5.7 C
Toronto
Friday, April 10, 2026
spot_img
Homeਪੰਜਾਬਬਹਿਬਲ ਕਲਾਂ ਮੋਰਚਾ

ਬਹਿਬਲ ਕਲਾਂ ਮੋਰਚਾ

ਪੀੜਤ ਪਰਿਵਾਰ ਦਾ ਗੁੱਸਾ ਠੰਢਾ ਨਾ ਕਰ ਸਕੇ ਬੈਂਸ ਤੇ ਸੰਧਵਾਂ
ਪੰਜਾਬ ਸਰਕਾਰ ਨੇ ਹੋਰ ਛੇ ਮਹੀਨਿਆਂ ਦਾ ਸਮਾਂ ਮੰਗਿਆ
ਕੋਟਕਪੂਰਾ/ਬਿਊਰੋ ਨਿਊਜ਼ : ਬਹਿਬਲ ਕਲਾਂ ਇਨਸਾਫ ਮੋਰਚੇ ਵਿੱਚ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਬੇਰੰਗ ਮੁੜਨਾ ਪਿਆ। ਉਨ੍ਹਾਂ ਆਪਣੀਆਂ ਦਲੀਲਾਂ ਨਾਲ ਸੰਗਤ ਦੇ ਰੋਸ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ। ਇਨਸਾਫ ਮੋਰਚੇ ਦੇ ਸੁਖਰਾਜ ਸਿੰਘ ਨਿਆਮੀਵਾਲਾ ਤੇ ਸੰਗਤ ਨਾਲ ਮੀਟਿੰਗ ਕਰਨ ਮਗਰੋਂ ਸਵਾਲਾਂ ਤੋਂ ਬਚਦਿਆਂ ਕੈਬਨਿਟ ਮੰਤਰੀ ਮੀਡੀਆ ਨਾਲ ਗੱਲਬਾਤ ਕੀਤੇ ਬਿਨਾਂ ਹੀ ਖਿਸਕ ਗਏ। ਪਿੰਡ ਬਹਿਬਲ ਕਲਾਂ ਵਿੱਚ ਪਿਛਲੇ ਅੱਠ ਮਹੀਨੇ ਤੋਂ ਮੋਰਚੇ ਦੇ ਆਗੂ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ ਅਤੇ ਪਿਛਲੀਆਂ ਦੋ ਮੀਟਿੰਗਾਂ ਦੌਰਾਨ ਏਜੀ ਦਫਤਰ ਦੀ ਟੀਮ ਨੇ ਤਿੰਨ ਮਹੀਨੇ ਦਾ ਸਮਾਂ ਮੰਗਿਆ ਸੀ ਪਰ ਸਮਾਂ ਪੂਰਾ ਹੋਣ ਮਗਰੋਂ ਵੀ ਸਰਕਾਰ ਕੋਈ ਠੋਸ ਫ਼ੈਸਲਾ ਨਹੀਂ ਲੈ ਸਕੀ। ਇਸ ਮਗਰੋਂ ਹੋਰ ਪੰਦਰਾਂ ਦਿਨ ਦਾ ਸਮਾਂ ਮੰਗਿਆ ਸੀ, ਜੋ ਖਤਮ ਹੋ ਗਿਆ ਹੈ। ਇਨਸਾਫ਼ ਮੋਰਚੇ ਅਤੇ ਕੈਬਨਿਟ ਮੰਤਰੀ ਵਿਚਾਲੇ ਹੋਈ ਮੀਟਿੰਗ ਦੌਰਾਨ ਬੈਂਸ ਨੇ ਹੋਰ ਛੇ ਮਹੀਨੇ ਦਾ ਸਮਾਂ ਮੰਗਿਆ, ਜਿਸ ਨੂੰ ਮੋਰਚੇ ਦੇ ਆਗੂਆਂ ਨੇ ਰੱਦ ਕਰ ਦਿੱਤਾ। ਸੁਖਰਾਜ ਸਿੰਘ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਚੌਵੀਂ ਘੰਟਿਆਂ ਵਿੱਚ ਇਨਸਾਫ਼ ਦਿਵਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ‘ਆਪ’ ਹੁਣ ਆਪਣੀ ਗੱਲ ‘ਤੇ ਪੂਰੀ ਨਹੀਂ ਉੱਤਰ ਰਹੀ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਵਿੱਚ 31 ਜੁਲਾਈ ਨੂੰ ਪੰਜਾਬ ਦੀਆਂ ਸਾਰੀਆਂ ਪੰਥਕ ਧਿਰਾਂ ਦਾ ਸਾਂਝਾ ਇਕੱਠ ਕਰਕੇ ਅਗਲਾ ਫ਼ੈਸਲਾ ਲਿਆ ਜਾਵੇਗਾ।
ਸੂਬਾ ਸਰਕਾਰ ਮੋਰਚੇ ਦੇ ਨਾਲ ਹੈ : ਸੰਧਵਾਂ
ਹਲਕਾ ਕੋਟਕਪੂਰਾ ਤੋਂ ਵਿਧਾਇਕ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਸੂਬਾ ਸਰਕਾਰ ਇਨਸਾਫ਼ ਮੋਰਚੇ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਗੱਲਾਂ ਬਹੁਤ ਹੋ ਚੁੱਕੀਆਂ ਹਨ ਪਰ ਹੁਣ ਕਾਰਵਾਈ ਦੀ ਲੋੜ ਹੈ। ਸੰਧਵਾਂ ਨੇ ਕਿਹਾ ਕਿ ਸਰਕਾਰ ਨੂੰ ਕਾਰਵਾਈ ਲਈ ਛੇ ਮਹੀਨੇ ਦਾ ਸਮਾਂ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਅਮੋਲਕ ਸਿੰਘ ਵੀ ਹਾਜ਼ਰ ਸਨ।

RELATED ARTICLES
POPULAR POSTS