ਕੋਵਿਡ-19 ਮਹਾਂਮਾਰੀ ਦੇ ਪਲ ਪਲ ਬਦਲ ਰਹੇ ਰੂਪ ਕਾਰਨ ਕੈਨੇਡਾ ਵਿੱਚ ਇੰਟਰਨੈਸ਼ਨਲ ਟਰੈਵਲ ਨਾਲ ਸਬੰਧਤ ਨਿਯਮਾਂ ਵਿੱਚ ਵੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਤਬਦੀਲੀ ਕਰਨੀ ਪੈ ਰਹੀ ਹੈ। ਬਹੁਤੇ ਸੂਬਿਆਂ ਵਿੱਚ ਇੰਡੋਰ ਸੈਟਿੰਗਜ਼ ਵਿੱਚ ਮਾਸਕ ਸਬੰਧੀ ਨਿਯਮਾਂ ਨੂੰ ਭਾਵੇਂ ਖ਼ਤਮ ਕੀਤਾ ਜਾ ਚੁੱਕਿਆ ਹੈ ਪਰ ਫੈਡਰਲ ਸਰਕਾਰ ਚਾਹੁੰਦੀ ਹੈ ਕਿ ਇੰਟਰਨੈਸ਼ਨਲ ਟਰੈਵਲ ਤੋਂ ਪਰਤਣ ਵਾਲੇ ਸਾਰੇ ਲੋਕ ਮਾਸਕ ਜ਼ਰੂਰ ਲਾ ਕੇ ਰੱਖਣ। ਪਹਿਲੀ ਅਪਰੈਲ ਤੋਂ ਲਾਗੂ ਹੋਏ ਨਵੇਂ ਨਿਯਮਾਂ ਵਿੱਚ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਇੰਟਰਨੈਸ਼ਨਲ ਟਰੈਵਲਰਜ਼ ਲਈ ਪਾਬੰਦੀਆਂ ਵਿੱਚ ਪੂਰੀ ਢਿੱਲ ਦੇ ਦਿੱਤੀ ਗਈ ਸੀ।
ਜਿਸ ਨਾਲ ਹਰ ਕਿਸੇ ਲਈ ਜਹਾਜ਼ ਚੜ੍ਹਨਾ ਸੁਖਾਲਾ ਹੋ ਗਿਆ ਸੀ। ਹਾਲਾਂਕਿ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਨੂੰ ਕੈਨੇਡਾ ਪਹੁੰਚਣ ਉੱਤੇ ਨੈਗੇਟਿਵ ਕੋਵਿਡ-19 ਟੈਸਟ ਪੇਸ਼ ਨਹੀਂ ਕਰਨਾ ਹੋਵੇਗਾ ਪਰ ਅਜਿਹੇ ਕੁੱਝ ਨਿਯਮ ਅਜੇ ਵੀ ਹਨ ਜਿਨ੍ਹਾਂ ਨੂੰ ਮੰਨਣਾ ਟਰੈਵਲਰਜ਼ ਲਈ ਲਾਜ਼ਮੀ ਹੋਵੇਗਾ। 72 ਘੰਟਿਆਂ ਦੇ ਅੰਦਰ ਅੰਦਰ ਹਰੇਕ ਟਰੈਵਲਰ ਨੂੰ ਆਪਣਾ ਐਰਾਈਵਕੈਨ ਫਾਰਮ ਜ਼ਰੂਰੀ ਮੁਕੰਮਲ ਕਰਨਾ ਹੋਵੇਗਾ, ਜਿਸ ਵਿੱਚ ਕੁਆਰਨਟੀਨ ਪਲੈਨ ਦਾ ਵੇਰਵਾ ਵੀ ਹੋਵੇਗਾ ਤੇ ਟਰੈਵਲਰਜ਼ ਨੂੰ ਆਪਣੀ ਵੈਕਸੀਨੇਸ਼ਨ ਦਾ ਸਬੂਤ ਵੀ ਅਪਲੋਡ ਕਰਨਾ ਹੋਵੇਗਾ।
ਨਵੇਂ ਨਿਯਮਾਂ ਅਨੁਸਾਰ ਏਅਰਪੋਰਟ ਛੱਡਣ ਤੋਂ ਬਾਅਦ :
· ਤੁਹਾਨੂੰ ਜਨਤਕ ਥਾਂਵਾਂ ਉੱਤੇ ਵਿਚਰਦੇ ਸਮੇਂ ਹਰ ਵੇਲੇ ਮਾਸਕ ਲਾ ਕੇ ਰੱਖਣਾ ਹੋਵੇਗਾ
· ਕੈਨੇਡਾ ਵਿੱਚ ਤੁਹਾਡੇ ਪਹਿਲੇ 14 ਦਿਨਾਂ ਲਈ ਨੇੜਲੇ ਕਾਂਟੈਕਟਸ ਦੀ ਲਿਸਟ ਵੀ ਕਾਇਮ ਕਰਨੀ ਹੋਵੇਗੀ
· ਕੋਵਿਡ-19 ਦੇ ਲੱਛਣਾਂ ਦੇ ਸਬੰਧ ਵਿੱਚ ਖੁਦ ਦੀ ਨਿਗਰਾਨੀ ਕਰਨੀ ਹੋਵੇਗੀ
ਜੇ ਤੁਸੀਂ ਕੋਵਿਡ ਪਾਜ਼ੀਟਿਵ ਪਾਏ ਜਾਂਦੇ ਹੋ ਤਾਂ ਤੁਹਾਨੂੰ ਤੁਹਾਡੀ ਪ੍ਰੋਵਿੰਸ ਦੇ ਮੌਜੂਦਾ ਆਈਸੋਲੇਸ਼ਨ ਸਬੰਧੀ ਨਿਯਮਾਂ ਦੇ ਬਾਵਜੂਦ ਖੁਦ ਨੂੰ 10 ਦਿਨ ਲਈ ਆਈਸੋਲੇਟ ਕਰਨਾ ਹੋਵੇਗਾ।ਮਿਸਾਲ ਵਜੋਂ ਓਨਟਾਰੀਓ ਵਿੱਚ ਤੁਹਾਨੂੰ ਖੁਦ ਨੂੰ ਸਿਰਫ ਪੰਜ ਦਿਨਾਂ ਲਈ ਹੀ ਆਈਸੋਲੇਟ ਕਰਨਾ ਹੋਵੇਗਾ ਪਰ ਅਜਿਹੇ ਮਾਮਲੇ ਵਿੱਚ ਤੁਹਾਨੂੰ ਖੁਦ ਨੂੰ 10 ਦਿਨਾਂ ਲਈ ਆਈਸੋਲੇਟ ਕਰਨਾ ਹੋਵੇਗਾ। ਤੁਹਾਨੂੰ ਆਪਣੇ ਟੈਸਟ ਰਿਜ਼ਲਟ ਤੇ ਲੱਛਣ ਪੀਐਚਏਸੀ ਨੂੰ ਵੀ ਰਿਪੋਰਟ ਕਰਨੇ ਹੋਣਗੇ।