-3.4 C
Toronto
Sunday, December 21, 2025
spot_img
Homeਪੰਜਾਬਲਤੀਫਪੁਰਾ ਉਜਾੜਾ ਮਾਮਲੇ ਨੇ ਪੰਜਾਬ ਸਰਕਾਰ ਨੂੰ ਕਸੂਤੀ ਸਥਿਤੀ 'ਚ ਪਾਇਆ

ਲਤੀਫਪੁਰਾ ਉਜਾੜਾ ਮਾਮਲੇ ਨੇ ਪੰਜਾਬ ਸਰਕਾਰ ਨੂੰ ਕਸੂਤੀ ਸਥਿਤੀ ‘ਚ ਪਾਇਆ

ਪੀੜਤਾਂ ਨੇ ਰੇਲ ਤੇ ਸੜਕੀ ਆਵਾਜਾਈ ਰੋਕੀ
ਜਲੰਧਰ/ਬਿਊਰੋ ਨਿਊਜ਼ : ਲਤੀਫਪੁਰਾ ਉਜਾੜਾ ਮਾਮਲੇ ਨੇ ਪੰਜਾਬ ਸਰਕਾਰ ਨੂੰ ਕਸੂਤੀ ਸਥਿਤੀ ‘ਚ ਪਾ ਦਿੱਤਾ ਹੈ। ਲਤੀਫਪੁਰਾ ਮੁੜ ਵਸੇਬਾ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਅਤੇ ਹੋਰ ਲੋਕਾਂ ਨੇ ਇੱਥੇ ਧੰਨੋ ਵਾਲੀ ਨੇੜੇ ਸੜਕਾਂ ਅਤੇ ਰੇਲ ਮਾਰਗ ਜਾਮ ਕੀਤੇ। ਇਸ ਮੋਰਚੇ ਦੀ ਅਗਵਾਈ ਕਰ ਰਹੇ ਆਗੂਆਂ ਨੇ ਕਿਹਾ ਕਿ ਲਤੀਫਪੁਰਾ ਇਲਾਕੇ ਦੇ ਲੋਕਾਂ ਦਾ ਮੁੜ ਵਸੇਬਾ ਉਸੇ ਜਗ੍ਹਾ ਉੱਪਰ ਹੀ ਕੀਤਾ ਜਾਵੇ ਅਤੇ ਉਨ੍ਹਾਂ ਦੇ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਵੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਦਲਾਅ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਵੱਲੋਂ ਲਤੀਫ਼ਪੁਰਾ ਬਾਰੇ ਧਾਰੀ ਚੁੱਪ ਸਾਬਿਤ ਕਰਦੀ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਭੂ-ਮਾਫ਼ੀਆ ਦੇ ਥੱਲੇ ਲੱਗੀ ਹੋਈ ਹੈ। ਮੋਰਚੇ ਦੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਮੰਗਾਂ ਦੇ ਨਿਪਟਾਰੇ ਲਈ ਦਿਨ ਰਾਤ ਦਾ ਮੋਰਚਾ ਜਾਰੀ ਰੱਖਦਿਆਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਾਜਪਾਲ ਦੀ ਆਮਦ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਭਗਵੰਤ ਮਾਨ ਨੇ ਮਸਲੇ ਦੇ ਹੱਲ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਤੀਫਪੁਰਾ ਮਾਮਲੇ ਦੇ ਹੱਲ ਲਈ ਅਧਿਕਾਰੀਆਂ ਨਾਲ ਚੰਡੀਗੜ੍ਹ ‘ਚ ਮੀਟਿੰਗ ਕੀਤੀ ਹੈ। ਚੇਤੇ ਰਹੇ ਕਿ ਨਗਰ ਸੁਧਾਰ ਟਰੱਸਟ ਜਲੰਧਰ ਵੱਲੋਂ ਲਤੀਫਪੁਰਾ ਵਿਚ ਉੱਸਰੇ ਘਰਾਂ ‘ਤੇ ਬੁਲਡੋਜ਼ਰ ਚਲਾਇਆ ਗਿਆ ਸੀ ਜਿਸ ਕਾਰਨ ਕਈ ਹਫ਼ਤਿਆਂ ਤੋਂ ਇਹ ਪਰਿਵਾਰ ਸੜਕਾਂ ‘ਤੇ ਤੰਬੂ ਲਾ ਕੇ ਰਹਿਣ ਲਈ ਮਜਬੂਰ ਹਨ। ਲਤੀਫਪੁਰਾ ਉਜਾੜੇ ਦੇ ਇਨਸਾਫ਼ ਲਈ ਸੰਘਰਸ਼ ਜਾਰੀ ਹੈ। ਇਨ੍ਹਾਂ ‘ਚ ਜ਼ਿਆਦਾਤਰ ਪਰਿਵਾਰ ਉਹ ਹਨ ਜਿਹੜੇ ਵੰਡ ਵੇਲੇ ਪਾਕਿਸਤਾਨ ਵਿਚੋਂ ਉੱਜੜ ਕੇ ਆਏ ਸਨ। ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲੋਂ ਜਲੰਧਰ ਪ੍ਰਸ਼ਾਸਨ ‘ਤੇ ਖ਼ਫ਼ਾ ਹਨ ਕਿ ਉਨ੍ਹਾਂ ਵੱਲੋਂ ਵੇਲੇ ਸਿਰ ਇਸ ਮਸਲੇ ਨੂੰ ਨਜਿੱਠਿਆ ਨਹੀਂ ਗਿਆ। ਮੀਟਿੰਗ ਵਿਚ ਕੁਝ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਦੀ ਜਗ੍ਹਾ ‘ਤੇ ਬੁਲਡੋਜ਼ਰ ਚੱਲਿਆ ਹੈ, ਉਨ੍ਹਾਂ ‘ਚ ਗ਼ਰੀਬ ਲੋਕ ਘੱਟ ਅਤੇ ਸਰਦੇ-ਪੁੱਜਦੇ ਲੋਕਾਂ ਕੋਲ ਵੱਧ ਜ਼ਮੀਨ ‘ਤੇ ਕਬਜ਼ਾ ਸੀ। ਮੀਟਿੰਗ ਵਿਚ ਇੱਕ ਪੱਖ ਇਹ ਉੱਭਰਿਆ ਕਿ ਜਿਹੜੇ ਤਕੜੇ ਲੋਕਾਂ ਦਾ ਲਤੀਫ਼ਪੁਰਾ ਵਿਚੋਂ ਨਾਜਾਇਜ਼ ਕਬਜ਼ਾ ਹਟਾਇਆ ਗਿਆ ਹੈ, ਉਨ੍ਹਾਂ ਵੱਲੋਂ ਗ਼ਰੀਬ ਲੋਕਾਂ ਨੂੰ ਭਰਮਾ ਕੇ ਸੰਘਰਸ਼ ਕਰਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲਤੀਫਪੁਰਾ ਵਿਚੋਂ ਉੱਜੜੇ ਗ਼ਰੀਬ ਪਰਿਵਾਰਾਂ ਦੇ ਮੁੜ ਵਸੇਬੇ ਦੇ ਇੰਤਜ਼ਾਮ ਫ਼ੌਰੀ ਕੀਤੇ ਜਾਣ।

RELATED ARTICLES
POPULAR POSTS