ਇਸੇ ਮਹੀਨੇ 13 ਹਜ਼ਾਰ ਅਧਿਆਪਕ ਹੋਣਗੇ ਪੱਕੇ
ਜਲੰਧਰ/ਬਿਊਰੋ ਨਿਊਜ਼
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਲੰਧਰ ’ਚ ਕਿਹਾ ਕਿ ਇਸੇ ਮਈ ਮਹੀਨੇ ਕੈਬਨਿਟ ਦੀ ਹੋਣ ਵਾਲੀ ਮੀਟਿੰਗ ਦੌਰਾਨ ਕਈ ਅੜਚਣਾਂ ਨੂੰ ਦੂਰ ਕਰਕੇ ਸੂਬੇ ਦੇ 13 ਹਜ਼ਾਰ ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇਗਾ। ਬੈਂਸ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਦੇ ਪੱਤਰ ਦਿੱਤੇ ਜਾਣਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕ ਖੁਦ ਕਹਿ ਰਹੇ ਹਨ ਕਿ ਅਸੀਂ ਕਈ ਸਾਲਾਂ ਤੱਕ ਧਰਨੇ ਲਗਾਉਂਦੇ ਰਹੇ, ਪਤਾ ਨਹੀਂ ਕਿੰਨੀ ਵਾਰ ਪੁਲਿਸ ਦੀਆਂ ਲਾਠੀਆਂ ਖਾਧੀਆਂ, ਪਰ ਪਿਛਲੀਆਂ ਸਰਕਾਰਾਂ ਨੇ ਸਾਡੀ ਨਹੀਂ ਸੁਣੀ ਅਤੇ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਉਨ੍ਹਾਂ ਦੀ ਗੱਲ ਸੁਣੀ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਿਚ 20 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਸਟਮ ਬਣਾ ਦਿੱਤਾ ਹੈ ਕਿ ਸਕੂਲਾਂ ਵਿਚ ਛੁੱਟੀਆਂ ਦੇ ਦੌਰਾਨ ਹੀ ਰਿਪੇਅਰ ਅਤੇ ਨਿਰਮਾਣ ਦਾ ਕੰਮ ਹੋਵੇਗਾ। ਉਨ੍ਹਾਂ ਦੱਸਿਆ ਕਿ ਸਕੂਲਾਂ ਨੂੰ ਰਿਕਾਰਡ ਗਰਾਂਟਾਂ ਦਿੱਤੀਆਂ ਗਈਆਂ ਹਨ ਅਤੇ 200 ਕਰੋੜ ਰੁਪਏ ਕੰਪਿਊਟਰ ਸਿੱਖਿਆ ’ਤੇ ਖਰਚ ਕੀਤੇ ਜਾਣਗੇ।