Breaking News
Home / ਦੁਨੀਆ / ਪਾਕਿ ‘ਚ ਅਨੰਦ ਕਾਰਜ ਐਕਟ ਫਰਵਰੀ ਤੋਂ

ਪਾਕਿ ‘ਚ ਅਨੰਦ ਕਾਰਜ ਐਕਟ ਫਰਵਰੀ ਤੋਂ

ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਦਾ ਪ੍ਰਗਟਾਵਾ
ਪਾਕਿ ਸਥਿਤ ਗੁਰਦੁਆਰੇ ‘ਚ ਦਸਮ ਪਿਤਾ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਚ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਤੋਂ ਬਾਅਦ ਰਾਗੀ ਸਿੰਘਾਂ ਨੇ ਕੀਰਤਨ ਕੀਤਾ।
ਇਸ ਮੌਕੇ ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨੇ ਐਲਾਨ ਕੀਤਾ ਕਿ ਪਾਕਿਸਤਾਨ ਵਿਚ ਫਰਵਰੀ ਮਹੀਨੇ ਤੋਂ ਅਨੰਦ ਮੈਰਿਜ ਐਕਟ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਐਕਟ ਨੂੰ ਪੰਜਾਬ ਅਸੈਂਬਲੀ ਵਿਚ ਫਰਵਰੀ ਮਹੀਨੇ ਦੌਰਾਨ ਹੋਣ ਵਾਲੇ ਸੈਸ਼ਨ ਵਿਚ ਪਾਸ ਕਰ ਦਿੱਤਾ ਜਾਵੇਗਾ। ਇਸ ਐਕਟ ਦੇ ਪਾਸ ਹੋਣ ਸਦਕਾ ਉਸ ਦਿਨ ਤੋਂ ਹੀ ਨਵੇਂ ਜੋੜਿਆਂ ਦਾ ਅਨੰਦ ਕਾਰਜ ਹੋਣਾ ਤਹਿ ਹੋਇਆ ਹੋਵੇਗਾ, ਨਵੇਂ ਜੋੜਿਆਂ ਨੂੰ ਘਰ ਦਾ ਜ਼ਰੂਰੀ ਸਮਾਨ ਗਵਰਨਰ ਪੰਜਾਬ ਵਲੋਂ ਦਿੱਤਾ ਜਾਵੇਗਾ। ਇਸ ਮੌਕੇ ਚੌਧਰੀ ਸਰਵਰ ਨੇ ਸ੍ਰੀ ਨਨਕਾਣਾ ਸਾਹਿਬ ਵਿਚ ਖੇਡ ਮੈਦਾਨ ਦੇਣ ਦਾ ਐਲਾਨ ਕੀਤਾ। ਚੌਧਰੀ ਸਰਵਰ ਨੇ ਅੱਗੇ ਇਕ ਹੋਰ ਐਲਾਨ ਕੀਤਾ ਕਿ ਸਿੱਖ ਵਿਦਿਆਰਥੀਆਂ ਨੂੰ ਲਹਿੰਦੇ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਦਾਖਲੇ ਤੇ ਖਾਸ ਰਿਆਇਤ ਦਿੱਤੀ ਜਾਵੇਗੀ। ਇਸ ਮੌਕੇ ਪੰਜਾਬ ਕੈਬਨਿਟ ਦੇ ਸੈਕਟਰੀ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਰਾਜਪਾਲ ਨੇ ਪਿਓ ਬਣ ਕੇ ਧੀਆਂ ਨੂੰ ਤੋਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਕੋਟੇ ਵਿਚੋਂ ਨਨਕਾਣਾ ਸਾਹਿਬ ਵਿਚ ਕਮਿਊਨਿਟੀ ਸੈਂਟਰ ਖੋਲ੍ਹਿਆ ਜਾਵੇਗਾ। ਇਸ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾ. ਮੀਮਪਾਲ ਸਿੰਘ, ਸਰਬੱਤ ਸਿੰਘ ਤੇ ਗੋਪਾਲ ਸਿੰਘ ਚਾਵਲਾ ਮੌਜੂਦ ਸਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …