ਹਰ ਸਾਲ ਪਹੁੰਚਣਗੇ 26 ਕਰੋੜ ਯਾਤਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਯੂ.ਏ.ਈ. ਦੇ ਦੁਬਈ ਵਿਚ ਦੁਨੀਆ ਦਾ ਸਭ ਤੋਂ ਵੱਡਾ ਏਅਰਪੋਰਟ ਬਣਨ ਜਾ ਰਿਹਾ ਹੈ। ਅਲਜਜੀਰਾ ਦੇ ਮੁਤਾਬਕ, ਇਸ ਏਅਰਪੋਰਟ ਨੂੰ ਬਣਾਉਣ ’ਤੇ 35 ਲੱਖ ਅਰਬ ਡਾਲਰ, ਯਾਨੀ ਕਰੀਬ 2.92 ਲੱਖ ਕਰੋੜ ਰੁਪਏ ਦਾ ਖਰਚ ਆਵੇਗਾ। ਦੁਬਈ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਨੇ ਇਸ ਸਬੰਧੀ ਜਾਣਕਾਰੀ ਸ਼ੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਨਵਾਂ ਏਅਰਪੋਰਟ ਦੁਬਈ ਇੰਟਰਨੈਸ਼ਨਲ ਏਅਰਪੋਰਟ ਤੋਂ 5 ਗੁਣਾ ਵੱਡਾ ਹੋਵੇਗਾ। ਹਰ ਸਾਲ ਇੱਥੋਂ 26 ਕਰੋੜ ਯਾਤਰੀ ਯਾਤਰਾ ਕਰਨਗੇ। ਇਹ ਪ੍ਰੋਜੈਕਟ ਦੁਬਈ ਦੇ ਅਲ ਮਖਤੂਮ ਇੰਟਰਨੈਸ਼ਨਲ ਏਅਰਪੋਰਟ ’ਤੇ ਸ਼ੁਰੂ ਹੋਵੇਗਾ। ਇੱਥੇ 5 ਪੈਰੇਲਲ ਰਨਵੇ ਹੋਣਗੇ, ਯਾਨੀ ਕਿ ਇਕੋ ਸਮੇਂ 5 ਜਹਾਜ਼ ਇਥੋਂ ਟੇਕ ਆਫ ਜਾਂ ਲੈਂਡ ਕਰ ਸਕਣਗੇ। ਇਸ ਤੋਂ ਇਲਾਵਾ ਏਅਰਪੋਰਟ ’ਤੇ 400 ਟਰਮੀਨਲ ਗੇਟ ਹੋਣਗੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਨਵੇਂ ਏਅਰਪੋਰਟ ਦੇ ਡਿਜ਼ਾਈਨ ਨੂੰ ਮਨਜੂਰੀ ਦੇ ਦਿੱਤੀ ਗਈ ਹੈ।