Breaking News
Home / ਰੈਗੂਲਰ ਕਾਲਮ / … ਬਹਿ ਜਾ ਮੇਰੇ ਸਾਈਕਲ ‘ਤੇ ਟੱਲੀਆਂ ਵਜਾਉਂਦਾ ਜਾਊਂ

… ਬਹਿ ਜਾ ਮੇਰੇ ਸਾਈਕਲ ‘ਤੇ ਟੱਲੀਆਂ ਵਜਾਉਂਦਾ ਜਾਊਂ

ਦਿਲੋ- ਦਿਮਾਗ ਦੀ ਤੰਦਰੁਸਤੀ ਲਈ ਜ਼ਰੂਰਤ ਹੈ ਰੋਹਿਤ ਗਰਗ ਵਾਂਗ ਸਾਈਕਲਿੰਗ ਨੂੰ ਇਕ ਮਿਸ਼ਨ ਬਣਾਉਣ ਦੀ
ਦੀਪਕ ਸ਼ਰਮਾ ਚਨਾਰਥਲ
ਸਾਈਕਲ ਨਾਲ ਭਾਰਤੀਆਂ ਦਾ ਖਾਸਾ ਨਾਤਾ ਰਿਹਾ ਹੈ। ਜਦੋਂ ਆਵਾਜਾਈ ਦੇ ਸਾਧਨ ਨਹੀਂ ਹੁੰਦੇ ਸਨ, ਜਦੋਂ ਲੋਕਾਂ ਕੋਲ ਅੱਤ ਦਾ ਪੈਸਾ ਨਹੀਂ ਹੁੰਦਾ ਸੀ, ਜਦੋਂ ਲੋਕਾਂ ਨੂੰ ਦਿਖਾਵੇ ਦੀ ਆਦਤ ਨਹੀਂ ਸੀ ਤਦ ਸਾਈਕਲ ਵੀ ਇਕ ਸ਼ਾਨਦਾਰ ਸਵਾਰੀ ਹੁੰਦਾ ਸੀ। ਇਕ ਪਿੰਡ ਤੋਂ ਦੂਜੇ ਪਿੰਡ ਤੱਕ ਜਾਣ ਲਈ, ਪਿੰਡ ਤੋਂ ਸ਼ਹਿਰ ਤੱਕ ਜਾਣ ਲਈ, ਸ਼ਹਿਰਾਂ ਤੋਂ ਗਲੀ-ਗਲੀ, ਮੁਹੱਲੇ-ਮੁਹੱਲੇ, ਪਿੰਡ-ਪਿੰਡ ਤੱਕ ਰੋਜ਼ਗਾਰ ਨਾਂ ਦੀ ਦੁਕਾਨ ਚਲਾਉਣ ਲਈ ਸਾਈਕਲ ਹੀ ਸਹਾਈ ਹੁੰਦਾ ਸੀ। ਇਕ ਦੌਰ ਉਹ ਰਿਹਾ ਹੈ ਜਦੋਂ ਸਾਈਕਲ ਸ਼ੌਕ ਲਈ ਨਹੀਂ, ਘਰ ਦੀ ਰੋਜ਼ੀ ਰੋਟੀ ਚਲਾਉਣ ਲਈ ਚਲਾਇਆ ਜਾਂਦਾ ਸੀ। ਅਜਿਹੇ ਵਕਤ ਵਿਚ ਜਦੋਂ ਲੋਕ ਆਪਣਾ ਲੰਬਾ ਪੈਂਡਾ ਪੈਦਲ ਤੁਰ ਕੇ ਪੂਰਾ ਕਰਦੇ ਸਨ, ਉਹਨਾਂ ਦਿਨਾਂ ਵਿਚ ਜੇਕਰ ਲਾਗੇ ਤੋਂ ਕਿਸੇ ਨੇ ਸਾਈਕਲ ‘ਤੇ ਲੰਘ ਜਾਣਾ ਤਾਂ ਉਸ ਦਾ ਵੀ ਸ਼ਾਹੀ ਠਾਠ ਮੰਨਿਆ ਜਾਂਦਾ ਸੀ। ਸਾਈਕਲ ਸਾਡੇ ਕੰਮ-ਕਾਜ ਨਾਲ, ਢੋਆ-ਢੋਆਈ ਨਾਲ ਜੁੜਦਾ-ਜੁੜਦਾ ਪਰਿਵਾਰ ਦਾ, ਸਮਾਜ ਦਾ ਇਕ ਅਤੁੱਟ ਅੰਗ ਬਣ ਗਿਆ ਸੀ। ਆਪਣੇ ਬਜ਼ੁਰਗਾਂ ਤੋਂ ਜਾਂ ਪਿੰਡ ਦੀ ਸੱਥ ਵਿਚ ਮੈਂ ਗੱਲਾਂ ਆਮ ਸੁਣੀਆਂ ਹਨ ਕਿ ਫਲਾਣਿਆਂ ਦੇ ਘਰ ਵਿਆਹ ਵਿਚ ਸਾਈਕਲ ਤੇ ਰੇਡੀਓ ਆਇਆ, ਬਹੁਤ ਬੱਲੇ-ਬੱਲੇ ਹੋਈ। ਇਥੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਦਹੇਜ ਤਾਂ ਹਰ ਦੌਰ ਵਿਚ ਵਿਖਾਵੇ ਦੀ ਵਸਤੂ ਰਿਹਾ ਹੈ ਤੇ ਉਸਦਾ ਹਿੱਸਾ ਜਦ-ਜਦ ਸਾਈਕਲ ਵੀ ਬਣਿਆ, ਤਦ-ਤਦ ਚਰਚਾ ਵੀ ਹੋਈ ਹੈ।
ਜਦੋਂ ਅਸੀਂ ਹੋਸ਼ ਸੰਭਾਲੀ ਤਦ ਦਾਜ ਵਿਚ ਕਿਸੇ-ਕਿਸੇ ਘਰ ਤੋਂ ਪ੍ਰੀਆ ਸਕੂਟਰ ਮਿਲਣ ਦੀ ਖਬਰ ਵੀ ਸੁਣ ਲੈਂਦੇ ਸਾਂ। ਲੂਨਾ ਆਦਿ ਤਾਂ ਦਾਜ ਵਿਚ ਆਉਣ ਲੱਗ ਪਈਆਂ ਸਨ। ਪਰ ਉਸ ਦੌਰ ਵਿਚ ਵੀ ਸਾਈਕਲ ਗਰੀਬ ਘਰਾਂ, ਆਮ ਘਰਾਂ ਤੇ ਖਾਸ ਘਰਾਂ ਦਾ ਵੀ ਇਕ ਅਤੁੱਟ ਅੰਗ ਸੀ। ਬਾਹਰ ਕਿਉਂ ਜਾਵਾਂ, ਮੇਰੇ ਬਾਪੂ ਦਾ ਸਾਥ ਜੇਕਰ ਸਭ ਤੋਂ ਲੰਮਾ ਸਮਾਂ ਕਿਸੇ ਨੇ ਦਿੱਤਾ ਤਾਂ ਉਹ ਸਾਈਕਲ ਹੀ ਸੀ। ਕੀ ਮੀਂਹ, ਕੀ ਹਨੇਰੀ, ਕੀ ਝੱਖੜ, ਕੀ ਗਰਮੀ, ਕੀ ਸਰਦੀ ਚਾਹੇ ਕੋਈ ਮੌਸਮ ਆਵੇ, ਚਾਹੇ ਕੋਈ ਮੌਸਮ ਜਾਵੇ, ਚਾਹੇ ਪੰਜਾਬ ਵਿਚ ਕਾਲੇ ਦਿਨ ਆਏ ਤੇ ਚਾਹੇ ਸੂਰਜ ਚੜ੍ਹਿਆ, ਪਰ ਬਾਪੂ ਸਾਈਕਲ ‘ਤੇ ਹੀ ਆਪਣੀ ਜ਼ਿੰਦਗੀ ਚਲਾਉਂਦਾ ਰਿਹਾ। ਹਰ ਰੋਜ਼ ਕਰੀਬ 25 ਤੋਂ 30 ਕਿਲੋਮੀਟਰ ਦਫਤਰ ਦਾ ਆਉਣਾ-ਜਾਣਾ ਸਾਈਕਲ ‘ਤੇ ਹੀ ਹੁੰਦਾ। ਉਸੇ ਸਾਈਕਲ ‘ਤੇ ਘਰ ਦਾ ਆਟਾ ਵੀ ਆਉਂਦਾ, ਘਰ ਨੂੰ ਲਿੱਪਣ ਲਈ ਮਿੱਟੀ ਵੀ ਆਉਂਦੀ ਰਹੀ। ਚੁੱਲ੍ਹਾ ਬਾਲਣ ਲਈ ਲੱਕੜਾਂ ਵੀ ਉਸੇ ਸਾਈਕਲ ਨੇ ਢੋਈਆਂ। ਵਕਤ ਬਦਲਿਆ ਕੱਚੇ ਘਰ ਤੋਂ ਜਦ ਪੱਕਾ ਘਰ ਬਣਿਆ ਤਦ ਉਸੇ ਸਾਈਕਲ ‘ਤੇ ਸੀਮੈਂਟ ਦੇ ਥੈਲੇ ਵੀ ਢੋਏ ਤੇ ਉਸੇ ਸਾਈਕਲ ‘ਤੇ ਛੱਤ ਦੇ ਬਾਲੇ ਵੀ ਆਏ। ਇਹੋ ਸਾਈਕਲ ਸਿਲੰਡਰ ਵੀ ਢੋਂਹਦਾ ਰਿਹਾ। ਅਜਿਹਾ ਕੁਝ ਇਕੱਲੇ ਮੇਰੇ ਘਰ ਨਹੀਂ ਆਮ ਘਰਾਂ ਵਿਚ ਸਾਈਕਲ ਇਵੇਂ ਹੀ ਕੰਮ ਕਰਦਾ ਰਿਹਾ।
ਮੈਨੂੰ ਯਾਦ ਹੈ ਕਿ ਬਾਪੂ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਜੇਕਰ ਦਸਵੀਂ ਵਿਚੋਂ ਤੂੰ ਫਸਟ ਆਇਆ ਤਾਂ ਤੈਨੂੰ ਨਵਾਂ ਸਾਈਕਲ ਲੈ ਕੇ ਦਿਆਂਗਾ। ਬੜਾ ਇੰਤਜ਼ਾਰ ਸੀ, ਦਸਵੀਂ ਦੇ ਨਤੀਜੇ ਦਾ ਤੇ ਬੜਾ ਚਾਅ ਸੀ ਨਵੇਂ ਸਾਈਕਲ ਦਾ। ਨਤੀਜਾ ਆਇਆ ਮੈਂ ਸਕੂਲ ਵਿਚੋਂ ਹੀ ਨਹੀਂ, ਪੂਰੇ ਸੈਂਟਰ ਵਿਚੋਂ ਪਹਿਲੀ ਪੁਜੀਸ਼ਨ ਹਾਸਲ ਕੀਤੀ ਤੇ ਨਤੀਜਾ ਸੁਣਦੇ ਹੀ ਮੇਰੇ ਮੂਹਰੇ ਨਵਾਂ ਸਾਈਕਲ ਘੁੰਮਣ ਲੱਗਾ। ਪਰ ਮੈਨੂੰ ਗਿਆਰਵੀਂ ਵਿਚ ਭੂਆ ਕੋਲ ਦਿੱਲੀ ਭੇਜ ਦਿੱਤਾ ਗਿਆ ਤੇ ਮੈਂ ਨੋਇਡਾ ਇਕ ਪ੍ਰਾਈਵੇਟ ਸਕੂਲ ਵਿਚ ਗਿਆਰਵੀਂ ਕਲਾਸ ਵਿਚ ਕਾਮਰਸ ਸੈਕਸ਼ਨ ਵਿਚ ਦਾਖਲਾ ਲੈ ਲਿਆ। ਸਕੂਲ ਪ੍ਰਾਈਵੇਟ, ਕਾਮਰਸ ਦੀ ਸਿੱਖਿਆ ਦਿੱਲੀ ਵਰਗਾ ਖੇਤਰ, ਵੱਧ ਫੀਸਾਂ, ਮਹਿੰਗੀਆਂ ਵਰਦੀਆਂ ਇਨ੍ਹਾਂ ਖਰਚਿਆਂ ਤੋਂ ਡਰਦਿਆਂ ਮੈਂ ਆਪ ਹੀ ਆਖ ਦਿੱਤਾ ਕਿ ਨਵਾਂ ਸਾਈਕਲ ਨਹੀਂ ਚਾਹੀਦਾ। ਫਿਰ ਮੈਨੂੰ ਸਕੂਲ ਜਾਣ ਲਈ ਮੇਰੇ ਫੁੱਫੜ ਜੀ ਦੀ ਫੈਕਟਰੀ ਦੇ ਮਾਲਕ ਦੀ ਕੁੜੀ ਦਾ ਲਾਲ ਰੰਗ ਦਾ ਲੇਡੀ ਸਾਈਕਲ ਦੇ ਦਿੱਤਾ ਗਿਆ ਤੇ ਮੈਂ ਉਸ ਨੂੰ ਸੰਗਲੀ ਦੀ ਚੈਨ ਵਿਚ ਪਿੱਤਲ ਦਾ ਤਾਲਾ ਲਾ ਕੇ ਸਕੂਲੇ ਜਾ ਖੜ੍ਹਾ ਕਰਦਾ। ਦੋ ਸਾਲ ਇਹੋ ਸਾਈਕਲ ਮੇਰਾ ਸਾਥੀ ਰਿਹਾ।
ਇਸ ਦੌਰ ਵਿਚ ਸਕੂਲਾਂ, ਕਾਲਜਾਂ ਨੂੰ ਜਾਣ ਵਾਲੇ ਵਿਦਿਆਰਥੀ ਆਮ ਤੌਰ ‘ਤੇ ਸਾਈਕਲਾਂ ‘ਤੇ ਹੀ ਜਾਂਦੇ ਸਨ। ਸਕੂਲਾਂ ਵਿਚ ਅਧਿਆਪਕ ਸਾਈਕਲਾਂ ‘ਤੇ ਹੀ ਆਉਂਦੇ। ਹਾਂ, ਸਕੂਟਰਾਂ ਦੀ ਗਿਣਤੀ ਵਧਣ ਲੱਗ ਪਈ ਸੀ। ਕਨੈਟਿਕ ਦਿਸਣ ਲੱਗ ਪਏ ਸਨ। ਅੰਬੈਸਡਰ ਤੋਂ ਲੈ ਕੇ ਫੀਅਟ ਤੱਕ ਤੇ ਫੀਅਟ ਤੋਂ ਅੱਗੇ ਲੰਘ ਮਾਰੂਤੀ ਕਾਰ ਵੀ ਅਫਸਰਾਂ, ਪ੍ਰੋਫੈਸਰਾਂ, ਡਾਕਟਰਾਂ ਜਾਂ ਕੁਝ ਵੱਡੇ ਘਰਾਂ ਦੇ ਬੂਹਿਆਂ ਅੱਗੇ ਖੜ੍ਹੀਆਂ ਨਜ਼ਰ ਆਉਣ ਲੱਗ ਪਈਆਂ ਸਨ, ਪਰ ਸਾਈਕਲ ਦਾ ਰੁਤਬਾ ਅਜੇ ਵੀ ਬਰਕਰਾਰ ਸੀ। ਖੇਤਾਂ ਵੱਲ ਨੂੰ ਜਾਂਦੇ ਕਿਸਾਨ, ਦਿਹਾੜੀ ਕਰਨ ਜਾਂਦੇ ਮਜ਼ਦੂਰ, ਫੈਕਟਰੀਆਂ ਨੂੰ ਜਾਂਦੀ ਲੇਬਰ, ਸਰਕਾਰੀ ਮੁਲਾਜ਼ਮ ਤੇ ਵਿਦਿਆਰਥੀਆਂ ਸੰਗ ਸਾਈਕਲ ਦੀ ਯਾਰੀ ਪੱਕੀ ਰਹੀ। ਮੈਂ ਜਦੋਂ ਗਰੈਜੂਏਸ਼ਨ ਕਰਨ ਲਈ ਪੰਜਾਬ ਦੇ ਸੋਹਣੇ ਅਤੇ ਹਰੇ ਭਰੇ ਸ਼ਹਿਰ ਨੰਗਲ ਆ ਗਿਆ ਤਦ ਇੱਥੇ ਪੰਛੀਆਂ ਦੀਆਂ ਡਾਰਾਂ ਵਾਂਗ ਕੁੜੀਆਂ ਅਤੇ ਮੁੰਡਿਆਂ ਦੇ ਵੱਡੀ ਗਿਣਤੀ ਵਿਚ ਝੁੰਡ ਸਾਈਕਲਾਂ ‘ਤੇ ਨਜ਼ਰੀਂ ਆ ਜਾਂਦੇ। ਕੋਈ ਆਪਣੇ ਸਕੂਲੇ ਜਾਂਦਾ ਹੁੰਦਾ, ਕੋਈ ਆਈ ਟੀ ਆਈ ਨੂੰ ਤੇ ਕੋਈ ਗਰੁੱਪ ਈਟੀਟੀ ਕਰਨ ਅਤੇ ਇੰਝ ਹੀ ਸ਼ਿਵਾਲਿਕ ਕਾਲਜ ਨੂੰ ਜਾਣ ਵਾਲੀ ਮੌਜੋਵਾਲ ਦੀ ਸੜਕ ‘ਤੇ ਸਵੇਰੇ ਲਾਈਨਾਂ ਬੱਧੀ ਸਾਈਕਲ ਹੀ ਸਾਈਕਲ ਦਿਖਾਈ ਦਿੰਦੇ ਤੇ ਬਾਅਦ ਦੁਪਹਿਰ ਉਹੀ ਸਾਈਕਲ ਕਾਲਜ ਤੋਂ ਨਿਕਲ ਸ਼ਹਿਰ ਵੱਲ ਨੂੰ ਪਰਤਦੇ ਨਜ਼ਰ ਆਉਂਦੇ।
ਅਸਲ ਵਿਚ ਤਦ ਸਾਈਕਲ ਜ਼ਰੂਰਤ ਵੀ ਸੀ ਤੇ ਅਸੀਂ ਦਿਖਾਵੇ ਵਾਲੀ ਪੌੜੀ ਅਜੇ ਨਹੀਂ ਚੜ੍ਹੇ ਸੀ। ਪਰ ਅੱਜ ਦਿਖਾਵਾ ਵੀ ਏਨਾ ਜ਼ਿਆਦਾ ਹੋ ਗਿਆ ਤੇ ਅਸੀਂ ਬਿਨਾ ਮਤਲਬ ਤੋਂ ਰੇਸ ਦਾ ਹਿੱਸਾ ਵੀ ਏਨਾ ਜ਼ਿਆਦਾ ਬਣ ਗਏ ਕਿ ਸਾਈਕਲ ਕਿਤੇ ਪਿੱਛੇ ਰਹਿ ਗਿਆ ਅਤੇ ਅਸੀਂ ਬਹੁਤ ਤੇਜ਼ੀ ਨਾਲ ਆਧੁਨਿਕ ਸਾਧਨਾਂ ‘ਤੇ ਚੜ੍ਹ ਇਕ ਉਹ ਰੇਸ ਦੌੜਨ ਲੱਗੇ ਜਿਸਦਾ ਕਿਤੇ ਵੀ ਜਾ ਕੇ ਅੰਤ ਨਹੀਂ ਹੁੰਦਾ।
ਸਾਈਕਲ ਦੀ ਜ਼ਰੂਰਤ ਅੱਜ ਵੀ ਹੈ। ਪਰ ਅੱਜ ਉਸਦੇ ਮਹੱਤਵ ਬਦਲ ਗਏ ਹਨ। ਇਸ ਤੋਂ ਪਹਿਲਾਂ ਕਿ ਮੈਂ ਸਾਈਕਲ ਨੂੰ ਲੈ ਕੇ ਮੌਜੂਦਾ ਹਾਲਾਤਾਂ ਨੂੰ ਛੂਹਵਾਂ। ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਮੈਨੂੰ ਸਾਈਕਲ ਦੀ ਯਾਦ ਇਸ ਲਈ ਆਈ ਕਿ ਮੇਰਾ ਇਕ ਕਾਲਜ ਸਮੇਂ ਦਾ ਸੀਨੀਅਰ ਅਤੇ ਉਸਾਰੂ ਸੋਚ ਦਾ ਸਾਥੀ ਸਾਈਕਲ ‘ਤੇ ਮੈਨੂੰ ਨਜ਼ਰ ਆ ਗਿਆ। ਕਾਲਜ ਨੂੰ ਆਉਣ ਜਾਣ ਵਾਲੇ ਇਨ੍ਹਾਂ ਵਿਦਿਆਰਥੀਆਂ ਦੀ ਭੀੜ ਵਿਚ ਰੋਹਿਤ ਗਰਗ ਵੀ ਸਾਈਕਲ ‘ਤੇ ਕਾਲਜ ਦਾ ਗੇਟ ਟੱਪਦਾ ਦਿਸ ਜਾਂਦਾ। ਕਦੋਂ ਉਸ ਨੇ ਸਾਈਕਲ ਤੋਂ ਉਤਰ ਜਹਾਜ਼ ਰਾਹੀਂ ਉਡਾਨ ਭਰੀ, ਪਤਾ ਹੀ ਨਹੀਂ ਚੱਲਿਆ। ਵੇਖਦਿਆਂ-ਵੇਖਦਿਆਂ ਤਰੱਕੀ ਦੀਆਂ ਪੌੜੀਆਂ ਚੜ੍ਹਦਾ-ਚੜ੍ਹਦਾ ਰੋਹਿਤ ਗਰਗ ਦੁਬਈ ਦੀ ਨਾਮਵਰ ਕੰਪਨੀ ਅਲ ਹਬਤੂਰ ਇਨਵੈਸਟਮੈਂਟ ਵਿਚ ਚੀਫ ਫਾਈਨੈਂਸ਼ੀਅਲ ਅਫਸਰ ਜਾ ਲੱਗਾ। ਹੁਣ ਜਦ ਅਜਿਹਾ ਨੌਜਵਾਨ ਜਿਸਦੀ ਜੇਬੇ ਨੋਟ ਵੀ ਚੰਗੇ ਹੋਣ, ਦਿੱਖ ਵੀ ਚੰਗੀ ਹੋਵੇ ਤੇ ਉਹ ਫਿਰ ਵੀ ਮੌਜੂਦਾ ਦੌਰ ਦੇ ਨੌਜਵਾਨਾਂ ਵਾਂਗ ਵਿਖਾਵੇ ਦੀ ਦੌੜ ਤੋਂ ਹਟ ਕੇ ਉਸੇ ਪਿੰਡ ਸਹਿਜੋਵਾਲ ਵਾਲੇ ਕਾਲਜੀਏਟ ਰੋਹਿਤ ਗਰਗ ਵਾਂਗ ਸਾਈਕਲ ‘ਤੇ ਨੰਗਲ ਦੀਆਂ ਸੜਕਾਂ ‘ਤੇ ਨਜ਼ਰ ਆਵੇ ਤਾਂ ਦਿਲ ਨੂੰ ਟੁੰਬਦਾ ਹੈ।
ਰੋਹਿਤ ਗਰਗ ਨੇ ਸਾਈਕਲਿੰਗ ਨੂੰ ਇਕ ਮਿਸ਼ਨ ਬਣਾ ਲਿਆ ਹੈ। ਉਹ ਚਾਹੇ ਦੁਬਈ ਵਿਚ ਹੋਵੇ ਤੇ ਚਾਹੇ ਪੰਜਾਬ ਵਿਚ, ਚਾਹੇ ਨੰਗਲ ਵਿਚ ਤੇ ਚਾਹੇ ਪਿੰਡ ਸਹਿਜੋਵਾਲ ਵਿਚ। ਉਹ ਸਾਈਕਲ ‘ਤੇ ਆਮ ਹੀ ਨਜ਼ਰ ਆ ਜਾਂਦਾ ਹੈ ਤੇ ਆਪਣੇ ਆਲੇ-ਦੁਆਲੇ ਵਸਣ ਵਾਲਿਆਂ ਨੂੰ, ਵਿਚਰਨ ਵਾਲਿਆਂ ਨੂੰ, ਜਾਣ-ਪਛਾਣ ਵਾਲਿਆਂ ਤੇ ਅਣਜਾਣ ਨੂੰ ਵੀ ਪ੍ਰੇਰਦਾ ਹੈ ਕਿ ਸਾਈਕਲ ਤੋਂ ਦੂਰ ਹੋ ਕੇ ਤੁਸੀਂ ਆਪਣੀ ਤੰਦਰੁਸਤ ਸਿਹਤ ਤੋਂ ਵੀ ਦੂਰ ਹੋ ਜਾਵੋਗੇ। ਇਸੇ ਮਿਸ਼ਨ ਨੂੰ ਲੈ ਕੇ ਰੋਹਿਤ ਗਰਗ ਇਸ ਵਾਰ ਵੀ ਜਦੋਂ ਲੰਘੇ ਦਿਨੀਂ ਨੰਗਲ ਆਇਆ ਤੇ ਉਹ ਇਸ ਮੁਹਿੰਮ ਨੂੰ ਇਸ ਸਿਖਰ ਤੱਕ ਲੈ ਗਿਆ ਕਿ ਉਸਦੀ ਚਰਚਾ ਮੀਡੀਆ ਵਿਚ ਵੀ ਹੋਈ। ਖੁਸ਼ੀ ਹੁੰਦੀ ਹੈ ਕਿ ਉਹ ਸਾਡਾ ਸੀਨੀਅਰ ਸਾਥੀ ਹੈ ਤੇ ਸਾਡੇ ਲਈ ਅੱਜ ਵੀ ਸੇਧਦਾਇਕ ਬਣਿਆ ਹੋਇਆ ਹੈ।  ਗੱਲ ਤਾਂ ਸਹੀ ਹੈ, ਅੱਜ ਸਾਈਕਲ ਦੀ ਜ਼ਰੂਰਤ ਦੇ ਮਹੱਤਵ ਬਦਲ ਗਏ ਹਨ। ਪਹਿਲਾਂ ਲੋਕ ਸਾਈਕਲ ਲੋੜ ਲਈ ਚਲਾਉਂਦੇ ਸਨ, ਜ਼ਰੂਰਤ ਲਈ ਚਲਾਉਂਦੇ ਸਨ ਪਰ ਅੱਜ ਸ਼ੋਅ ਔਫ ਕਰਨ ਲਈ ਚਲਾਉਂਦੇ ਹਨ, ਦਿਖਾਵੇ ਲਈ ਚਲਾਉਂਦੇ ਹਨ, ਫੈਸ਼ਨ ਲਈ ਚਲਾਉਂਦੇ ਹਨ। ਅਜਿਹੀ ਦਿਖਾਵੇ ਵਾਲੀ ਭੀੜ ਵਿਚ ਸਾਈਕਲਾਂ ਦੀ ਵੀ ਇਕ ਕੈਟਾਗਿਰੀ ਬਣ ਗਈ ਹੈ। ਸਾਈਕਲ ਵੀ ਬਰੈਂਡ ਬਣ ਗਏ ਹਨ। ਬੱਚੇ ਵੀ 25-25, 40-40 ਹਜ਼ਾਰ ਦੇ ਸਾਈਕਲਾਂ ਦੀ ਡਿਮਾਂਡ ਆਪਣੇ ਜਨਮ ਦਿਨ ‘ਤੇ ਆਮ ਹੀ ਮਾਂ-ਬਾਪ ਅੱਗੇ ਰੱਖ ਦਿੰਦੇ ਹਨ। ਚੰਡੀਗੜ੍ਹ ਵਿਚ ਤਾਂ ਇਕ-ਦੋ ਵਾਰ ਅਜਿਹੀ ਖਬਰ ਵੀ ਆਈ ਕਿ ਡੇਢ ਲੱਖ ਦਾ ਸਾਈਕਲ ਚੋਰੀ ਹੋ ਗਿਆ। ਅਜਿਹੇ ਮਹਿੰਗੇ ਸਾਈਕਲ ਨਾ ਤਾਂ ਘਰੇਲੂ ਲੋੜ ਲਈ ਘਰਾਂ ਵਿਚ ਹਨ ਤੇ ਨਾ ਹੀ ਜ਼ਰੂਰਤ ਲਈ। ਹਾਂ, ਅਜਿਹੇ ਮਹਿੰਗੇ ਸਾਈਕਲ ਖੁਦ ਨੂੰ ਅਮੀਰ ਦਿਖਾਉਣ ਲਈ ਤੇ ਉਸੇ ਦਿਖਾਵਾ ਕਲਚਰ ਦਾ ਹਿੱਸਾ ਹਨ। ਠੀਕ ਹੈ, ਵਕਤ ਦੇ ਹਿਸਾਬ ਨਾਲ, ਸਮਾਜ ਦੀ ਦੌੜ ਦੇ ਹਿਸਾਬ ਨਾਲ, ਕੰਮ ਕਾਰ ਦੇ ਹਿਸਾਬ ਨਾਲ ਜੇਕਰ ਤੁਸੀਂ ਤੇਜ਼ੀ ਫੜਨ ਲਈ ਸਾਧਨ ਬਦਲ ਲਏ ਹਨ ਤਾਂ ਫਿਰ ਸਾਈਕਲ ਦੀ ਜ਼ਰੂਰਤ ਤੰਦਰੁਸਤੀ ਲਈ ਹੈ, ਸਰੀਰ ਦੀ ਫਿਟਨੈਸ ਲਈ ਹੈ, ਤਾਂ ਉਸਦੇ ਲਈ ਮਹਿੰਗੇ ਨਹੀਂ ਸਧਾਰਨ ਸਾਈਕਲਾਂ ਨਾਲ ਵੀ ਸਾਰਿਆ ਜਾ ਸਕਦਾ ਹੈ। ਫਿਰ ਰੋਹਿਤ ਗਰਗ ਵਰਗੇ ਨੌਜਵਾਨ ਪ੍ਰੇਰਦੇ ਹਨ ਕਿ ਤੁਹਾਨੂੰ ਵਜ਼ਨ ਘਟਾਉਣ ਲਈ, ਮਸਲ ਬਣਾਉਣ ਲਈ, ਜਿੰਮ ਜਾਣ ਦੀ ਲੋੜ ਨਹੀਂ, ਬੱਸ ਸਾਈਕਲ ਚਲਾਓ। ਜੇਕਰ ਅੱਜ ਦੇ ਨੌਜਵਾਨ, ਅੱਜ ਦੇ ਵੱਡੀ ਉਮਰ ਦੇ ਲੋਕ ਮੁੜ ਸਾਈਕਲਾਂ ‘ਤੇ ਆ ਜਾਣ ਤਾਂ ਉਹਨਾਂ ਦੇ ਚਿਹਰੇ ‘ਤੇ ਗਲੋ ਵੀ ਨਜ਼ਰ ਆਵੇਗਾ, ਤਣਾਅ ਵੀ ਘਟ ਜਾਵੇਗਾ, ਵਾਤਾਵਰਣ ਨੂੰ ਸ਼ੁੱਧ ਕਰਨ ਵਿਚ ਵੀ ਤੁਸੀਂ ਸਹਾਈ ਹੋ ਜਾਵੋਗੇ, ਬਿਨਾ ਨੀਂਦ ਦੀ ਗੋਲੀ ਖਾਧੇ ਨੀਂਦ ਵੀ ਵਧੀਆ ਲੈ ਸਕੋਗੇ, ਜਵਾਨੀ ਵੀ ਪਰਤ ਆਵੇਗੀ, ਦਿਮਾਗੀ ਤੌਰ ‘ਤੇ ਵੀ ਤੁਸੀਂ ਹੋਰ ਚੁਸਤ-ਦਰੁਸਤ ਹੋ ਜਾਵੋਗੇ, ਦਿਲ ਵੀ ਤੇ ਸਰੀਰ ਵੀ ਤੁਹਾਡਾ ਲੰਮੀ ਉਮਰ ਸਾਥ ਦੇਵੇਗਾ, ਅੱਧੀ ਤੋਂ ਜ਼ਿਆਦਾ ਬਿਮਾਰੀਆਂ ਵੀ ਖੁਦ ਹੀ ਭੱਜ ਜਾਣਗੀਆਂ। ਹਾਂ, ਉਮਰ ਜ਼ਰੂਰ ਵਧ ਜਾਵੇਗੀ ਤੇ ਜੇਬ ਵਿਚ ਨੋਟਾਂ ਦੀ ਬਚਤ ਵੀ ਹੋਣੀ ਸ਼ੁਰੂ ਹੋ ਜਾਵੇਗੀ। ਸੋ ਸਾਈਕਲ ਦਿਖਾਵੇ ਲਈ ਨਹੀਂ, ਆਪਣੀ ਤੰਦਰੁਸਤੀ ਲਈ, ਦਿਲ ਦਿਮਾਗ ਤੋਂ ਤਕੜੇ ਹੋਣ ਲਈ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਹੀ ਚਲਾ ਲਵੋ। .. .. ਆ ਜਾ ਬਹਿ ਜਾ ਮੇਰੇ ਸਾਈਕਲ ‘ਤੇ, ਟੱਲੀਆਂ ਵਜਾਉਂਦਾ ਜਾਊਂ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …