8.3 C
Toronto
Thursday, October 30, 2025
spot_img
Homeਪੰਜਾਬਗੁਰੂਸਰ ਮਹਿਰਾਜ ਦੇ ਦਲਿਤਾਂ ਨੇ ਬਦਲੀ ਆਪਣੀ ਤਕਦੀਰ

ਗੁਰੂਸਰ ਮਹਿਰਾਜ ਦੇ ਦਲਿਤਾਂ ਨੇ ਬਦਲੀ ਆਪਣੀ ਤਕਦੀਰ

logo-2-1-300x105ਦਲਿਤ ਚੇਤਨਾ ਦੇ ਦੌਰ ਵਿਚ ਰਾਹ ਦਸੇਰਾ ਬਣਿਆ ਪਿੰਡ; ਕੈਂਸਰ ਮਰੀਜ਼ਾਂ ਲਈ ਪੰਚਾਇਤੀ ਫੰਡ ਕਾਇਮ
ਬਠਿੰਡਾ/ਬਿਊਰੋ ਨਿਊਜ਼ : ਜਿਸ ਸਮੇਂ ਗਊ ਰੱਖਿਅਕਾਂ ਦੇ ਹਮਲਿਆਂ ਕਾਰਨ ਦੇਸ਼ ਭਰ ਵਿੱਚ ਦਲਿਤਾਂ ਵਿੱਚ ਰਾਜਸੀ ਚੇਤਨਾ ਦਾ ਦੌਰ ਚੱਲ ਰਿਹਾ ਹੈ ਤਾਂ ਅਜਿਹੇ ਸਮੇਂ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਦਲਿਤਾਂ ਦੇ ਪਿੰਡ ਗੁਰੂਸਰ ਮਹਿਰਾਜ ਨੇ ਆਪਣੀ ਹੋਣੀ ਬਦਲਣ ਲਈ ਵੱਖਰੀ ਜੰਗ ਛੇੜੀ ਹੋਈ ਹੈ। ਸਾਰੀ ਦਲਿਤ ਆਬਾਦੀ ਵਾਲੇ ਇਸ ਪਿੰਡ ਵਿੱਚ 63 ਵਰ੍ਹਿਆਂ ਦੀ ਅਨਪੜ੍ਹ ਮਹਿਲਾ ਸਰਪੰਚ ਪਰਮਜੀਤ ਕੌਰ ਨੇ ਪੂਰੇ ਪਿੰਡ ਵਿੱਚ ਸੀਸੀਟੀਵੀ ਕੈਮਰੇ ਲਾ ਦਿੱਤੇ ਹਨ, ਜਿਸ ਮਗਰੋਂ ਕਦੇ ਕੋਈ ਚੋਰੀ ਨਹੀਂ ਹੋਈ। ਕੈਮਰਿਆਂ ਦਾ ਕੰਟਰੋਲ ਰੂਮ ਪੰਚਾਇਤ ਕੋਲ ਹੈ। ਪਿੰਡ ਵਿੱਚ ਸੋਲਰ ਸਟਰੀਟ ਲਾਈਟਾਂ ਲਾਈਆਂ ਗਈਆਂ ਹਨ। ਪੰਚਾਇਤ ਨੇ ਆਪਣੀ ਤਰਫੋਂ ਪੂਰੇ ਪਿੰਡ ਦੇ ਲੋਕਾਂ ਦਾ ਜੀਵਨ ਬੀਮਾ ਕਰਾਇਆ ਹੈ। ਪੰਚਾਇਤ ਨੇ ਐਤਕੀਂ ਬਜਟ ਵਿੱਚ ਕੈਂਸਰ ਤੇ ਕੋਹੜ ਦੇ ਮਰੀਜ਼ਾਂ ਲਈ ਵੱਖਰਾ ਫੰਡ ਕਾਇਮ ਕੀਤਾ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹਲਕਾ ਰਾਮਪੁਰਾ ਵਿੱਚ ਪੈਂਦੇ ਇਸ ਪਿੰਡ ਨੂੰ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਜੀ ਦੀ ਚਰਨ ਛੋਹ ਪ੍ਰਾਪਤ ਹੈ। ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਅਤੇ ਮਗਨਰੇਗਾ ਦੇ ਫੰਡਾਂ ਨਾਲ ਪਿੰਡ ਵਿੱਚ ਆਲੀਸ਼ਾਨ ਪਾਰਕ ਬਣਾਇਆ ਗਿਆ ਹੈ, ਜਿੱਥੇ ਘਾਹ ਤੇ ਸਜਾਵਟੀ ਪੌਦੇ ਲਾਏ ਗਏ ਹਨ। ਇਨ੍ਹਾਂ ਦੀ ਦੇਖਭਾਲ ਵਾਸਤੇ ਬਾਕਾਇਦਾ ਮਾਲੀ ਰੱਖਿਆ ਗਿਆ ਹੈ। ਪੂਰੇ ਪਿੰਡ ਵਿੱਚ ਇੰਟਰਲਾਕਿੰਗ ਟਾਈਲਾਂ ਲਾਉਣ ਦਾ ਕੰਮ ਚੱਲ ਰਿਹਾ ਹੈ। ਪਿੰਡ ਦੇ ਹਰ ਵਾਰਡ ਵਿੱਚ ਵਾਰਡ ਕਮੇਟੀ ਬਣੀ ਹੋਈ ਹੈ, ਜੋ ਵਿਕਾਸ ਕੰਮਾਂ ਦੀ ਅਗਵਾਈ ਕਰਦੀ ਹੈ। ਇਵੇਂ ਪਿੰਡ ਵਿੱਚ ਔਰਤਾਂ ਨੇ ਪ੍ਰਗਤੀਸ਼ੀਲ ਇਸਤਰੀ ਸਭਾ ਬਣਾਈ ਹੋਈ ਹੈ, ਜਿਸ ਦੀ ਪ੍ਰਧਾਨ ਨਸੀਬ ਕੌਰ ਔਰਤਾਂ ਨੂੰ ਚੇਤਨ ਕਰਨ ਵਾਸਤੇ ਕੰਮ ਕਰ ਰਹੀ ਹੈ।ਸਰਪੰਚ ਪਰਮਜੀਤ ਕੌਰ ਨੇ ਦੱਸਿਆ ਕਿ ਪੂਰੀ ਪੰਚਾਇਤ ਦੇ ਸਾਥ ਨੇ ਉਸ ਨੂੰ ਇਹ ਚੇਟਕ ਲਾਈ, ਜਿਸ ਮਗਰੋਂ ਉਨ੍ਹਾਂ ਪੂਰੇ ਪਿੰਡ ਵਿੱਚ ਵਿਕਾਸ ਦਾ ਬੂਟਾ ਲਾਉਣ ਦਾ ਪ੍ਰਣ ਕੀਤਾ। ਪਿੰਡ ਵਿੱਚ ਘਰੇਲੂ ਕਲੇਸ਼ ਤੇ ਲੜਾਈ ਝਗੜੇ ਘਟੇ ਹਨ ਅਤੇ ਪਿੰਡ ਦੀ ਸੋਚ ਵਿੱਚ ਇਨਕਲਾਬੀ ਤਬਦੀਲੀ ਹੈ। ਉਨ੍ਹਾਂ ਵੱਲੋਂ ਹਾੜੀ ਸਾਉਣੀ ਗਰਾਮ ਸਭਾ ਦੇ ਇਜਲਾਸ ਕਰਾ ਕੇ ਲੋਕਾਂ ਦੀ ਪੂਰੀ ਭਾਈਵਾਲੀ ਬਣਾਈ ਜਾਂਦੀ ਹੈ। ਦੱਸਣਯੋਗ ਹੈ ਕਿ ਪਿੰਡ ਦੇ ਕਈ ਅਧਿਆਪਕ ਅਤੇ ਮੁਲਾਜ਼ਮ ਇਸ ਵਿਕਾਸ ਵਿੱਚ ਹਿੱਸੇਦਾਰ ਬਣੇ ਹੋਏ ਹਨ। ਮਾਸਟਰ ਬਲਦੇਵ ਸਿੰਘ ਨੇ ਦੱਸਿਆ ਕਿ ਕਰੀਬ 60 ਫੀਸਦੀ ਲੋਕ ਪੜ੍ਹੇ-ਲਿਖੇ ਹਨ, ਜੋ ਹਰ ਵਰ੍ਹੇ ਪੰਚਾਇਤ ਬਜਟ ਬਣਾਉਣ ਵਿੱਚ ਯੋਗਦਾਨ ਪਾਉਂਦੇ ਹਨ। ਪਿੰਡ ਵਿੱਚ ਸਮਾਜਿਕ ਨਿਆਂ ਕਮੇਟੀ ਅਤੇ ਵਣ ਵਿਕਾਸ ਕਮੇਟੀ ਵੀ ਬਣੀ ਹੋਈ ਹੈ। ਪੰਚਾਇਤ ਮੈਂਬਰ ਕੁਲਵਿੰਦਰ ਸਿੰਘ ਤੇ ਸੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਆਉਂਦੇ ਇਕ ਵਰ੍ਹੇ ਵਿੱਚ ਪਿੰਡ ਨੂੰ ਸ਼ਹਿਰੀ ਰੂਪ ਵਿੱਚ ਲੈ ਆਉਣਾ ਹੈ। ਪੰਚਾਇਤ ਮੈਂਬਰ ਜਸਪਾਲ ਕੌਰ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਅਤੇ ਹਰ ਗਲੀ ਵਿੱਚ ਟ੍ਰੀ ਗਾਰਡਾਂ ਸਮੇਤ ਪੌਦੇ ਲਾਏ ਗਏ ਹਨ। ਆਉਂਦੇ ਦਿਨਾਂ ਵਿੱਚ 24 ਸੋਲਰ ਲਾਈਟਾਂ ਹੋਰ ਲਾਈਆਂ ਜਾਣੀਆਂ ਹਨ। ਛੱਪੜ ਦੇ ਪਾਣੀ ਵਾਸਤੇ ਟਰੀਟਮੈਂਟ ਪਲਾਂਟ ਲੱਗ ਰਿਹਾ ਹੈ। ਵੀ.ਡੀ.ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਪੰਚਾਇਤ ਦੇ ਹਰ ਰਿਕਾਰਡ ਵਾਸਤੇ ਵੱਖੋ-ਵੱਖਰੇ ਰਜਿਸਟਰ ਲਾਏ ਹੋਏ ਹਨ, ਜਿਨ੍ਹਾਂ ਵਿੱਚ ਆਰਟੀਆਈ ਰਜਿਸਟਰ, ਜਨਮ ਮੌਤ ਤੋਂ ਇਲਾਵਾ ਵਿਆਹ ਸਾਹਿਆਂ ਦਾ ਵੱਖਰਾ ਰਜਿਸਟਰ ਲਾਇਆ ਗਿਆ ਹੈ। ਇੱਥੋਂ ਦੀ ਗਰਾਮ ਸਭਾ ਦਾ ਇਜਲਾਸ ਲੋਕ ਰਾਜ ਦਾ ਪ੍ਰਤੱਖ ਰੂਪ ਬਣਦਾ ਹੈ, ਜਿੱਥੇ ਪੰਚਾਇਤ ਵਿਕਾਸ ਕੰਮਾਂ ਅਤੇ ਖਰਚੀ ਰਾਸ਼ੀ ਦਾ ਪਾਈ-ਪਾਈ ਦਾ ਹਿਸਾਬ-ਕਿਤਾਬ ਦਿੰਦੀ ਹੈ। ਦੱਸਣਯੋਗ ਹੈ ਕਿ ਇਸ ਪਿੰਡ ਦੀ ਪੰਚਾਇਤ ਵੀ ਸਰਬਸੰਮਤੀ ਨਾਲ ਬਣੀ ਹੈ, ਜੋ ਹੁਣ ਸਾਂਝਾ ਪ੍ਰਾਈਵੇਟ ਫੰਡ ਵੀ ਕਾਇਮ ਕਰਨ ਦੇ ਰਾਹ ਤੁਰੀ ਹੈ ਤਾਂ ਜੋ ਐਮਰਜੈਂਸੀ ਪੈਣ ਦੀ ਸੂਰਤ ਵਿੱਚ ਪਿੰਡ ਦੇ ਵਸਨੀਕਾਂ ਦੀ ਮਦਦ ਕੀਤੀ ਜਾ ਸਕੇ।
ਹੋਰ ਪਿੰਡ ਵੀ ਸੇਧ ਲੈਣ: ਚੇਅਰਮੈਨઠ
ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦਾ ਪ੍ਰਤੀਕਰਮ ਸੀ ਕਿ ਇਸ ਪਿੰਡ ਦੀ ਪੰਚਾਇਤ ਕਾਫ਼ੀ ਜਾਗਰੂਕ ਹੈ ਅਤੇ ਚੰਗੀ ਸੋਚ ਰੱਖਦੀ ਹੈ। ਇਸ ਕਾਰਨ ਸਰਕਾਰ ਨੇ ਇਸ ਪਿੰਡ ਦੇ ਵਿਕਾਸ ਲਈ ਫੰਡਾਂ ਦੀ ਕਦੇ ਕੋਈ ਕਮੀ ਨਹੀਂ ਰਹਿਣ ਦਿੱਤੀ। ਉਨ੍ਹਾਂ ਆਖਿਆ ਕਿ ਅਜਿਹੇ ਪਿੰਡਾਂ ਤੋਂ ਬਾਕੀ ਪਿੰਡਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ।

RELATED ARTICLES
POPULAR POSTS