Breaking News
Home / ਸੰਪਾਦਕੀ / ਕਰਨਾਟਕ ਦੀ ਰਾਜਨੀਤੀ ਦੇ ਨਾਟਕ ਦੇ ਮਾਅਨੇ

ਕਰਨਾਟਕ ਦੀ ਰਾਜਨੀਤੀ ਦੇ ਨਾਟਕ ਦੇ ਮਾਅਨੇ

ਹੁਣੇ ਜਿਹੇ ਕਰਨਾਟਕ ਵਿਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਵੇਂਕਿ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ, ਪਰ ਸਭ ਤੋਂ ਵੱਧ 104 ਸੀਟਾਂ ਜਿੱਤ ਕੇ ਭਾਜਪਾ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ, ਜਦੋਂਕਿ ਕਾਂਗਰਸ ਨੂੰ 78 ਅਤੇ ਜਨਤਾ ਦਲ (ਐਸ) 38 ਸੀਟਾਂ ਹਾਸਲ ਹੋਈਆਂ।
ਹਾਲਾਂਕਿ ਕਾਂਗਰਸ ਨੇ ਭਾਜਪਾ ਨੂੰ ਸੱਤਾ ‘ਚ ਆਉਣੋਂ ਰੋਕਣ ਲਈ ਜਨਤਾ ਦਲ (ਐਸ) ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਸੀ ਪਰ ਬੁੱਧਵਾਰ ਨੂੰ ਰਾਤੀਂ 11 ਵਜੇ ਇਕ ਹੈਰਾਨੀਜਨਕ ਘਟਨਾਕ੍ਰਮ ਤਹਿਤ ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਨੇ ਸਭ ਤੋਂ ਵੱਧ ਸੀਟਾਂ ਜਿੱਤਣ ਕਾਰਨ ਜਦੋਂ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਸੀ। ਕਾਂਗਰਸ ਤੁਰੰਤ ਰਾਜਪਾਲ ਦੇ ਫ਼ੈਸਲੇ ਖ਼ਿਲਾਫ਼ ਬੁੱਧਵਾਰ ਅੱਧੀ ਰਾਤ ਨੂੰ ਹੀ ਸੁਪਰੀਮ ਕੋਰਟ ਪਹੁੰਚ ਗਈ ਸੀ। ਸੁਪਰੀਮ ਕੋਰਟ ਨੇ ਤੁਰੰਤ ਕਰਨਾਟਕ ਦੇ ਰਾਜਪਾਲ ਦੇ ਫ਼ੈਸਲੇ ‘ਤੇ ਰੋਕ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਵੀਰਵਾਰ ਰਾਤ ਨੂੰ ਬੀ.ਐਸ.ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਦੀ ਸਹੁੰ ਚੁੱਕ ਕੇ ਭਾਜਪਾ ਦੀ ਸਰਕਾਰ ਬਣਾ ਲਈ ਹੈ। ਦੂਜੇ ਪਾਸੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿਚ ਇਸ ਮਾਮਲੇ ‘ਤੇ ਸੁਣਵਾਈ ਹੋਣ ਦੇ ਮੱਦੇਨਜ਼ਰ ਕਾਂਗਰਸ ਦਾ ਦਾਅਵਾ ਹੈ ਕਿ ਯੇਦੀਯੁਰੱਪਾ ਸਿਰਫ਼ ਇਕ ਦਿਨ ਦੇ ਮੁੱਖ ਮੰਤਰੀ ਸਾਬਤ ਹੋਣਗੇ।
ਕਰਨਾਟਕ ਦਾ ਸਿਆਸੀ ਨਾਟਕ ਭਾਰਤ ਦੀ ਰਾਜਨੀਤੀ ‘ਚ ਦਿਲਚਸਪੀ ਲੈਣ ਵਾਲਿਆਂ ਲਈ ਬੜਾ ਵਚਿੱਤਰ ਬਣਿਆ ਹੋਇਆ ਹੈ। ਸਭ ਤੋਂ ਮਹੱਤਵਪੂਰਨ ਤੱਥ ਇਹ ਹੈ ਕਿ ਜਦੋਂ ਇਕ ਸਾਲ ਬਾਅਦ ਭਾਰਤ ‘ਚ 2019 ਵਿਚ ਆਮ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਕਾਂਗਰਸ ਪਾਰਟੀ ਲਗਾਤਾਰ ਸੁੰਗੜਦੀ ਪ੍ਰਤੀਤ ਹੋ ਰਹੀ ਹੈ। ਕਰਨਾਟਕ ਵਲੋਂ ਉਸ ਰਾਜਨੀਤੀ ਦੀ ਰੂਪ-ਰੇਖਾ ਦਿਸਣ ਲੱਗੀ ਹੈ ਜਿਹੜੀ ਕਿ 2019 ਦੀ ਚੋਣ ਵਿਚ ਖੇਡੀ ਜਾਵੇਗੀ। ਕਰਨਾਟਕ ਦੀ ਰਾਜਨੀਤੀ ਦਾ ਸੰਦੇਸ਼ ਇਹ ਹੈ ਕਿ 2019 ਦੀ ਲੜਾਈ ਖੇਤਰੀ ਪੱਧਰ ‘ਤੇ ਕੀਤੇ ਗਏ ਭਾਰਤੀ ਜਨਤਾ ਪਾਰਟੀ ਵਿਰੋਧੀ ਗੱਠਜੋੜਾਂ ਦੇ ਆਧਾਰ ‘ਤੇ ਲੜੀ ਜਾਣ ਵਾਲੀ ਹੈ।
ਕਰਨਾਟਕ ਵਿਚ ਹੋਈਆਂ ਚੋਣਾਂ ਦੇ ਨਤੀਜਿਆਂ ਦੌਰਾਨ ਹੀ ਕਾਂਗਰਸ ਦੀ ਹਾਰ ਸਪੱਸ਼ਟ ਹੋ ਗਈ ਸੀ। ਕਾਂਗਰਸ ਹਾਈਕਮਾਨ ਨੇ ਇਕ ਮੁਸ਼ਕਿਲ ਦਾਅ ਲਗਾਉਂਦਿਆਂ ਜਨਤਾ ਦਲ (ਐਸ) ਨੂੰ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਕਰ ਦਿੱਤੀ ਸੀ। ਇਸ ਪੇਸ਼ਕਸ਼ ਨੂੰ ਜਨਤਾ ਦਲ (ਐਸ) ਦੇ ਨੇਤਾ ਕੁਮਾਰਸਵਾਮੀ ਦੁਆਰਾ ਮੰਨ ਲਏ ਜਾਣ ਨਾਲ ਹੀ ਬਾਜ਼ੀ ਇਕ ਤਰਾਂ ਨਾਲ ਪਲਟ ਗਈ। ਇਸ ਨਾਲ ਜਿਹੜੇ ਹਾਲਾਤ ਬਣੇ, ਉਹ ਗੰਭੀਰ ਅਤੇ ਅਜੀਬ ਸਨ। ਸਭ ਤੋਂ ਵੱਡੇ ਦਲ ਵਜੋਂ ਭਾਰਤੀ ਜਨਤਾ ਪਾਰਟੀ ਨੂੰ ਹੀ ਸਰਕਾਰ ਬਣਾਉਣ ਦਾ ਸੱਦਾ ਮਿਲਣ ਦੀਆਂ ਸੰਭਾਵਨਾਵਾਂ ਦੇ ਬਾਵਜੂਦ ਸਾਰੇ ਦੇਸ਼ ਦੀਆਂ ਖੇਤਰੀ ਤਾਕਤਾਂ ਵਿਚਕਾਰ ਇਹ ਸੁਨੇਹਾ ਚਲਾ ਗਿਆ ਕਿ ਕਾਂਗਰਸ ਭਾਰਤੀ ਜਨਤਾ ਪਾਰਟੀ ਦਾ ਰਾਹ ਰੋਕਣ ਲਈ ਆਪਣਾ ਵੱਕਾਰ ਛੱਡਣ ਲਈ ਵੀ ਤਿਆਰ ਹੋ ਸਕਦੀ ਹੈ। ਭਾਵੇਂਕਿ ਫ਼ਿਲਹਾਲ ਭਾਰਤੀ ਜਨਤਾ ਪਾਰਟੀ ਨੂੰ ਕਰਨਾਟਕ ਦੀ ਸੱਤਾ ਵਿਚੋਂ ਬਾਹਰ ਰੱਖਣ ‘ਚ ਕਾਂਗਰਸ ਦਾ ਦਾਅ ਸਫਲ ਨਹੀਂ ਹੋਇਆ ਪਰ ਫਿਰ ਵੀ ਕਾਂਗਰਸ ਵਲੋਂ ਜਨਤਾ ਦਲ (ਐਸ) ਨੂੰ ਸਰਕਾਰ ਬਣਾਉਣ ਲਈ ਸਮਰਥਨ ਦੀ ਪੇਸ਼ਕਸ਼ ਨੇ ਸਾਲ 2019 ਦੀਆਂ ਭਾਰਤ ਦੀਆਂ ਆਮ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਵਿਚੋਂ ਲਾਂਭੇ ਕਰਨ ਲਈ ਦੇਸ਼ ਦੀਆਂ ਖੇਤਰੀ ਅਤੇ ਹੋਰ ਪਾਰਟੀਆਂ ਦੇ ਨਾਲ ਗਠਜੋੜ ਕਰਕੇ, ਕਾਂਗਰਸ ਵਲੋਂ ਇਕ ਮਜ਼ਬੂਤ ਮੋਰਚਾ ਬਣਾਉਣ ਦੀ ਪਹਿਲਕਦਮੀ ਨੂੰ ਜ਼ਰੂਰ ਸਾਕਾਰ ਕਰ ਦਿੱਤਾ ਹੈ।
ਕਰਨਾਟਕ ਵਿਚ ਪਹਿਲਾਂ ਕਾਂਗਰਸ ਨਾਲ ਸਬੰਧਤ ਸਿੱਧਾਰਮੱਈਆ ਦੀ ਸਰਕਾਰ ਸੀ। ਭਾਰਤੀ ਜਨਤਾ ਪਾਰਟੀ ਕਰਨਾਟਕ ਚੋਣਾਂ ‘ਚ ਦੋਹਰੀ ਰਾਜਨੀਤੀ ਖੇਡਣ ‘ਚ ਕਾਮਯਾਬ ਰਹੀ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੀਆਂ ਵੋਟਾਂ ਵੰਡਣ ਦੀ ਅਜਿਹੀ ਰਣਨੀਤੀ ਖੇਡੀ ਸੀ ਕਿ ਪੁਰਾਣੇ ਮੈਸੂਰ ਦੇ ਵੋਕਾਲਿਗਾ ਵੋਟ ਜਨਤਾ ਦਲ (ਐਸ) ਨੂੰ ਹੀ ਮਿਲਣ ਅਤੇ ਉਸ ਦੀਆਂ ਆਪਣੀਆਂ ਲਿੰਗਾਇਤ ਵੋਟਾਂ ਵਿਚ ਕਾਂਗਰਸ ਘੱਟ-ਗਿਣਤੀ ਦਰਜਾ ਦੇਣ ਦਾ ਲਾਲਚ ਦੇ ਕੇ ਦਰਾੜ ਨਾ ਪਾ ਸਕੇ।ਇਸ ਲਈ ਭਾਜਪਾ ਨੇ ਜਨਤਾ ਦਲ (ਐਸ) ਨਾਲ ਇਕ ਅਣਐਲਾਨੀਆ ਗੱਠਜੋੜ ਕੀਤਾ ਹੋਇਆ ਸੀ ਅਤੇ ਵੋਕਾਲਿਗਾ ਇਲਾਕੇ ਵਿਚ ਆਪਣੇ ਘੱਟੋ-ਘੱਟ 20 ‘ਜਾਅਲੀ ਉਮੀਦਵਾਰ’ ਖੜੇ ਕਰ ਦਿੱਤੇ, ਜਿਸ ਦੇ ਜਵਾਬ ਵਿਚ ਦੇਵਗੌੜਾ ਪਰਿਵਾਰ ਵਲੋਂ ਇਹ ਪੱਕਾ ਕੀਤਾ ਗਿਆ ਕਿ ਭਾਜਪਾ ਦੇ ਕੁਝ ਉਮੀਦਵਾਰਾਂ ਨੂੰ ਵੋਕਾਲਿਗਾ ਵੋਟਾਂ ਮਿਲ ਜਾਣ। ਚੋਣ ਦੌਰਾਨ ਕਾਂਗਰਸ ਕੋਲ ਇਸ ਰਣਨੀਤੀ ਦਾ ਕੋਈ ਜਵਾਬ ਨਹੀਂ ਨਿਕਲਿਆ। ਫਲਸਰੂਪ ਕਾਂਗਰਸ ਆਪਣੀਆਂ ਵੋਟਾਂ ਵੰਡੀਆਂ ਜਾਣ ਕਾਰਨ ਹਾਰ ਗਈ।
ਜਿਵੇਂ ਕਿ ਕਹਿੰਦੇ ਹਨ ਕਿ ਰਾਜਨੀਤੀ ‘ਚ ਕੋਈ ਪੱਕਾ ਦੁਸ਼ਮਣ ਅਤੇ ਕੋਈ ਪੱਕਾ ਮਿੱਤਰ ਨਹੀਂ ਹੁੰਦਾ, ਉਸੇ ਤਰਾਂ ਜਨਤਾ ਦਲ (ਐਸ) ਨੂੰ ਕਰਨਾਟਕ ਵਿਚ ਸਰਕਾਰ ਬਣਾਉਣ ਦੀ ਪੇਸ਼ਕਸ਼ ਕਰਕੇ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਦੇ ਇਸ ਅਣਐਲਾਨੀ ਗਠਜੋੜ ਪਾਰਟੀ ਨੂੰ ਆਪਣੇ ਵੱਲ ਖਿੱਚ ਲਿਆ। ਬੇਸ਼ੱਕ ਫ਼ਿਲਹਾਲ ਸਰਕਾਰ ਬਣਾਉਣ ‘ਚ ਭਾਰਤੀ ਜਨਤਾ ਪਾਰਟੀ ਸਫਲ ਰਹੀ ਪਰ ਕਾਂਗਰਸ ਨੇ ਜਿਹੜਾ ਸੁਪਨਾ ਜਨਤਾ ਦਲ (ਐਸ) ਨੂੰ ਆਪਣੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਵਿਖਾ ਦਿੱਤਾ ਹੈ, ਉਸ ਨੇ ਭਾਵੇਂ ਕਰਨਾਟਕ ਵਿਚ ਕੋਈ ਕਰਾਮਾਤ ਨਾ ਵੀ ਕੀਤੀ ਤਾਂ ਅਗਲੇ ਮਹੀਨਿਆਂ ‘ਚ ਚਾਰ ਸੂਬਿਆਂ; ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ ਅਤੇ ਮਿਜ਼ੋਰਮ ਵਿਚ ਹੋਣ ਵਾਲੀਆਂ ਚੋਣਾਂ ਅਤੇ 2019 ਦੀਆਂ ਭਾਰਤ ਦੀਆਂ ਲੋਕ ਸਭਾ ਚੋਣਾਂ ‘ਚ ਜ਼ਰੂਰ ਉਹ ਸੁਰਖ਼ ਰੰਗ ਵਿਖਾਵੇਗਾ।
ਕਾਂਗਰਸ ਨੂੰ ਹਰ ਸੂਬੇ ਵਿਚ ਆਪਣੀ ਕੌਮੀ ਪਾਰਟੀ ਦੀ ਹੈਸੀਅਤ ਅਤੇ ਨਾਲ-ਨਾਲ ਆਪਣੀ ਖੇਤਰੀ ਹੈਸੀਅਤ ਦੀ ਵਰਤੋਂ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਮੋਰਚਾ ਖੜਾ ਕਰਨਾ ਪਵੇਗਾ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ ਅਤੇ ਮਿਜ਼ੋਰਮ ਵਿਚ ਹੁਣ ਚੋਣਾਂ ਹੋਣਗੀਆਂ, ਉਥੇ ਕਾਂਗਰਸ ਭਾਜਪਾ ਦੀ ਮੁੱਖ ਵਿਰੋਧੀ ਹੈ। ਇਸ ਲਈ ਉਸ ਨੂੰ ਉੱਥੇ ਕਿਸੇ ਗੱਠਜੋੜ ਦੀ ਜ਼ਰੂਰਤ ਨਹੀਂ ਪਵੇਗੀ ਪਰ ਮਹਾਰਾਸ਼ਟਰ ਸਮੇਤ ਹੋਰ ਕਈ ਸੂਬਿਆਂ ਵਿਚ ਉਸ ਨੂੰ ਇਹ ਭੂਮਿਕਾ ਨਿਭਾਉਣੀ ਪੈ ਸਕਦੀ ਹੈ। ਇਸ ਸਭ ਦੇ ਉਲਟ ਕਾਂਗਰਸ ਦੇ ਸਾਹਮਣੇ ਇਕ ਅਨੁਕੂਲ ਸਥਿਤੀ ਇਹ ਹੈ ਕਿ ਖੇਤਰੀ ਸ਼ਕਤੀਆਂ ਨਾਲ ਜਿਹੜੇ ਗੱਠਜੋੜ ਬਣਾਉਣ ਵਿਚ ਉਸ ਨੂੰ ਵਿਧਾਨ ਸਭਾ ਚੋਣਾਂ ਵਿਚ ਦਿੱਕਤ ਆ ਸਕਦੀ ਸੀ, ਉਹੀ ਗੱਠਜੋੜ ਲੋਕ ਸਭਾ ਚੋਣਾਂ ਵਿਚ ਉਹ ਆਸਾਨੀ ਨਾਲ ਕਰ ਸਕਦੀ ਹੈ। ਉੱਤਰ ਪ੍ਰਦੇਸ਼ ਦੀ ਉਦਾਹਰਨ ਉਸ ਦੇ ਸਾਹਮਣੇ ਹੈ। ਕਿਉਂਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਅਖਿਲੇਸ਼ ਅਤੇ ਮਾਇਆਵਤੀ ਦੀਆਂ ਮੁੱਖ ਮੰਤਰੀ ਬਣਨ ਦੀਆਂ ਇੱਛਾਵਾਂ ਦਾਅ ‘ਤੇ ਨਹੀਂ ਹਨ। ਇਸ ਲਈ ਲੋਕ ਸਭਾ ਦੀਆਂ ਚੋਣਾਂ ਲਈ ਇਨਾਂ ਦੋਵਾਂ ਪਾਰਟੀਆਂ ਵਿਚ ਆਸਾਨੀ ਨਾਲ ਗੱਠਜੋੜ ਬਣਨ ਜਾ ਰਿਹਾ ਹੈ। ਕਾਂਗਰਸ ਨੂੰ ਅਹਿਸਾਸ ਹੈ ਕਿ ਇਸੇ ਸਥਿਤੀ ਦਾ ਲਾਭ ਉਸ ਨੂੰ ਮਹਾਰਾਸ਼ਟਰ ਅਤੇ ਝਾਰਖੰਡ ਵਰਗੇ ਸੂਬਿਆਂ ਵਿਚ ਹੀ ਨਹੀਂ, ਸਗੋਂ ਪੱਛਮੀ ਬੰਗਾਲ ਵਰਗੇ ਸੂਬਿਆਂ ਵਿਚ ਵੀ ਮਿਲ ਸਕਦਾ ਹੈ।
ਕਰਨਾਟਕ ਵਿਚ ਫ਼ਿਲਹਾਲ ਭਾਵੇਂ ਕਾਂਗਰਸ ਭਾਰਤੀ ਜਨਤਾ ਪਾਰਟੀ ਦਾ ਰਾਹ ਰੋਕਣ ‘ਚ ਕਾਮਯਾਬ ਨਹੀਂ ਹੋ ਸਕੀ, ਪਰ ਉਸ ਦਾ ਜਨਤਾ ਦਲ (ਐਸ) ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦੇ ਐਲਾਨ ਵਾਲਾ ਪੈਂਤੜਾ 2019 ਦੀਆਂ ਲੋਕ ਸਭਾ ਚੋਣਾਂ ‘ਚ ਪੂਰੇ ਦੇਸ਼ ਅੰਦਰ ਕਾਂਗਰਸ ਲਈ ਇਕ ਨਵਾਂ ਰਾਹ ਖੋਲ ਸਕਦਾ ਹੈ।

Check Also

ਇਕ ਵਾਰ ਮੁੜ ਕਰੋਨਾ ਨੇ ਧਾਰਿਆ ਭਿਆਨਕ ਰੂਪ

ਬੀਤੇ ਇਕ ਸਾਲ ਤੋਂ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦੀ ਰਹੀ ਆ ਕੋਰੋਨਾ ਮਹਾਂਮਾਰੀ ਨੇ ਜਿੱਥੇ …