Breaking News
Home / ਰੈਗੂਲਰ ਕਾਲਮ / ਹਮੇਸ਼ਾ ਚੇਤੇ ਰਹੂ ਮੇਹਰ ਮਿੱਤਲ

ਹਮੇਸ਼ਾ ਚੇਤੇ ਰਹੂ ਮੇਹਰ ਮਿੱਤਲ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
ਮੇਹਰ ਮਿੱਤਲ ਨਾਲ ਮੇਰੀ ਪਹਿਲੀ ਤੇ ਆਖਰੀ ਮਿਲਣੀ ਸੰਨ 1997 ਵਿੱਚ ਮਲੇਰਕੋਟਲੇ ਦੇ ਸਭਿਆਚਾਰਕ ਮੇਲੇ ਵਿੱਚ ਹੋਈ ਸੀ। ਮੇਹਰ ਮਿੱਤਲ ਤੇ ਸੂਫੀ ਗਾਇਕ ਪੂਰਨ ਸ਼ਾਹਕੋਟੀ ਤੇ ਪਟਿਆਲਾ ਸੰਗੀਤ ਘਰਾਣੇ ਦੇ ਆਖਰੀ ਚਿਰਾਗ ਉਸਤਾਦ ਜਨਾਬ ਬਾਕੁਰ ਹੁਸੈਨ ਖਾਂ ਜੀ ਦਾ ਉਥੇ  ਸਨਮਾਨ ਹੋਣਾ ਸੀ। ਪ੍ਰੋਗਰਾਮ ਦਾ ਮੰਚ ਸੰਚਾਲਨ ਬੀਬੀ ਆਸ਼ਾ ਸ਼ਰਮਾ ਕਰ ਰਹੀ ਸੀ, ਜੋ ਅਜੇ ਅਮਰੀਕਾ ਨਿਵਾਸੀ ਨਹੀਂ ਸੀ ਹੋਈ। ਮਲੇਰਕੋਟਲੇ ਦਾ ਸਟੇਡੀਅਮ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਉਹਨੀਂ ਦਿਨੀਂ ਸਭਿਆਚਾਰਕ ਮੇਲੇ ਵੇਖਣਾ ਲੋਕਾਂ ਦਾ ਸ਼ੌਕ ਜੋਬਨ ‘ਤੇ ਸੀ। ਮੈਂ ਆਪਣੇ ਸਾਥੀਆਂ ਗੁਲਜਾਰ ਸ਼ੌਕੀ, ਚਮਨਦੀਪ ਦਿਓਲ ਤੇ ਹੁਸ਼ਿਆਰ ਰਾਣੂ ਨਾਲ ਮੇਲੇ ਵਿੱਚ ਪੁੱਜ ਗਿਆ। ਜਾਂਦਿਆਂ ਨੂੰ ਸਾਨੂੰ ਸਰਦੂਲ ਸਿਕੰਦਰ ਤੇ ਸਰਬਜੀਤ ਚੀਮਾ ਸਟੇਜ ਦੇ ਪਿਛਲੇ ਪਾਸੇ ਤੰਬੂ ਵਿੱਚ ਬੈਠੇ ਮਿਲੇ ਤੇ ਖਾਸ ਕਰ ਚੀਮਾ ਬੜੀ ਅਪਣੱਤ ਨਾਲ ਮਿਲਿਆ। ਭੈਣ ਆਸ਼ਾ ਸ਼ਰਮਾ ਨੂੰ ਮੈਂ ਆਖਿਆ ਕਿ ਮੇਹਰ ਮਿੱਤਲ ਮੇਰੇ ਪਿਤਾ ਜੀ ਦਾ ਵੀ ਤੇ ਮੇਰਾ ਵੀ, ਪਸੰਦੀਦਾ ਕਲਾਕਾਰ ਐ, ਇਕ ਝਲਕ ਪੁਵਾ ਦਿਓ ਭੈਣ ਜੀ ਤੇ ਮੈਂ ਆਪਣੀ ਕਿਤਾਬ ਉਸਤਾਦ ਯਮਲਾ ਜੱਟ ਦੀ ਜੀਵਨੀ (ਜੋ ਕੁਝ ਹਫ਼ਤੇ ਕੁ ਪਹਿਲਾਂ ਬਰਨਾਲੇ ਵਿਸ਼ਵ ਭਾਰਤੀ ਪ੍ਰਕਾਸ਼ਨ ਵਲੋਂ ਛਪੀ ਸੀ) ਭੇਟ ਕਰਨੀ ਹੈ ਮਿਹਰ ਮਿੱਤਲ ਨੂੰ। ਆਸ਼ਾ ਭੈਣ ਜੀ ਨੇ ਸਟੇਜ ਉਤੇ ਬੈਠੇ ਮੇਹਰ ਮਿੱਤਲ ਦੇ ਕੰਨ ਵਿੱਚ ਇਹ ‘ਸਭ ਕੁਛ’ ਜਾ ਆਖਿਆ ਤਾਂ ਉਹ ਬੜਾ ਖ਼ੁਸ਼ ਹੋ ਗਿਆ। ਜਦੋਂ ਮੇਹਰ ਮਿੱਤਲ ਦੇ ਸਟੇਜ ਉਤੇ ਬੋਲਣ ਦੀ ਵਾਰੀ ਆਈ ਤਾਂ ਸਾਰੇ ਲੋਕ ਉੱਚੀ-ਉੱਚੀ ਸੀਟੀਆਂ ਮਾਰ-ਮਾਰ ਤੇ ਚੀਕਾਂ, ਤਾੜੀਆਂ ਮਾਰ ਕੇ ਉਸਦਾ ਸਵਾਗਤ ਕਰਨ ਲੱਗੇ (ਅਜਿਹੇ ਮੌਕਿਆਂ ਉੱਤੇ ਕਿਸੇ ਮਹਾਨ ਤੇ ਪਾਪੂਲਰ ਹਸਤੀ ਦਾ ਸਵਾਗਤ ਕਰਨਾ ਸਾਡਾ ਪੰਜਾਬੀਆਂ ਦਾ ਜਿਵੇਂ ਸੁਭਾਓ ਹੀ ਬਣ ਚੁੱਕਾ ਹੋਇਆ ਹੈ) ਖ਼ੈਰ!
ਆਸ਼ਾ ਭੈਣ ਜੀ ਨੇ ਮੈਨੂੰ ਵੀ ਤੇ ਉਨ੍ਹਾਂ ਦੇ ਨਾਲ ਪੂਰਨ ਸ਼ਾਹਕੋਟੀ ਜੀ ਨੂੰ ਵੀ ਸਟੇਜ ਉੱਤੇ ਬੁਲਾ ਲਿਆ। ਮੈਂ ਆਪਣੀ ਕਿਤਾਬ ਭੇਟ ਕੀਤੀ, ਜਿਸਦੇ ਟਾਈਟਲ ਉੱਤੇ ਉਸਤਾਦ ਯਮਲੇ ਜੱਟ ਦੀ ਤੁਰਲ੍ਹੇ ਤੇ ਤੂੰਬੀ ਵਾਲੀ ਫ਼ੋਟੋ ਵੇਖਦੇ ਸਾਰ ਮਿਹਰ ਮਿੱਤਲ ਬਾਗੋਬਾਗ ਹੋ ਰਿਹਾ ਸੀ। ਉਸ ਨੇ ਕਿਤਾਬ ਆਪਣੇ ਮੱਥੇ ਨਾਲ ਛੁਹਾਈ ਤੇ ਬੋਲਿਆ, ”ਧੰਨ ਧੰਨ ਯਮਲਾ ਜੱਟ ਜੀ, ਥੋਨੂੰ ਤਾਂ ਅਸੀਂ ਬਚਪਨ ਵਿੱਚ ਸੁਣਦੇ ਹੁੰਦੇ ਸੀ…।” ਉਸ ਨੇ ਆਸ਼ਾ ਭੈਣ ਜੀ ਤੋਂ ਮਾਈਕ ਲੈਕੇ ਕਿਹਾ, ”ਉਏ ਭਾਈ ਲੋਕੋ, ਆਹ ਵੇਖੋ ਵਈ ਛੋਟੇ ਜੇਹੇ ਮੁੰਡੇ ਨੇ ਕਿਤਾਬ ਲਿਖਤੀ ਜੱਟ ਯਮਲੇ ਉਤੇ, ਵਈ ਕਮਾਲ ਐ, ਤਾੜੀਆਂ ਮਾਰੋ ਵਈ ਇਹਦੀ ਹੌਸਲਾ ਅਫ਼ਜ਼ਾਈ ਲਈ” । (ਇਸ ਲੇਖ ਨਾਲ ਪ੍ਰਕਾਸ਼ਿਤ ਇਹ ਫ਼ੋਟੋ ਵੀ ਉਸੇ ਸਮੇਂ ਦੀ ਹੈ।)
”ਭਾਈ ਕਾਕਾ, ਤੂੰ ਮੈਨੂੰ ਆਪਣਾ ਫ਼ੋਨ ਨੰਬਰ ਲਿਖ ਦੇ, ਜਲਦੀ ਮੇਲ-ਮੁਲਾਕਾਤ ਕਰਾਂਗੇ ਆਪਾਂ…।” ਉਸ ਨੇ ਆਖਿਆ ਤਾਂ ਮੈਂ ਕਿਹਾ, ”ਫੋਨ ਨੰਬਰ ਤਾਂ ਜੀ ਏਸੇ ਕਿਤਾਬ ਵਿੱਚ ਹੀ ਲਿਖਿਆ ਹੋਇਐ।” (ਸ਼ਾਇਦ ਇਹ ਮੇਰੀ ਗਲਤੀ ਸੀ ਤੇ ਮੈਨੂੰ ਉਹਨਾਂ ਦੇ ਆਖੇ ਅਨੁਸਾਰ ਮੌਕੇ ਉਤੇ ਹੀ ਆਪਣੇ ਹੱਥੀਂ ਉਹਨਾਂ ਨੂੰ ਫੋਨ ਨੰਬਰ ਲਿਖ ਕੇ ਦੇ ਦੇਣਾ ਚਾਹੀਦਾ ਸੀ, ਉਦੋ ਕਿਹੜੇ ਏਨੇ ਮੋਬਾਈਲ ਫੋਨ ਹੁੰਦੇ ਸੀ? ਤੇ ਚਾਹੇ ਕਿਤਾਬ ਵਿੱਚ ਵੀ ਫੋਨ ਨੰਬਰ ਲਿਖਿਆ ਹੋਇਆ ਸੀ। ਸਗੋਂ ਘਰ ਦਾ ਫੋਨ ਨੰਬਰ ਹੀ ਦੇਣਾ ਹੁੰਦਾ ਸੀ)।
”ਅੱਛਾ-ਅੱਛਾ, ਠੀਕ ਐ…ਲਿਖਿਆ ਹੋਇਐ ਵਿੱਚ ਕਿਤਾਬ ਦੇ…ਤਾਂ ਫੇਰ ਬਾਹਲੈ ਚੰਗੈ…।” ਮਿੱਤਲ ਜੀ ਨੇ ਆਖਿਆ।
….ਤੇ ਬਸ… ਇਹੋ ਸਾਡੀ ਏਨੀ ਕੁ ਮੁਲਾਕਾਤ ਸੀ। ਮੈਨੂੰ ਯਕੀਨ ਤਾਂ ਸੀ, (ਜੋ ਕਦੇ ਪੱਕ ਵਿੱਚ ਨਾ ਬਦਲ ਸਕਿਆ) ਕਿ ਕਦੇ ਨਾ ਕਦੇ ਮਿਹਰ ਮਿੱਤਲ ਦਾ ਫ਼ੋਨ ਉਸਤਾਦ ਜੀ ਵਾਲੀ ਕਿਤਾਬ ਪੜ੍ਹ ਕੇ ਆਊਗਾ ਪਰ ਨਹੀਂ ਆਇਆ। ਹੁਣ ਮੌਕੇ ਸਿਰ ਯਾਦ ਆ ਗਿਆ ਹੈ-(ਸਾਡਾ ਹਰਮਨ ਪਿਆਰਾ ਗੀਤਕਾਰ ਗੁਰਚਰਨ ਵਿਰਕ ਵੀ ਕੁਝ ਦਿਨ ਪਹਿਲੋਂ ਸਾਥੋਂ ਵਿਛੜ ਗਿਆ ਹੈ ਤੇ ਗੁਰਚਰਨ ਦੇ ਗੀਤਾਂ ‘ਤੇ ਵਿਸ਼ਲੇਸ਼ਣ ਬਾਰੇ ਇਕ ਕਿਤਾਬ ਉਦੋਂ ਕੁ ਜਿਹੇ ਹੀ (1998-98) ਤਿਆਰ ਕਰ ਰਿਹਾ ਸਾਂ। ਵਿਰਕ ਮੇਹਰ ਮਿੱਤਲ ਨੂੰ ਪੰਚਕੂਲੇ ਅਕਸਰ ਹੀ ਮਿਲਦਾ-ਗਿਲਦਾ ਰਹਿੰਦਾ ਸੀ। ਇਕ ਦਿਨ ਉਸ ਨੇ ਮਿੱਤਲ ਜੀ ਦੇ ਮੇਜ਼ ਉਤੇ ਪਈ ਯਮਲਾ ਜੀ ਵਾਲੀ ਕਿਤਾਬ ਵੇਖੀ ਤੇ ਮੇਰਾ ਉਹਨਾਂ ਕੋਲ ਜ਼ਿਕਰ ਕੀਤਾ। ਮਿੱਤਲ ਨੇ ਕਿਹਾ ਕਿ ਇਸ ਮੁੰਡੇ ਨੂੰ ਬੁਲਾ ਕੇ ਮਿਲਵਾ ਦੇ ਮੈਨੂੰ। ਮੈਨੂੰ ਵਿਰਕ ਨੇ ਲੈਂਡ-ਲਾਈਨ ਫ਼ੋਨ ਉੱਤੇ ਫ਼ੋਨ ਕਰਕੇ ਇਹ ਗੱਲ ਦੱਸੀ ਤਾਂ ਬੜੀ ਖ਼ੁਸੀ ਹੋਈ, (ਹੁਣ ਧੁੰਦਲਾ ਜਿਹਾ ਚੇਤੇ ਆਉਂਦਾ ਹੈ ਕਿ ਵਿਰਕ ਨੇ ਆਪਣੇ ਇੱਕ ਖਤ ਵਿੱਚ ਵੀ ਅਜਿਹੀ ਗੱਲ ਦਾ ਜ਼ਿਕਰ ਕੀਤਾ ਸੀ) ਤੇ ਵਿਰਕ ਨੇ ਇਹ ਵੀ ਦੱਸਿਆ ਕਿ ਮੈਂ ਮਿੱਤਲ ਸਾਹਿਬ ਨੂੰ ਮਨਾ ਲਿਆ ਹੈ ਕਿ ਨਿੰਦਰ ਤੋਂ ਥੁਆਡੇ ਜੀਵਨ ਤੇ ਫਿਲਮ ਕਲਾ ਬਾਰੇ ਕਿਤਾਬ ਲਿਖਵਾਉਣੀ ਹੈ। ਵਿਰਕ ਦੀ ਇਹ ਸੂਚਨਾ ਮੇਰੇ ਲਈ ਖ਼ੁਸ਼ੀ ਵਾਲੀ ਗੱਲ ਸੀ।
ਜਦੋਂ ਮੇਰੇ ਕੋਲ ਮੇਹਰ ਮਿੱਤਲ ਨਾਲ ਮਲੇਰਕੋਟਲੇ ਪ੍ਰੋਗਰਾਮ ਵਾਲੀ ਫ਼ੋਟੋ ਹੱਥ ਲੱਗੀ ਸੀ ਤਾਂ ਮੈਂ ਉਹ ਬੜੇ ਚਾਈਂ-ਚਾਈਂ ਆਪਣੇ ਪਿਤਾ ਜੀ ਨੂੰ ਦਿਖਾਈ ਡਾਕ ਲਿਫਾਫੇ ਵਿਚੋਂ ਕੱਢਕੇ! ਪਿਤਾ ਜੀ ਉਹ ਫ਼ੋਟੋ ਵੇਖ-ਵੇਖ ਬਹੁਤ ਖ਼ੁਸ਼ ਹੋਈ ਜਾਣ, ”ਆਹ ਤਾਂ ਤੂੰ ਮੇਹਰ ਮਿੱਤਲ ਨੂੰ ‘ਕੱਲਾ ਈ ਮਿਲ ਆਇਆ ਉਏ, ਮੈਨੂੰ ਵੀ ਨਾਲ ਲੈ ਜਾਂਦਾ ਤਾਂ ਤੇਰਾ ਕੀ ਘਸਦਾ ਸੀ ਉਏ…।”
ਹੁਣ ਲਿਖਦੇ-ਲਿਖਦੇ ਯਾਦ ਆ ਰਿਹਾ ਹੈ ਕਿ ਜਿਹੜੀ ਸਭ ਤੋਂ ਪਹਿਲੀ ਫਿਲਮ ਮੈਂ ਦੇਖੀ ਉਹ ਸੀ ‘ਪੁੱਤ ਜੱਟਾਂ ਦੇ।’ ਆਪਣੇ ਬਚਪਨੇ ਵਿਚ ਦੇਖੀ ਇਸ ਫ਼ਿਲਮ ਵਿੱਚੋਂ ਮੇਹਰ ਮਿੱਤਲ ਦੀ ਅਦਾਕਾਰੀ ਅਜੇ ਵੀ ਨਹੀਂ ਭੁੱਲੀ। ਫਿਰ ਜਦ ਸਾਡੇ ਘਰ ਬਲੈਕ ਐਂਡ ਵਾਈਟ ਟੈਲੀਵਿਯਨ ਆ ਗਿਆ ਤਾਂ ਉਦੋਂ ਹਰੇਕ ਵੀਰਵਾਰ ਨੂੰ ਆਥਣੇ ਦੂਰਦਰਸ਼ਨ ਜਲੰਧਰ ਉਤੋਂ  ਕੋਈ ਨਾ ਕੋਈ ਪੰਜਾਬੀ ਫਿਲਮ ਦਿਖਾਈ ਜਾਂਦੀ ਹੁੰਦੀ ਸੀ ਤੇ ਪਿਤਾ ਜੀ ਨੇ ਪੁੱਛਣਾ, ”ਮੇਹਰ ਮਿੱਤਲ ਹੈਗਾ ਏਸ ਫ਼ਿਮ ‘ਚ ਕਿ ਨਹੀਂ?” ਜੇਕਰ ਮੇਹਰ ਮਿੱਤਲ ਤੋਂ ਸੱਖਣੀ ਫਿਲਮ ਹੋਣੀ ਤਾਂ ਪਿਤਾ ਜੀ ਟੀ.ਵੀ ਅੱਗਿਓਂ ਉਠ ਜਾਂਦੇ ਹੁੰਦੇ ਸੀ। ਪਿਤਾ ਜੀ ਨੂੰ ਮਿੱਤਲ ਜੀ ਦੀ ਮਿੱਠੀ ਮਲਵਈ ਬੋਲੀ ਸੁਣ ਕੇ ਸਵਾਦ ਆਉਂਦਾ ਸੀ। ਉਹ ਮੇਹਰ ਮਿੱਤਲ ਨੂੰ ਦੇਖਦੇ ਸਾਰ ਬੋਲਦੇ, ”ਲਓ ਬਈ ਆ ਗਿਆ ਮੇਰਾ ਬੇਲੀ।” ਯਾਦ ਆਉਂਦਾ ਹੈ ਕਿ ਪਿਤਾ ਜੀ ਦੀ ਉਂਗਲੀ ਫੜ ਕੇ ਹੀ ਕੋਟਕਪੂਰੇ ਨਰਿੰਦਰ ਸਿਨੇਮਾ( ਮੁਕਤਸਰ ਵਾਲੇ ਭਾਈਆਂ ਦਾ) ਵਿਚ ਮੇਹਰ ਮਿੱਤਲ ਦੀ ਫਿਲਮ ‘ਕੁਰਬਾਨੀ ਜੱਟ ਦੀ’ ਦੇਖਣ ਗਿਆ ਸਾਂ।
ੲੲੲ
ਸਮਾਂ ਕਿਸੇ ਦਾ ਮਿੱਤ ਨਹੀਂ। ਨਾ ਮਿਹਰ ਮਿੱਤਲ ਨੂੰ ਮਲੇਰਕੋਟਲੇ ਮੇਲੇ ਮਗਰੋਂ ਮੁੜ ਮਿਲਿਆ ਗਿਆ ਨਾ ਕੋਈ ਵਿਰਕ ਦਾ ਸੁਨੇਹਾ ਮੁੜ ਆਇਆ। ਹਾਂ, ਸਮੇਂ ਸਮੇਂ ਖ਼ਬਰਾਂ ਵਿੱਚ ਪੜ੍ਹਨ ਨੂੰ ਇਹ ਮਿਲਦਾ ਰਿਹਾ ਕਿ ਮਿਹਰ ਮਿੱਤਲ ਦੀ ਪਿੱਠ ਵਿੱਚ ਦਰਦ ਰਹਿਣ ਲੱਗੀ ਹੈ। ਉਸ ਨੇ ਫ਼ਿਲਮਾਂ ਤੋਂ ਸੰਨਿਆਸ ਲੈ ਲਿਆ ਹੈ। ਇਹ ਪੜ੍ਹਿਆ ਕਿ ਉਹ ਬ੍ਰਹਮ ਕੁਮਾਰੀ ਆਸ਼ਰਮ ਵਾਲਿਆਂ ਨਾਲ ਸੰਗਤ ਵਿੱਚ ਰਲ ਗਿਆ ਹੈ। ਇਹ ਖ਼ਬਰਾਂ ਵੀ ਵੱਖ-ਵੱਖ ਜ਼ਿਲ੍ਹਿਆਂ ਤੋਂ ਛਪਦੀਆਂ ਕਿ ਮਿਹਰ ਮਿੱਤਲ ਬ੍ਰਹਮ ਕੁਮਾਰੀ ਭੈਣਾਂ ਦੇ ਆਸ਼ਰਮ ਪਧਾਰੇ ਤੇ ਉਨ੍ਹਾਂ ਪੱਤਰਕਾਰਾਂ ਕੋਲ ਕਿਹਾ ਕਿ ਉਹ ਹੁਣ ਆਪਣਾ ਸਾਰਾ ਧਿਆਨ ਧਾਰਮਿਕਤਾ ਵਾਲੇ ਪਾਸੇ ਹੀ ਲਾਉਣਾ ਚਾਹੁੰਦੇ ਹਨ। ਹੁਣ ਉਹ ਚਾਰ ਸਾਲਾਂ ਤੋਂ ਮਾਊਟ-ਆਬੂ ਵਿੱਚ ਧਿਆਨ ਲਗਾ ਰਹੇ ਸਨ। ਇਸ ਸਭ ਕਾਸੇ ਦੇ ਬਾਵਜੂਦ ਵੀ ਮੇਹਰ ਮਿੱਤਲ ਨੂੰ ਮਿਲਣ ਦੀ ਇੱਛਾ ਮਨ ਦੇ ਕੋਨੇ ‘ਚੋਂ ਡਿਲੀਟ ਨਹੀਂ ਹੋਈ ਸੀ। ਬਹੁਤੇ ਲੋਕ ਮੇਹਰ ਮਿੱਤਲ ਨੂੰ ਗਿੱਦੜਬਾਹੇ ਦਾ ਜੰਮਪਲ ਹੀ ਸਮਝਦੇ ਰਹੇ ਹਨ। ਪਰ ਨਹੀਂ, ਉਸਦਾ ਜਨਮ ਪਿੰਡ ਬਠਿੰਡੇ ਜ਼ਿਲ੍ਹੇ ਵਿੱਚ ਚੁੱਘਾ ਖੁਰਦ ਹੈ (ਤੇ ਗਿੱਦੜਬਾਹਾ ਤੋਂ ਲਗਭਗ 12 ਕਿਲੋਮੀਟਰ ਪੈਂਦਾ ਹੈ) ਚੁੱਘੇ ਪਿੰਡ ਅੱਜ ਤੋਂ 82 ਸਾਲ ਪਹਿਲਾਂ ਬਾਣੀਆਂ ਪਰਿਵਾਰ ਵਿੱਚ ਸ੍ਰੀ ਮਿਹਰ ਮਿੱਤਲ ਨੇ ਪਿਤਾ ਠਾਕੁਰ ਮੱਲ ਮਿੱਤਲ ਦੇ ਘਰ ਮਾਤਾ ਗੰਗਾ ਦੇਵੀ ਦੇ ਘਰ ਜਨਮ ਲਿਆ। ਮੇਹਰ ਮਿੱਤਲ ਦੇ ਪਿੰਡ ਦੇ ਲੋਕਾਂ ਦਾ ਗਿੱਦੜਬਾਹਾ ਨੇੜੇ ਪੈਂਦਾ ਹੋਣ ਕਾਰਨ ਆਉਣਾ-ਜਾਣਾ ਆਮ ਹੀ ਸੀ। ਉਹਨਾਂ ਦਾ ਭਤੀਜਾ ਦੇਵ ਰਾਜ ਮਿੱਤਲ ਪਰਿਵਾਰ ਸਮੇਤ ਗਿੱਦੜਬਾਹੇ ਰਹਿੰਦਾ ਹੈ ਤੇ ਉਹਦੀ ਸ਼ਕਲ ਤੋਂ ਮੇਹਰ ਮਿੱਤਲ ਦਾ ਝਉਲਾ ਵੀ ਪੂਰਾ ਪੈਂਦਾ ਹੈ। ਬੀ.ਏ. ਕਰਕੇ ਇਹ ਬਾਣੀਆਂ ਬੇਟਾ ਐਲ.ਐਲ.ਬੀ. ਕਰ ਗਿਆ ਤੇ 6 ਸਾਲ ਇਨਕਮ ਟੈਕਸ ਵਕੀਲ ਵੀ ਰਿਹਾ। ਵਿੱਚੇ ਵਿੱਚ ਉਸਨੂੰ ਡਰਾਮਿਆਂ ਤੇ ਰਾਮ ਲੀਲਾ ਵਿੱਚ ਕੰਮ ਕਰਨ ਦਾ ਭੁੱਸ ਪੈਦਾ ਹੋ ਗਿਆ। ਵਕੀਲ ਤੋਂ ਬਿਨਾਂ ਮਿੱਤਲ ਤਿੰਨ ਸਾਲ ਅਧਿਆਪਕ ਵੀ ਰਿਹਾ। ਨਿਆਣੇ ਪੜ੍ਹਾਉਣ ਵਿੱਚ ਉਹਦਾ ਮਨ ਨਾ ਲੱਗਿਆ। ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਕਲਾਕਾਰ ਨੂੰ ਪ੍ਰਸਥਿਤੀਆਂ ਆਪਣੇ ਆਪ ਹੀ ਵਿਕਲੋਤਰੇ ਰਾਹਾਂ ਵੱਲ ਧੱਕ ਕੇ ਲੈ ਜਾਂਦੀਆਂ ਹਨ। ਮਿਹਰ ਮਿੱਤਲ ਦੀ ਮਾਸਟਰੀ ਵੀ ਪ੍ਰਵਾਨ ਨਾ ਚੜ੍ਹੀ ਤੇ ਨਾ ਹੀ ਵਕਾਲਤ। ਕਹਿੰਦੇ ਹਨ ਕਿ ਉਨ੍ਹਾਂ 8 ਸਾਲ ਤੱਕ ਚੰਡੀਗੜ੍ਹ ਵਕਾਲਤ ਕੀਤੀ।
ਮਿੱਤਲ ਜੀ ਚਾਰ ਧੀਆਂ ਦੇ ਪਿਤਾ ਸਨ। ਉਹਨਾਂ ਦੁਨੀਆਂ ਦਾ ਕੋਨਾ-ਕੋਨਾ ਘੁੰਮਿਆ। ਲੋਕ ਉਹਨਾਂ ਨੂੰ ਦੇਖ ਕੇ ਹੱਸਣ ਲੱਗ ਪੈਂਦੇ ਕਿ ਆਹ ਦੇਖੋ ਮੇਹਰ ਮਿੱਤਲ ਜਾਂਦਾ ਤੁਰਿਆ। ਉਹ ਨਿਰੋਲ ਬਠਿੰਡਵੀ ਮਲਵੱਈ ਹੋਣ ਕਾਰਨ ਮਿਲਾਪੜੇ ਬਹੁਤ ਸਨ। ਉਹਨਾਂ ਦੀ ਹਰ ਇੱਕ ਨਾਲ ਬਣਦੀ ਸੀ। ਜਦ ਸਰੂਪ ਪਰਿੰਦਾ ਉਰਫ ਅਤਰੋ ਚਾਚੀ ਨੇ ਆਪਣੀ ਕਿਤਾਬ ‘ਮੇਰਾ ਜੀਵਨ-ਮੇਰੇ ਹਾਸੇ’ ਲਿਖੀ ਤਾਂ ਉਸਦੀ ਸੋਧ-ਵਾਧ ਵਿੱਚ ਮੈਂ ਕਈ ਮਹੀਨੇ ਕੰਮ ਕੀਤਾ ਤੇ ਉਸਦੀ ਭੂਮਿਕਾ ਵੀ ਲਿਖੀ। ਪਰਿੰਦੇ ਦੀ ਇਹ ਇੱਛਾ ਵੀ ਨਾ ਪੂਰੀ ਹੋ ਸਕੀ ਕਿ ਮੇਹਰ ਮਿੱਤਲ ਉਸਦੀ ਕਿਤਾਬ ਬਾਬਤ ਚਾਰ ਸ਼ਬਦ ਲਿਖ ਦੇਵੇ ਤੇ ਮਿਲਿਆਂ ਨੂੰ ਵੀ ਮੁਦਤਤਾਂ ਬੀਤ ਗਈਆਂ ਸਨ ਤੇ ਕਦੇ ਮਿਲ ਵੀ ਪਵੇ! (ਮਿੱਤਲ ਜੀ ਤੇ ਪਰਿੰਦਾ ਜੀ ਬਹੁਤ ਸਾਰੀਆਂ ਫਿਲਮਾਂ ਵਿੱਚ ਇਕੱਠੇ ਕਾਰਜਸ਼ੀਲ ਰਹੇ) ਕਿੰਨਾ ਸਿਤਮ ਹੈ ਕਿ ਸਾਡੇ ਫਲਨਕਾਰ ਆਪਣੇ ਚਾਅ ਤੇ ਸਧਰਾਂ ਆਪਣੇ ਢਿੱਡ ਵਿੱਚ ਲੈ ਕੇ ਹੀ ਇਸ ਸੰਸਾਰ ਤੋਂ ਚਲੇ ਗਏ ਤੇ ਜਾਈ ਜਾ ਰਹੇ ਹਨ। ਬਲਵੰਤ ਗਾਰਗੀ ਨੇ ਆਪਣੀਆਂ ਲਿਖਤਾਂ ਵਿੱਚ ਮਲਵੱਈ ਬੋਲੀ ਦੀ ਜਿਹਵੀ ਠੱਕ ਬੰਨ੍ਹੀ, ਉਹੋ ਹੀ ਮੇਹਰ ਮਿੱਤਲ ਨੇ ਆਪਣੀਆਂ ਫਿਲਮਾਂ ਵਿੱਚ ਬੰਨ੍ਹੀ ਤੇ ਇਤਫਾਕ ਦੇਖੋ ਕਿ ਇੱਕੋ ਜਿਲੇ ਦੇ ਦੋਵੇਂ ਬਾਣੀਏ। ਪੰਜਾਬ ਸਰਕਾਰ ਵਲੋਂ ਕਿਸੇ ਵੀ ਵੱਡੇ ਸਨਾਮਾਨ ਤੋਂ ਸੱਖਣੇ ਹੀ ਰਹੇ।
ਅਖਬਾਰੀ ਰਿਪੋਰਟਾਂ ਮੁਤਾਬਕ ਉਸਦੀਆਂ ਫਿਲਮਾਂ ਦੀ ਗਿਣਤੀ ਤਿੰਨ ਸੌ ਦੇ ਏੜ-ਗੇੜ ‘ਚ ਹੈ। ਸੰਨ 1974 ਵਿੱਚ ਮਿੱਤਲ ਜੀ ਪਹਿਲੀ ਫਿਲਮ ‘ਸੱਚਾ ਮੇਰਾ ਰੂਪ ਹੈ’ ਵਿੱਚ ਦਿਖਾਈ ਦਿੱਤੇ। ਸੰਨ 1980 ਵਿੱਚ ‘ਅੰਬੇ ਮਾਂ ਜਗਦੰਬੇ ਮਾਂ’ ਅਤੇ ਅਤੇ ਵਿਲਾਇਤੀ ਬਾਬੂ (1981) ਵਿਚ ਮਿੱਤਲ ਜੀ ਨੇ ਨਿਰਮਾਣ ਕੀਤਾ ਸੀ। ਗੱਲ ਲੰਬੀ ਨਾ ਕਰਾਂ, ਮੇਹਰ ਮਿੱਤਲ ਦੀਆਂ ਪ੍ਰਾਪਤੀਆਂ ਅਣਗਿਣਤ ਹਨ ਪੰਜਾਬੀ ਫਿਲਮ ਖੇਤਰ ਵਿੱਚ। ਇਹ ਨਵੇਂ-ਨਵੇਂ ਉੱਠੇ ਫਿਲਮੀ ‘ਬਚੂੰਗੜੇ’ ਐਕਟਰ ਕੀ ਜਾਣਨ ਕਿ ਅਦਾਕਾਰੀ ਕੀ ਹੁੰਦੀ ਹੈ? ਇਹ ਤਾਂ ਕਲਾ ਦੇ ਖੇਤਰ ਵਿਚ ਧੱਕੇਸ਼ਾਹੀ ਦੇ ਸ਼ਾਹ ਅਸਵਾਰ ਹਨ, ਮੇਹਰ ਮਿੱਤਲ ਅਜਿਹਾ ਬਿਲਕੁਲ ਨਹੀਂ ਸੀ।
ੲੲੲ
[email protected]

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …