Home / ਪੰਜਾਬ / ਹੁਣ ਬਜ਼ੁਰਗਾਂ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਏਗੀ ਸਰਕਾਰ

ਹੁਣ ਬਜ਼ੁਰਗਾਂ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਏਗੀ ਸਰਕਾਰ

logo-2-1-300x105ਨੌਜਵਾਨਾਂ ਨੂੰ ਵਿਰਾਸਤ-ਏ-ਖਾਲਸਾ ਦਿਖਾਉਣ ਦਾ ਫੈਸਲਾ, ਰੋਜ਼ਾਨਾ ਚੱਲਣਗੀਆਂ 111 ਸਰਕਾਰੀ ਬੱਸਾਂ
ਬਠਿੰਡਾ : ਪੰਜਾਬ ਸਰਕਾਰ ਹੁਣ ਬਜ਼ੁਰਗਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਏਗੀ ਜਦੋਂਕਿ ਨੌਜਵਾਨਾਂ ਨੂੰ ਵਿਰਾਸਤ-ਏ-ਖ਼ਾਲਸਾ ਦਿਖਾਇਆ ਜਾਵੇਗਾ। ਇਵੇਂ ਸ਼ਹਿਰੀ ਲੋਕਾਂ ਨੂੰ ਚਿੰਤਪੁਰਨੀ ਦੀ ਯਾਤਰਾ ਕਰਵਾਈ ਜਾਵੇਗੀ। ਇਸ ਯਾਤਰਾ ਦਾ ਸਰਕਾਰੀ ਖ਼ਜ਼ਾਨੇ ‘ਤੇ ਕਰੀਬ 50 ਕਰੋੜ ਰੁਪਏ ਦਾ ਬੋਝ ਪਏਗਾ। ਉਂਜ, ਪੰਜਾਬ ਸਰਕਾਰ ਨੇ ਹੁਣ 2016-17 ਦਾ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਦਾ ਬਜਟ 139.50 ਕਰੋੜ ਤੋਂ ਵਧਾ ਕੇ 271.27 ਕਰੋੜ ਰੁਪਏ ਕਰ ਦਿੱਤਾ ਹੈ।
ਪੰਜਾਬ ਵਿੱਚੋਂ ਹੁਣ ਰੋਜ਼ਾਨਾ 80 ਸਰਕਾਰੀ ਬੱਸਾਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨਾਂ ਲਈ ਲੋਕਾਂ ਨੂੰ ਲਿਜਾਇਆ ਕਰਨਗੀਆਂ ਜਦੋਂਕਿ 20 ਬੱਸਾਂ ਰੋਜ਼ਾਨਾ ਵਿਰਾਸਤ-ਏ-ਖ਼ਾਲਸਾ, ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਇਆ ਕਰਨਗੀਆਂ। ਰੋਜ਼ਾਨਾ 11 ਬੱਸਾਂ ਚਿੰਤਪੁਰਨੀ ਅਤੇ ਸਾਲਾਸਰ ਲਈ ਚੱਲਣਗੀਆਂ। ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਨੂੰ 12 ਅਗਸਤ ਨੂੰ ਜਾਰੀ ਕੀਤੇ ਗਏ ਪੱਤਰ ਅਨੁਸਾਰ 35 ਸਾਲ ਤੱਕ ਦੇ ਨੌਜਵਾਨਾਂ ਲਈ ਮਾਲਵਾ ਖੇਤਰ ਵਿੱਚੋਂ ਰੋਜ਼ਾਨਾ 10 ਬੱਸਾਂ ਪਹਿਲੀ ਸਤੰਬਰ ਤੋਂ ਵਿਰਾਸਤ-ਏ-ਖ਼ਾਲਸਾ ਦਿਖਾਉਣ ਵਾਸਤੇ ਰਵਾਨਾ ਹੋਣਗੀਆਂ। ਸ੍ਰੀ ਹਰਿਮੰਦਰ ਸਾਹਿਬ ਲਈ ਰੋਜ਼ਾਨਾ 50 ਬੱਸਾਂ ਪੀ.ਆਰ.ਟੀ.ਸੀ. ਦੀਆਂ ਅਤੇ 30 ਬੱਸਾਂ ਪੰਜਾਬ ਰੋਡਵੇਜ਼ ਦੀਆਂ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਯਾਤਰੀਆਂ ਨੂੰ ਲੈ ਕੇ ਚੱਲਿਆ ਕਰਨਗੀਆਂ।
ਬਠਿੰਡਾ ਵਿੱਚੋਂ ਅੱਠ ਬੱਸਾਂ, ਮਾਨਸਾ ਤੇ ਬਰਨਾਲਾ ਵਿਚੋਂ ਪੰਜ-ਪੰਜ, ਸੰਗਰੂਰ ਵਿੱਚੋਂ ਅੱਠ ਬੱਸਾਂ, ਪਟਿਆਲਾ ਵਿਚੋਂ ਸੱਤ ਬੱਸਾਂ ਅੰਮ੍ਰਿਤਸਰ ਲਈ ਚੱਲਿਆ ਕਰਨਗੀਆਂ। ਇਸ ਯਾਤਰਾ ਲਈ 31 ਦਸੰਬਰ 2016 ਤੱਕ ਦਾ 27 ਕਰੋੜ ਰੁਪਏ ਦਾ ਖਰਚਾ ਆਵੇਗਾ। ਵਿਰਾਸਤ-ਏ-ਖ਼ਾਲਸਾ ਦਿਖਾਉਣ ‘ਤੇ 31 ਦਸੰਬਰ ਤੱਕ ਦਾ ਖਰਚਾ ਚਾਰ ਕਰੋੜ ਰੁਪਏ ਬਣੇਗਾ ਜਦੋਂਕਿ ਸਾਲਾਸਰ ਤੇ ਚਿੰਤਪੁਰਨੀ ਦਾ ਖਰਚਾ 19.62 ਕਰੋੜ ਬਣੇਗਾ। ਨਵੀਂ ਯਾਤਰਾ ‘ਤੇ 50.62 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਇਸ ਸਕੀਮ ਲਈ ਬਣਾਏ ਦਫਤਰ ਵਾਸਤੇ ਚਾਰ ਹੋਰ ਮੁਲਾਜ਼ਮ ਡੈਪੂਟੇਸ਼ਨ ‘ਤੇ ਲਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ।
ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ਵੱਲੋਂ ਨਵੀਂ ਯਾਤਰਾ ਦਾ ਪ੍ਰਬੰਧ ਕੀਤਾ ਜਾਣਾ ਹੈ। ਪੰਜਾਬ ਸਰਕਾਰ ਨੇ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਨੂੰ ਲਿਖ ਦਿੱਤਾ ਹੈ ਕਿ ਹਰ ਜ਼ਿਲ੍ਹੇ ਨੂੰ ਸ਼ਡਿਊਲ ਮੁਤਾਬਿਕ ਬੱਸਾਂ ਦਿੱਤੀਆਂ ਜਾਣ। ਦੱਸਣਯੋਗ ਹੈ ਕਿ ਵਿੱਤ ਵਿਭਾਗ ਨੇ ਇਸ ਲਈ ਹਾਲੇ ਬਜਟ ਨੂੰ ਪ੍ਰਵਾਨਗੀ ਨਹੀਂ ਦਿੱਤੀ ਹੈ।
ਫੰਡਾਂ ਦਾ ਪ੍ਰਬੰਧ ਹੋ ਗਿਆ ਹੈ: ਕੋਹਾੜ
ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਹੁਣ ਸ੍ਰੀ ਹਰਿਮੰਦਰ ਸਾਹਿਬ ਤੇ ਵਿਰਾਸਤ-ਏ-ਖ਼ਾਲਸਾ ਲਈ ਸਰਕਾਰੀ ਖ਼ਰਚ ‘ਤੇ ਯਾਤਰਾ ਦਾ ਪ੍ਰਬੰਧ ਕੀਤਾ ਹੈ, ਜਿਸ ਨਾਲ ਅਜਿਹੇ ਲੋਕ ਦਰਸ਼ਨ ਕਰ ਸਕਣਗੇ ਜੋ ਮਾਇਕ ਤੰਗੀ ਕਾਰਨ ਜਾ ਨਹੀਂ ਸਕਦੇ ਸਨ। ਉਨ੍ਹਾਂ ਆਖਿਆ ਕਿ ਯਾਤਰਾ ਲਈ ਫੰਡਾਂ ਦਾ ਪ੍ਰਬੰਧ ਹੋ ਗਿਆ ਹੈ ਤੇ ਬਜਟ ਵਗੈਰਾ ਨੂੰ ਵੀ ਲੋੜੀਂਦੀ ਪ੍ਰਵਾਨਗੀ ਮਿਲ ਗਈ ਹੈ।

Check Also

ਕਿਸਾਨ ਅੰਦੋਲਨ ਖਤਮ ਕਰਵਾਉਣ ਲਈ ਸਰਕਾਰ ਘੜ ਰਹੀ ਹੈ ਸਾਜਿਸ਼ : ਡੱਲੇਵਾਲ

ਕਿਸਾਨ ਵੀਰਾਂ ਨੂੰ ਅੰਦੋਲਨ ’ਚ ਡਟੇ ਰਹਿਣ ਦੀ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ ਸੰਯੁਕਤ ਕਿਸਾਨ ਮੋਰਚੇ …