ਪੰਜਾਬ ’ਚ ਕਾਰੋਬਾਰ ਨੂੰ ਵਧਾਉਣ ਸਬੰਧੀ ਕੀਤੀ ਗਈ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਇਨਵੈਸਟਮੈਂਟ ਦੇ ਤਹਿਤ ਮੁੰਬਈ ਪਹੁੰਚੇ ਜਿੱਥੇ ਉਨ੍ਹਾਂ ਵੱਡੇ ਕਾਰੋਬਾਰੀਆਂ ਅਤੇ ਫ਼ਿਲਮੀ ਹਸਤੀਆਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੇ ਪਹਿਲੇ ਗੇੜ ਦੌਰਾਨ ਉਨ੍ਹਾਂ ਸਨ ਫਾਰਮਾ ਦੇ ਸੀਈਓ ਨਾਲ ਮੀਟਿੰਗ ਕੀਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਨੂੰ ਪੰਜਾਬ ਵਿਚ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਸੱਦਾ ਦਿੱਤਾ ਅਤੇ ਕੰਪਨੀ ਦੇ ਸੀਈਓ ਵੱਲੋਂ ਪੰਜਾਬ ਦੇ ਮਾਹੌਲ ਦੀ ਸ਼ਲਾਘਾ ਕੀਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ ’ਚ ਇਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਲਈ ਆਪਣੀ ਵਾਟਰ ਅਡਵੈਂਚਰ ਟੂਰਿਜ਼ਮ ਪਾਲਿਸੀ ਬਣਾਈ ਹੈ, ਜਿਸ ਦਾ ਫਾਇਦਾ ਸੂਬਾ ਸਰਕਾਰ ਨੂੰ ਮਿਲੇਗਾ। ਕਿਉਂਕਿ ਤਾਜ ਵਰਗੇ ਵੱਡੇ ਸਮੂਹਾਂ ਵੱਲੋਂ ਸੂਬੇ ’ਚ ਨਿਵੇਸ਼ ਕਰਨ ਦੀ ਰੁਚੀ ਦਿਖਾਈ ਜਾ ਰਹੀ ਹੈ, ਜਿਸ ਤਹਿਤ ਹੁਸ਼ਿਆਰਪੁਰ ਅਤੇ ਪਠਾਨਕੋਟ ’ਚ ਕਈ ਵੱਡੀਆਂ ਕੰਪਨੀਆਂ ਵੱਲੋਂ ਹੋਟਲ ਚੇਨ ਤਹਿਤ ਆਪਣੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਸੂਬੇ ’ਚ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਕੜੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 2022 ’ਚ ਜਰਮਨੀ ਦਾ ਦੌਰਾ ਵੀ ਕੀਤਾ ਸੀ।