ਮੈਰਾਥਨ ਦੌੜ ਦੀ ਕਹਾਣੀ ਮੈਰਾਥਨ ਦੌੜ ਵਾਂਗ ਹੀ ਲੰਮੀ ਹੈ। ਯੂਨਾਨ ਦੀ ਰਾਜਧਾਨੀ ਏਥਨਜ਼ ਤੋਂ ਪੱਚੀ ਕੁ ਮੀਲ ਦੂਰ ਸਮੁੰਦਰ ਕਿਨਾਰੇ ਮੈਰਾਥਨ ਨਾਂ ਦਾ ਪਿੰਡ ਸੀ। ਪਰਸ਼ੀਆ ਦੇ ਰਾਜੇ ਡੇਰੀਅਸ ਦੀ ਫੌਜ ਨੇ 490 ਪੂ: ਈ: ਵਿਚ ਯੂਨਾਨ ਉਤੇ ਹੱਲਾ ਬੋਲਿਆ। ਯੂਨਾਨ ਦੀ ਫੌਜ ਅਤੇ ਏਥਨਵਾਸੀਆਂ ਨੇ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ। ਮੈਰਾਥਨ ਲਾਗੇ ਘਮਸਾਨ ਦਾ ਯੁੱਧ ਹੋਇਆ। ਏਥਨਜ਼ ਦੇ ਬੱਚੇ, ਔਰਤਾਂ ਤੇ ਬਿਰਧ ਘਰਾਂ ਦੀਆਂ ਛੱਤਾਂ ‘ਤੇ ਚੜ੍ਹੇ ਮੈਰਾਥਨ ਵੱਲ ਵੇਖ ਰਹੇ ਸਨ ਤੇ ਅਰਦਾਸਾਂ ਕਰ ਰਹੇ ਸਨ ਕਿ ਹਮਲਾ ਰੋਕ ਦਿੱਤਾ ਜਾਏ ਨਹੀਂ ਤਾਂ ਉਨ੍ਹਾਂ ਦੀਆਂ ਜਾਨਾਂ ਤੇ ਅਸਮਤਾਂ ਖ਼ਤਰੇ ‘ਚ ਹਨ। ਤਦੇ ਉਨ੍ਹਾਂ ਨੂੰ ਆਪਣੇ ਓਲੰਪਿਕ ਚੈਂਪੀਅਨ ਫਿਡੀਪੀਡੀਜ਼ ਦਾ ਝੌਲਾ ਪਿਆ। ਉਸ ਨੂੰ ਯੂਨਾਨੀ ਫੌਜ ਦੇ ਜਰਨੈਲ ਮਿਲੀਤੀਦੀਅਸ ਨੇ ਜਿੱਤ ਦਾ ਸੁਨੇਹਾ ਤੁਰਤ ਪੁਚਾਉਣ ਲਈ ਦੌੜਾਇਆ ਸੀ ਤਾਂ ਜੋ ਏਥਨਵਾਸੀ ਡਰ ਤੋਂ ਮੁਕਤ ਹੋ ਜਾਣ। ਫਿਡੀਪੀਡੀਸ ਬੇਸ਼ਕ ਲੜਾਈ ਕਰਦਾ ਘਾਇਲ ਸੀ ਪਰ ਜੇਤੂ ਸੁਨੇਹਾ ਤੁਰਤ ਲੈ ਜਾਣ ਲਈ ਏਥਨਜ਼ ਵੱਲ ਦੌੜ ਪਿਆ। ਦੌੜਦਿਆਂ ਉਹਦੇ ਪੈਰਾਂ ‘ਚੋਂ ਲਹੂ ਸਿਮਦਾ ਰਿਹਾ ਜਿਸ ਦੇ ਨਿਸ਼ਾਨ ਪਹਾੜੀ ਪੱਥਰਾਂ ਉਤੇ ਲੱਗਦੇ ਗਏ। ਤ੍ਰੇਹ ਨਾਲ ਉਹਦਾ ਸੰਘ ਸੁੱਕ ਗਿਆ, ਰਗ਼ਾਂ ਖ਼ੁਸ਼ਕ ਹੋ ਗਈਆਂ ਪਰ ਉਸ ਨੇ ਦੌੜਨਾ ਜਾਰੀ ਰੱਖਿਆ। ਉਹ ਜਿਉਂਦੇ ਜੀਅ ਜਿੱਤ ਦਾ ਪੈਗ਼ਾਮ ਆਪਣੇ ਵਤਨੀਆਂ ਨੂੰ ਦੇਣਾ ਚਾਹੁੰਦਾ ਸੀ ਤਾਂ ਕਿ ਉਹ ਨਿਸ਼ਚਿੰਤ ਹੋ ਸਕਣ।
ਜਦ ਏਥਨਵਾਸੀਆਂ ਨੂੰ ਦੌੜਦੇ ਆਉਂਦੇ ਫਿਡੀਪੀਡੀਸ ਦੀ ਸਿਆਣ ਹੋਈ ਤਾਂ ਖ਼ੈਰ ਸੁੱਖ ਪੁੱਛਣ ਲਈ ਉਹ ਧੜਕਦੇ ਦਿਲਾਂ ਨਾਲ ਛੱਤਾਂ ਤੋਂ ਉੱਤਰੇ। ਯੁੱਧ ਤੇ ਲੰਮੀ ਦੌੜ ਦਾ ਥਕਾਇਆ ਜੋਧਾ ਸਰੀਰ ਨੂੰ ਧੂੰਹਦਾ ਏਥਨਜ਼ ਦੀਆਂ ਬਰੂਹਾਂ ਤੱਕ ਪੁੱਜਾ ਤੇ ਸਾਰਾ ਤਾਣ ‘ਕੱਠਾ ਕਰ ਕੇ ਕੇਵਲ ਏਨਾ ਕਹਿ ਸਕਿਆ, ”ਖੁਸ਼ੀਆਂ ਮਨਾਓ, ਆਪਾਂ ਜਿੱਤ ਗਏ ਆਂ!”
ਏਨਾ ਕਹਿੰਦਿਆਂ ਉਹ ਜ਼ਮੀਨ ‘ਤੇ ਡਿੱਗ ਪਿਆ ਤੇ ਸ਼ਹੀਦ ਹੋ ਗਿਆ : 1896 ਵਿਚ ਜਦੋਂ ਮਾਡਰਨ ਓਲੰਪਿਕ ਖੇਡਾਂ ਸ਼ੁਰੂ ਹੋਈਆਂ ਤਾਂ ਫਿਡੀਪੀਡੀਜ਼ ਦੀ ਯਾਦ ਵਿਚ ਮੈਰਾਥਨ ਦੌੜ ਸ਼ੁਰੂ ਕੀਤੀ ਗਈ ਜਿਸ ਦਾ ਪੰਧ ਅਟੇ ਸਟੇ ਨਾਲ ਮੈਰਾਥਨ ਤੋਂ ਏਥਨਜ਼ ਜਿੰਨਾ ਰੱਖਿਆ ਗਿਆ। 1896 ਦੀਆਂ ਓਲੰਪਿਕ ਖੇਡਾਂ ਤੋਂ 1924 ਦੀਆਂ ਖੇਡਾਂ ਤਕ ਇਹ ਪੰਧ ਵਧਾਇਆ ਘਟਾਇਆ ਜਾਂਦਾ ਰਿਹਾ ਪਰ 1924 ਦੀਆਂ ਓਲੰਪਿਕ ਖੇਡਾਂ ਤੋਂ ਪੱਕੇ ਤੌਰ ‘ਤੇ 26 ਮੀਲ 385 ਗਜ਼ ਨਿਸ਼ਚਿਤ ਕਰ ਦਿੱਤਾ ਗਿਆ। ਦਰਅਸਲ 1908 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਦੀ ਮੈਰਾਥਨ ਦੌੜ 26 ਮੀਲ 385 ਗਜ਼ ਦੀ ਸੀ। ਉਦੋਂ ਮੈਰਾਥਨ ਦੌੜ ਵਿੰਡਸਰ ਕਾਸਲ ਦੇ ਸ਼ਾਹੀ ਨਿਵਾਸ ਤੋਂ ਵਾਈਟ ਸਿਟੀ ਸਟੇਡੀਅਮ ਵਿਚ ਬਣਾਏ ਰਾਇਲ ਬੌਕਸ ਤਕ ਲਗਵਾਈ ਗਈ ਸੀ। ਫਾਸਲਾ ਮਿਣਿਆ ਤਾਂ 26 ਮੀਲ 385 ਗਜ਼ ਨਿਕਲਿਆ। ਸੋ ਇਹੀ ਫਾਸਲਾ ਹਰ ਮੈਰਾਥਨ ਦੌੜ ਲਈ ਮਿਆਰੀ ਬਣਾ ਦਿੱਤਾ ਗਿਆ। ਦੂਜਾ ਕਾਰਨ ਇਹ ਵੀ ਸੀ ਕਿ ਫਿਡੀਪੀਡੀਸ ਦਾ ਕਿਸੇ ਨੂੰ ਪੱਕਾ ਪਤਾ ਨਹੀਂ ਸੀ ਕਿ ਉਹ ਮੈਰਾਥਨ ਦੀ ਕਿਸ ਜਗ੍ਹਾ ਤੋਂ ਦੌੜਿਆ ਸੀ ਤੇ ਏਥਨਜ਼ ਦੀ ਕਿਸ ਥਾਂ ਜਾ ਕੇ ਡਿੱਗਿਆ ਸੀ। ਉਸ ਦੇ ਸ਼ਹੀਦੀ ਮਾਰਗ ਦਾ ਨਾਂ ਮੈਰਾਥਨ ਦੌੜ ਰੱਖ ਕੇ ਅੰਦਾਜ਼ੇ ਨਾਲ ਹੀ ਦੂਰੀ ਮਿਥ ਲਈ ਗਈ ਤੇ ਮੈਰਾਥਨ ਦੌੜ ਸ਼ੁਰੂ ਕਰ ਦਿੱਤੀ ਗਈ। ਮੀਟਰਾਂ ਵਿਚ ਇਹ ਦੌੜ 42.195 ਕਿਲੋਮੀਟਰ ਬਣਦੀ ਹੈ ਅਤੇ ਇਸ ਦਾ ਨਵਾਂ ਵਿਸ਼ਵ ਰਿਕਾਰਡ ਕੁਝ ਦਿਨ ਪਹਿਲਾਂ ਹੀ 2 ਘੰਟੇ 25 ਸੈਕੰਡ ਹੋ ਗਿਆ ਹੈ। ਉਹ ਦਿਨ ਦੂਰ ਨਹੀਂ ਜਦੋਂ ਦੋ ਘੰਟੇ ਦੀ ਹੱਦ ਵੀ ਟੁੱਟ ਜਾਵੇਗੀ!
ਪਹਿਲੀਆਂ ਓਲੰਪਿਕ ਖੇਡਾਂ ਦੀ ਮੈਰਾਥਨ ਇਕ ਯੂਨਾਨੀ ਡਾਕੀਏ ਸਪਰਿਡਨ ਲੂਈਸ ਨੇ 2 ਘੰਟੇ 58 ਮਿੰਟ 50 ਸੈਕੰਡ ਵਿਚ ਲਾ ਕੇ ਜਿੱਤੀ ਸੀ। ਯੂਨਾਨ ਦੇ ਬਾਦਸ਼ਾਹ ਨੇ ਖ਼ੁਸ਼ ਹੋ ਕੇ ਜੇਤੂ ਨੂੰ ਕਿਹਾ ਸੀ, ”ਦੱਸ ਕੀ ਇਨਾਮ ਲੈਣੈਂ?”
ਡਾਕੀਏ ਨੇ ਧਨ ਦੌਲਤ ਦੀ ਥਾਂ ਕੇਵਲ ਘੋੜਾ ਗੱਡੀ ਦੀ ਮੰਗ ਕੀਤੀ ਤਾਂ ਜੋ ਉਹ ਡਾਕ ਸੌਖੀ ਪੁਚਾ ਸਕੇ! ਫਿਡੀਪੀਡੀਸ ਤਾਂ ਮੈਰਾਥਨ ਤੋਂ ਏਥਨਜ਼ ਤਕ ਦੌੜਦਾ ਦਮ ਤੋੜ ਗਿਆ ਸੀ ਪਰ ਉਸ ਪਿੱਛੋਂ ਸੈਂਕੜੇ ਹਜ਼ਾਰਾਂ ਨਹੀਂ, ਲੱਖਾਂ ਦੌੜਾਕ ਮੈਰਾਥਨ ਦੌੜਾਂ ਲਾਉਂਦੇ ਆ ਰਹੇ ਹਨ ਅਤੇ ਨੌਬਰਨੌ ਰਹਿੰਦੇ ਹਨ। ਬਾਬਾ ਫੌਜਾ ਸਿੰਘ ਨੂੰ ਹੀ ਵੇਖ ਲਓ, ਸੌ ਸਾਲ ਦੀ ਉਮਰ ਟੱਪ ਕੇ ਵੀ ਮੈਰਾਥਨਾਂ ਦੌੜਦਾ ਆ ਰਿਹੈ! ਪੁਰਸ਼ ਤਾਂ ਕੀ ਸੋਹਲ ਮਲੂਕ ਕਹੀਆਂ ਜਾਂਦੀਆਂ ਔਰਤਾਂ ਵੀ ਵੱਡੀ ਗਿਣਤੀ ਵਿਚ ਮੈਰਾਥਨ ਦੌੜਦੀਆਂ ਆ ਰਹੀਐਂ। ਇਸ ਸਮੇਂ ਦੁਨੀਆ ਵਿਚ 800 ਤੋਂ ਵੱਧ ਥਾਵਾਂ ਉਤੇ ਮੈਰਾਥਨ ਦੌੜਾਂ ਲਵਾਈਆਂ ਜਾ ਰਹੀਆਂ ਹਨ। ਬੋਸਟਨ, ਬਰਲਿਨ, ਲੰਡਨ, ਸ਼ਿਕਾਗੋ, ਨਿਊ ਯਾਰਕ, ਵੈਨਕੂਵਰ, ਟੋਕੀਓ, ਡੁਬਈ, ਬੀਜਿੰਗ ਤੇ ਸਿਓਲ ਆਦਿ ਸ਼ਹਿਰਾਂ ਵਿਚ ਭਰਵੀਆਂ ਮੈਰਾਥਨ ਦੌੜਾਂ ਲੱਗਦੀਆਂ ਹਨ ਜਿਨ੍ਹਾਂ ਵਿਚ ਹਜ਼ਾਰਾਂ ਲੱਖਾਂ ਦੌੜਾਕ ਸ਼ਾਮਲ ਹੁੰਦੇ ਹਨ। ਇਨ੍ਹਾਂ ਦੌੜਾਂ ਰਾਹੀਂ ਚੈਰਟੀ ਫੰਡ ‘ਕੱਠੇ ਕੀਤੇ ਜਾਂਦੇ ਹਨ ਜਿਨ੍ਹਾਂ ਨਾਲ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਪੰਜਾਬੀਆਂ ਨੂੰ ਨਸ਼ਿਆਂ ਦੀ ਲਤ ‘ਤੋਂ ਬਚਾਉਣ ਅਤੇ ਵਿਹਲੇ ਬੈਠੇ ਸ਼ੈਤਾਨ ਦੇ ਚਰਖੇ ਬਣਨ ਦੀ ਥਾਂ ਸਿਹਤਮੰਦ ਰਹਿਣ ਦੇ ਆਹਰੇ ਲਾਉਣ ਲਈ ਥਾਂ ਪਰ ਥਾਂ ਮੈਰਾਥਨ ਦੌੜਾਂ ਦੇ ਉਪਰਾਲੇ ਕਰਨ ਦੀ ਲੋੜ ਹੈ। ਉਹ ਭਾਵੇਂ ਗੁਰੂ ਘਰਾਂ ਤੋਂ ਗੁਰੂ ਘਰਾਂ ਤਕ ਹੋਣ ਤੇ ਭਾਵੇਂ ਸਟੇਡੀਅਮ ਤੋਂ ਸਟੇਡੀਅਮ ਤਕ। ਜੇਕਰ ਤੀਰਥ ਯਾਤਰਾਵਾਂ ਹੀ ਮੈਰਾਥਨ ਦੌੜਾਂ ਬਣ ਜਾਣ ਤਾਂ ਕਹਿਣਾ ਹੀ ਕੀ?
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …