Breaking News
Home / ਦੁਨੀਆ / ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਫ਼ਾਈਲਾਂ ਜਾਰੀ ਕਰੇਗਾ ਨੈਸ਼ਨਲ ਆਰਕਾਇਵ ਲੰਡਨ

ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਫ਼ਾਈਲਾਂ ਜਾਰੀ ਕਰੇਗਾ ਨੈਸ਼ਨਲ ਆਰਕਾਇਵ ਲੰਡਨ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਸ: ਊਧਮ ਸਿੰਘ ਨੂੰ 31 ਜੁਲਾਈ, 1940 ਨੂੰ ਫਾਂਸੀ ਦਿੱਤੇ ਜਾਣ ਉਪਰੰਤ ਬ੍ਰਿਟਿਸ਼ ਸਰਕਾਰ ਵਲੋਂ ਸ਼ਹੀਦ ਨਾਲ ਸਬੰਧਿਤ ਦਸਤਾਵੇਜ਼ਾਂ ਦੇ ਜਾਰੀ ਕਰਨ ‘ਤੇ 100 ਸਾਲ ਲਈ ਪਾਬੰਦੀ ਲਗਾਈ ਗਈ ਸੀ। ਉਕਤ ਵਿਚੋਂ ਕੁਝ ਫਾਈਲਾਂ ਬ੍ਰਿਟਿਸ਼ ਲਾਇਬ੍ਰੇਰੀ ਅਤੇ ਬਾਕੀ ‘ਦੀ ਨੈਸ਼ਨਲ ਆਰਕਾਇਵ ਲੰਡਨ’ ਵਿਚ ਸੁਰੱਖਿਅਤ ਰੱਖੀਆਂ ਗਈਆਂ ਸਨ। ਹੁਣ ਲੰਡਨ ਦੇ ‘ਦੀ ਨੈਸ਼ਨਲ ਆਰਕਾਇਵ ਮਿਊਜ਼ੀਅਮ’ ਨੇ ਉਨ੍ਹਾਂ ਕੋਲ ਮੌਜੂਦ ਫਾਈਲਾਂ ਵਿਚੋਂ ਸ਼ਹੀਦ ਦੀ ਫਾਂਸੀ ਨਾਲ ਸਬੰਧਿਤ ਚਾਰ ਫ਼ਾਈਲਾਂ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਹੀਦ ਊਧਮ ਸਿੰਘ ਦੇ ਜੀਵਨ ‘ਤੇ ਖੋਜ ਕਰਕੇ ਕਈ ਪੁਸਤਕਾਂ ਲਿਖ ਚੁੱਕੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ‘ਦੀ ਨੈਸ਼ਨਲ ਆਰਕਾਇਵ ਲੰਡਨ’ ਨੇ ਸ਼ਹੀਦ ਦੀ ਫਾਂਸੀ ਨਾਲ ਸਬੰਧਿਤ ਫਾਈਲ ਨੰਬਰ 2/761 ਨੂੰ 290.40 ਪੌਂਡ, ਫਾਈਲ ਨੰਬਰ 2/728 ਨੂੰ 256.30 ਪੌਂਡ, ਫਾਈਲ ਨੰਬਰ 1/1177 ਨੂੰ 177.10 ਪੌਂਡ ਅਤੇ ਫਾਈਲ ਨੰਬਰ 9/872/1 ਨੂੰ 184.80 ਪੌਂਡ ਵਿਚ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਚਾਰੋਂ ਫ਼ਾਈਲਾਂ ਦੀ ਕੁਲ ਕੀਮਤ 908.60 ਪੌਂਡ ਭਾਵ 80 ਹਜ਼ਾਰ 383 ਰੁਪਏ ਰੱਖੀ ਗਈ ਹੈ। ਇਨ੍ਹਾਂ ਫ਼ਾਈਲਾਂ ਨੂੰ ਜਾਰੀ ਕਰਾਉਣ ਲਈ ਲੰਬੇ ਸਮੇਂ ਤੋਂ ਜੱਦੋ ਜਹਿਦ ਕਰਦੇ ਆ ਰਹੇ ਰਾਕੇਸ਼ ਕੁਮਾਰ ਨੇ ਕਿਹਾ ਕਿ ਉਕਤ ਫਾਈਲਾਂ ਦੇ ਸਾਹਮਣੇ ਆਉਣ ‘ਤੇ ਕਈ ਅਜਿਹੀਆਂ ਗੁਪਤ ਜਾਣਕਾਰੀਆਂ ਸਾਹਮਣੇ ਆਉਣਗੀਆਂ, ਜਿਨ੍ਹਾਂ ਦਾ ਸ਼ਹੀਦ ਊਧਮ ਸਿੰਘ ਦੀ ਗ੍ਰਿਫ਼ਤਾਰੀ ਅਤੇ ਸ਼ਹਾਦਤ ਨਾਲ ਸਬੰਧਿਤ ਇਤਿਹਾਸ ਦੀਆਂ ਪੁਸਤਕਾਂ ਵਿਚ ਕੋਈ ਵੇਰਵਾ ਦਰਜ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੂਨ 1997 ਵਿਚ ਵੀ ਸ਼ਹੀਦ ਊਧਮ ਸਿੰਘ ਵੈੱਲਫੇਅਰ ਟਰੱਸਟ, ਬ੍ਰਿਟਿਸ਼ ਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਗਰੇਟ ਬ੍ਰਿਟੇਨ ਨੇ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਪੰਜ ਫਾਈਲਾਂ ਐੱਮ. ਈ. ਪੀ. ਓ. 3/1743, ਪੀ. ਸੀ. ਓ. ਐੱਮ. 9/872, ਪੀ.ਐਂਡ ਜੇ.(ਐੱਸ.) 466/36, ਐੱਚ. ਓ. 144/21444 ਅਤੇ ਐੱਚ. ਓ. 144/21444 ਨੂੰ ਜਾਰੀ ਕਰਾਉਣ ਵਿਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਇਨ੍ਹਾਂ ਫਾਈਲਾਂ ਦੇ ਜਾਰੀ ਹੋਣ ‘ਤੇ ਸ਼ਹੀਦ ਦੀ ਜ਼ਿੰਦਗੀ ਨਾਲ ਸਬੰਧਿਤ ਕਈ ਅਜਿਹੇ ਤੱਥਾਂ ਬਾਰੇ ਜਾਣਕਾਰੀਆਂ ਜਨਤਕ ਹੋਈਆਂ ਸਨ, ਜਿਨ੍ਹਾਂ ਬਾਰੇ ਇਸ ਵਿਸ਼ੇ ਦੇ ਇਤਿਹਾਸਕਾਰਾਂ ਨੂੰ ਵੀ ਬਹੁਤੀ ਜਾਣਕਾਰੀ ਨਹੀਂ ਸੀ। ਦੱਸਣਯੋਗ ਹੈ ਕਿ 31 ਜੁਲਾਈ, 1940 ਨੂੰ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦਿੱਤੇ ਜਾਣ ਦੇ ਬਾਅਦ ਸ਼ਹੀਦ ਦੀ ਦੇਹ ਪੈਂਟੋਵਿਲੇ ਜੇਲ੍ਹ ਦੇ ਕਬਰਸਤਾਨ ਵਿਚ ਦਫ਼ਨ ਕਰ ਦਿੱਤੀ ਗਈ ਸੀ, ਜਿਸ ਦੇ 34 ਵਰ੍ਹੇ ਬਾਅਦ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਲੰਡਨ ਤੋਂ ਸ਼ਹੀਦ ਦੀਆਂ ਅਸਥੀਆਂ ਭਾਰਤ ਮੰਗਵਾਈਆਂ ਅਤੇ 19 ਜਲਾਈ, 1974 ਨੂੰ ਸ਼ਹੀਦ ਦੀਆਂ ਅਸਥੀਆਂ ਦੇ ਭਾਰਤ ਪਹੁੰਚਣ ‘ਤੇ 31 ਜੁਲਾਈ ਨੂੰ ਉਹ ਵਿਧੀ ਪੂਰਵਕ ਅਗਨੀ ਭੇਟ ਕੀਤੀਆਂ ਗਈਆਂ।

Check Also

ਈਰਾਨ ਨੂੰ ਹਮਲੇ ਦਾ ਜਵਾਬ ਦੇਵੇਗਾ ਇਜ਼ਰਾਈਲ

ਇਜ਼ਰਾਈਲੀ ਵਾਰ ਕੈਬਨਿਟ ਦੀ ਮੀਟਿੰਗ ’ਚ ਹੋਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਜ਼ਰਾਈਲ ’ਤੇ ਈਰਾਨ ਦੇ …