Breaking News
Home / ਪੰਜਾਬ / ਕਾਰਪੋਰੇਟ ਖੇਤਰ ਨੂੰ ਢਾਹ ਲਾਉਣ ਲਈ ਇਕੱਠੇ ਸੰਘਰਸ਼ ਵਿੱਢਾਂਗੇ: ਉਗਰਾਹਾਂ

ਕਾਰਪੋਰੇਟ ਖੇਤਰ ਨੂੰ ਢਾਹ ਲਾਉਣ ਲਈ ਇਕੱਠੇ ਸੰਘਰਸ਼ ਵਿੱਢਾਂਗੇ: ਉਗਰਾਹਾਂ

ਬੁਢਲਾਡਾ ਵਿੱਚ 31 ਜੁਲਾਈ ਨੂੰ ਚਾਰ ਘੰਟੇ ਲਈ ਰੇਲਾਂ ਜਾਮ ਕਰਨ ਦਾ ਐਲਾਨ ਕੀਤਾ
ਰੂੜੇਕੇ ਕਲਾਂ/ਬਿਊਰੋ ਨਿਊਜ਼ : ‘ਪਾਣੀ ਬਚਾਓ ਖੇਤ ਬਚਾਓ’ ਮੁਹਿੰਮ ਤਹਿਤ ਬਰਨਾਲਾ ਦੇ ਪਿੰਡ ਧੌਲਾ ਸਥਿਤ ਟਰਾਈਡੈਂਟ ਕੰਪਨੀ ਦੀ ਫੈਕਟਰੀ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਾਏ ਗਏ ਮੋਰਚੇ ਦੇ ਆਖਰੀ ਦਿਨ ਸੋਮਵਾਰ ਨੂੰ ਹਜ਼ਾਰਾਂ ਕਿਸਾਨ ਮਜ਼ਦੂਰ ਮਹਿਲਾਵਾਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਸੂਬਾ ਕਮੇਟੀ ਦੇ ਦਿੱਤੇ ਸੱਦੇ ਤਹਿਤ ਕਿਸਾਨਾਂ ਨੇ ਬਸੰਤੀ ਪੱਗਾਂ ਬੰਨ੍ਹ ਕੇ ਅਤੇ ਮਹਿਲਾਵਾਂ ਨੇ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਸ਼ਮੂਲੀਅਤ ਕੀਤੀ।
ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਪੰਜਾਬ ਸਰਕਾਰ ਵੀ ਸੰਸਾਰ ਬੈਂਕ ਦੇ ਹੁਕਮਾਂ ਅਨੁਸਾਰ ਪਾਣੀਆਂ ‘ਤੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਲਈ ਦੋ ਕਦਮ ਅੱਗੇ ਹੋ ਕੇ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਮੰਨਿਆ ਹੈ ਕਿ ਸੂਬਾ ਭਾਰੀ ਧਾਤਾਂ, ਫਲੋਰਾਈਡ, ਆਇਰਨ, ਯੂਰੇਨੀਅਮ, ਟੀਡੀਐੱਸ ਵਰਗੇ ਪਾਣੀ ਦੀ ਗੁਣਵੱਤਾ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਪਰ ਕਾਰਪੋਰੇਟ ਘਰਾਣਿਆਂ ਦੀਆਂ ਸਨਅਤਾਂ ਵੱਲੋਂ ਦਰਿਆਵਾਂ ਵਿੱਚ ਜ਼ਹਿਰੀਲਾ ਪਾਣੀ ਸੁੱਟਣ ਖਿਲਾਫ ਕਾਨੂੰਨੀ ਕਾਰਵਾਈ ਕਰਨ ਬਾਰੇ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਂ ਲੱਖ ਏਕੜ ਜ਼ਮੀਨ ਦਾ ਪਾਣੀ ਕਾਰਪੋਰੇਟ ਲੁੱਟ ਰਹੇ ਹਨ।
ਪਿਛਲੇ ਚਾਰ ਦਿਨਾਂ ਦੌਰਾਨ ਲਾਏ ਧਰਨਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਰਪੋਰੇਟੀ ਮੱਲ ਨੂੰ ਢਾਹੁਣ ਲਈ ਬਾਕੀ ਜਥੇਬੰਦੀਆਂ ਨਾਲ ਮਿਲ ਕੇ ਲੜਾਈ ਅੰਜਾਮ ਤੱਕ ਪਹੁੰਚਾਈ ਜਾਵੇਗੀ। ਮਹਿਲਾ ਜਥੇਬੰਦੀ ਦੀ ਆਗੂ ਸਰੋਜ ਦਿਆਲਪੁਰਾ, ਮਨਜੀਤ ਕੌਰ ਕਾਹਨੇ ਕੇ ਤੇ ਪਰਮਜੀਤ ਕੌਰ ਪਿੱਥੋ ਨੇ ਮੰਗ ਕੀਤੀ ਕਿ ਹੜ੍ਹਾਂ ਦੇ ਪਾਣੀ ਤੇ ਅਜਾਈਂ ਜਾ ਰਹੇ ਦਰਿਆਵਾਂ ਦੇ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾਵੇ ਤੇ ਫਾਲਤੂ ਪਾਣੀ ਧਰਤੀ ਵਿੱਚ ਰੀਚਾਰਜ ਕੀਤਾ ਜਾਵੇ।
ਰਾਮ ਸਿੰਘ ਭੈਣੀਬਾਘਾ ਤੇ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਬਠਿੰਡਾ ਦੇ ਰੇਲ ਜੰਕਸ਼ਨ ਤੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ 31 ਜੁਲਾਈ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਰੇਲਾਂ ਜਾਮ ਕੀਤੀਆਂ ਜਾਣਗੀਆਂ।
ਇਸ ਦੌਰਾਨ ਪਿੰਡ ਦੌਧਰ ਵਿੱਚ ਲਗਾਏ ਧਰਨੇ ਵਿੱਚ ਸ਼ਾਮਲ ਹੋਏ ਕਿਸਾਨਾਂ, ਬੀਬੀਆਂ ਤੇ ਵੱਡੀ ਗਿਣਤੀ ਨੌਜਵਾਨਾਂ ਨੇ ਸੰਸਾਰ ਬੈਂਕ, ਭਾਰਤ ਤੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਪਾਣੀਆਂ ਤੋਂ ਹੱਥ ਦੂਰ ਰੱਖਣ ਦੀ ਚਿਤਾਵਨੀ ਦਿੱਤੀ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸੰਸਾਰ ਬੈਂਕ ਨੇ ਪੰਜਾਬ ਦੇ ਸਾਰੇ ਪਾਣੀਆਂ ਦੀ ਜ਼ਿੰਮੇਵਾਰੀ ਦੇਸ਼ੀ-ਵਿਦੇਸ਼ੀ ਕਾਰਪੋਰੇਟਾਂ ਨੂੰ ਸੌਂਪਣ ਵਾਲੇ ਦਸਤਾਵੇਜ਼ ਪੰਜਾਬ ਸਰਕਾਰ ਨੂੰ ਸੌਂਪ ਦਿੱਤੇ ਹਨ ਤੇ ਸੂਬਾ ਸਰਕਾਰ ਨੇ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ‘ਤੇ ਵਿਧਾਨ ਸਭਾ ਵਿੱਚ ਪਾਣੀਆਂ ਦਾ ਕਾਨੂੰਨ ਲਾਗੂ ਕਰਨ ਦਾ ਮਤਾ ਵੀ ਪਾਸ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜ਼ਮੀਨੀ ਹਮਲੇ ਮਗਰੋਂ ਹੁਣ ਭਾਰਤੀ ਹਕੂਮਤ ਟੇਢੇ ਢੰਗ ਨਾਲ ਪਾਣੀਆਂ ‘ਤੇ ਕਾਬਜ਼ ਹੋ ਕੇ ਫਿਰ ਜ਼ਮੀਨੀ ਹਮਲਾ ਵਿੱਢਣ ਜਾ ਰਹੀ ਹੈ।
ਭਗਤ ਸਿੰਘ ਕੱਲ੍ਹ ਵੀ ਸ਼ਹੀਦ ਸੀ, ਅੱਜ ਵੀ ਸ਼ਹੀਦ ਹੈ ਤੇ ਹਮੇਸ਼ਾ ਰਹੇਗਾ: ਉਗਰਾਹਾਂ
ਸ਼ਹੀਦ ਭਗਤ ਸਿੰਘ ਨੂੰ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਅੱਤਵਾਦੀ ਕਹੇ ਜਾਣ ਬਾਰੇ ਜੋਿਗੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੋਈ ਕੁਝ ਵੀ ਕਹੀ ਜਾਵੇ, ਪਰ ਜਿਨ੍ਹਾਂ ਲਈ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਸੀ ਉਨ੍ਹਾਂ ਲਈ ਉਹ ਕੱਲ੍ਹ ਵੀ ਸ਼ਹੀਦ ਸੀ, ਅੱਜ ਵੀ ਸ਼ਹੀਦ ਹੈ ਤੇ ਹਮੇਸ਼ਾ ਸ਼ਹੀਦ ਰਹੇਗਾ।
ਮੋਰਚੇ ਦੇ ਆਖਰੀ ਦਿਨ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ
ਚੰਡੀਗੜ੍ਹ : ਕਿਸਾਨ ਮਜ਼ਦੂਰ ਸੰਘਰਸ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਾਂਝੇ ਤੌਰ ‘ਤੇ ‘ਪਾਣੀ ਬਚਾਓ, ਖੇਤ ਬਚਾਓ’ ਲਈ 21 ਥਾਵਾਂ ‘ਤੇ ਸ਼ੁਰੂ ਕੀਤੇ ਗਏ ਪੰਜ ਰੋਜ਼ਾ ਪੱਕੇ ਮੋਰਚੇ ਲੰਘੇ ਸੋਮਵਾਰ ਨੂੰ ਖ਼ਤਮ ਕਰ ਦਿੱਤੇ ਗਏ ਹਨ। ਮੋਰਚੇ ਦੇ ਆਖਰੀ ਦਿਨ ਕਿਸਾਨਾਂ-ਮਜ਼ਦੂਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਾਂਝੇ ਮੰਗ ਪੱਤਰ ਸੌਂਪੇ ਤੇ ਮੰਗ ਕੀਤੀ ਕਿ ਕਾਰਪੋਰੇਟ ਕੰਪਨੀਆਂ ਨੂੰ ਦਿੱਤੇ ਨਹਿਰੀ ਪਾਣੀ ਦੇ ਪ੍ਰਾਜੈਕਟ ਰੱਦ ਕੀਤੇ ਜਾਣ ਅਤੇ ਫੈਕਟਰੀਆਂ ਦੇ ਮਾਲਕਾਂ ਉੱਤੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾਣ। ਪੰਜਾਬ ਦੀ ਸਾਰੀ ਵਾਹੀਯੋਗ ਜ਼ਮੀਨ ਨੂੰ ਨਹਿਰੀ ਪਾਣੀ ਹੇਠ ਲਿਆਉਣ ਦੀ ਮੰਗ ਕੀਤੀ ਗਈ ਅਤੇ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਮੋਰਚਿਆਂ ‘ਤੇ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ ਅਤੇ ਸੰਘਰਸ਼ ਦਾ ਅੱਠ ਸੂਤਰੀ ਮੰਗ ਪੱਤਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ। ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ, ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਜਸਬੀਰ ਸਿੰਘ ਪਿੱਦੀ, ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕੇ ਹੋਏ ਹਨ।
ਆਗੂਆਂ ਨੇ ਮੰਗ ਕੀਤੀ ਕਿ ਨਹਿਰੀ ਪ੍ਰਾਜੈਕਟ ਰੱਦ ਕੀਤੇ ਜਾਣ, ਪੰਜਾਬ ਦੀ ਸਾਰੀ ਵਾਹੀ ਯੋਗ ਜ਼ਮੀਨ ਨੂੰ ਨਹਿਰੀ ਪਾਣੀ ਲਗਾਇਆ ਜਾਵੇ, ਬਰਸਾਤੀ ਪਾਣੀ ਦੀ ਸੰਭਾਲ ਕਰ ਕੇ ਧਰਤੀ ਹੇਠ ਭੇਜਿਆ ਜਾਵੇ, ਨਹਿਰੀ ਪਾਣੀ ਧਰਤੀ ਹੇਠ ਭੇਜਣ ਲਈ ਪੰਜਾਬ ਜੇ ਸਾਰੇ ਪ੍ਰਾਜੈਕਟ ਚਾਲੂ ਕੀਤੇ ਜਾਣ ਤੇ ਰਸੂਲਪੁਰ ਨਹਿਰਾਂ ਵਿੱਚ ਅੱਠ ਸਾਲਾਂ ਤੋਂ ਬੰਦ ਪਿਆ ਪਾਣੀ ਰਿਚਾਰਜ ਕਰਨ ਲਈ ਲੱਗਿਆ ਪਲਾਂਟ ਮੁੜ ਚਾਲੂ ਕੀਤਾ ਜਾਵੇ।
ਸੰਯੁਕਤ ਕਿਸਾਨ ਮੋਰਚੇ ਨੇ ਸੰਘਰਸ਼ ਲਈ ਰਣਨੀਤੀ ਉਲੀਕੀ
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਗੈਰ-ਸਿਆਸੀ ਧਿਰਾਂ ਨੇ ਇਕ ਮੀਟਿੰਗ ਕਰ ਕੇ ਕਿਸਾਨੀ ਮਸਲਿਆਂ ਸਬੰਧੀ 22 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਕਿਸਾਨਾਂ ਦਾ ਇਕੱਠ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਲਈ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫ਼ੀ ਯਕੀਨੀ ਬਣਾਉਣ ਤੋਂ ਇਲਾਵਾ ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਕੇਸ ਰੱਦ ਕਰਵਾਏ ਜਾ ਸਕਣ।
ਆਗੂਆਂ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਮੋਰਚੇ ਦਾ ਮਤਾ ਨਾ ਮੰਨਿਆ ਤਾਂ 23 ਅਗਸਤ ਨੂੰ ਅਗਲੀ ਕਾਰਵਾਈ ਲਈ ਸਿੰਘੂ ਬਾਰਡਰ ‘ਤੇ ਹੰਗਾਮੀ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਦੀ ਪ੍ਰਧਾਨਗੀ ਰਿਸ਼ੀਪਾਲ ਅਮਾਵਤਾ ਹਰਿਆਣਾ, ਸੁਖਦੇਵ ਸਿੰਘ, ਭੋਜ ਰਾਜ ਪੰਜਾਬ, ਜਸਵੀਰ ਸਿੰਘ ਭਾਟੀ ਤੇ ਸੁਖਪਾਲ ਸਿੰਘ ਡੱਫਰ ਆਦਿ ਨੇ ਕੀਤੀ।
ਮੀਟਿੰਗ ਮਗਰੋਂ ਕਿਸਾਨ ਆਗੂਆਂ ਨੇ ਅਗਲੀ ਰਣਨੀਤੀ ਦਾ ਐਲਾਨ ਕੀਤਾ, ਜਿਸ ਤਹਿਤ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਤੋਂ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਰੋਸ ਵਜੋਂ 3 ਅਗਸਤ ਨੂੰ ਮਾਝਾ, ਮਾਲਵਾ ਅਤੇ ਦੋਆਬਾ ਖੇਤਰਾਂ ਵਿੱਚ ਤਿੰਨ ਥਾਵਾਂ ‘ਤੇ ਕੌਮੀ ਮਾਰਗਾਂ ਉੱਤੇ ਅਣਮਿੱਥੇ ਸਮੇਂ ਲਈ ਧਰਨੇ ਦੇਣ ਦਾ ਐਲਾਨ ਕੀਤਾ ਗਿਆ।
ਇਸ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਸੰਯੁਕਤ ਕਿਸਾਨ ਮੋਰਚੇ ਦੇ ਸਿਧਾਂਤਾਂ ਤੋਂ ਭਟਕੀਆਂ ਕੁਝ ਜਥੇਬੰਦੀਆਂ ਵੱਲੋਂ ਸਿਆਸੀ ਧੜਾ ਬਣਾ ਕੇ ਸੰਯੁਕਤ ਕਿਸਾਨ ਮੋਰਚੇ ਦਾ ਨਾਮ ਵਰਤਣ ਦੀ ਨਿੰਦਾ ਕੀਤੀ ਗਈ।
ਮੀਟਿੰਗ ਵਿੱਚ ਸ਼ਿਵ ਕੁਮਾਰ ਕੱਕਾ ਮੱਧ ਪ੍ਰਦੇਸ਼, ਜਗਜੀਤ ਸਿੰਘ ਡੱਲੇਵਾਲ, ਆਤਮਜੀਤ ਸਿੰਘ ਯੂਪੀ, ਅਭਿਮੰਨਿਊ ਕੋਹਾੜ, ਜਰਨੈਲ ਸਿੰਘ ਚਾਹਲ, ਗੁਰਿੰਦਰ ਭੰਗੂ, ਬਲਦੇਵ ਸਿੰਘ ਸਿਰਸਾ, ਸੁਖਦੇਵ ਸਿੰਘ ਤੇ ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …