ‘ਚ ਇਸ ਸਬੰਧੀ ਮਾਮਲੇ ਨੂੰ ਚੁਣੌਤੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਬੇਅਦਬੀ ਮਾਮਲੇ ਵਿੱਚ ਅਦਾਲਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦੋਂਕਿ ਪਿਛਲੇ ਦਰਵਾਜ਼ੇ ਰਾਹੀਂ ਇਹੀ ਆਦੇਸ਼ ਸਵੀਕਾਰ ਕੀਤੇ ਜਾ ਰਹੇ ਹਨ।

 

 

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …