
ਕਿਹਾ : ਐਸ.ਆਈ.ਆਰ. ਚੋਣ ਕਮਿਸ਼ਨ ਦਾ ਭਾਜਪਾ ਲਈ ਚੋਣਾਂ ਤੋਂ ਪਹਿਲਾਂ ਦਾ ਹੋਮਵਰਕ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵੜਿੰਗ ਨੇ ਪੰਜਾਬ ਵਿਚ ਵੋਟਰ ਸੂਚੀਆਂ ਦੇ ਆਉਣ ਵਾਲੇ ਸਪੈਸ਼ਲ ਇਨਟੈਨਸਿਵ ਰਿਵੀਜ਼ਨ (ਆਰ.ਆਈ.ਆਰ.) ਵਿਰੁੱਧ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਐਸ.ਆਈ.ਆਰ. ਕੁਝ ਵੀ ਨਹੀਂ ਹੈ ਅਤੇ ਇਹ ਚੋਣ ਕਮਿਸ਼ਨ ਵਲੋਂ ਹੁਣ ਭਾਜਪਾ ਲਈ ਵੱਖ-ਵੱਖ ਸੂਬਿਆਂ ਲਈ ਚੋਣਾਂ ਤੋਂ ਪਹਿਲਾਂ ਕੀਤਾ ਜਾਣ ਵਾਲਾ ਹੋਮਵਰਕ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਆਪਣੇ ਮੌਜੂਦਾ ਪੜਾਅ ਵਿਚ ਚੋਣਾਂ ਵਾਲੇ ਸੂਬਿਆਂ ਲਈ ਪਹਿਲਾਂ ਹੀ ਐਸ.ਆਈ.ਆਰ. ਦਾ ਐਲਾਨ ਕਰ ਦਿੱਤਾ ਹੈ ਅਤੇ ਪੰਜਾਬ ਯਕੀਨੀ ਤੌਰ ’ਤੇ ਅਗਲੀ ਕਤਾਰ ਵਿਚ ਹੋਵੇਗਾ। ਵੜਿੰਗ ਦਾ ਇਲਜ਼ਾਮ ਹੈ ਕਿ ਇਹ ਭਾਜਪਾ ਲਈ ਚੋਣ ਕਮਿਸ਼ਨ ਵਲੋਂ ਵੋਟਾਂ ਚੋਰੀ ਕਰਨ ਦਾ ਇਕ ਸੰਗਠਿਤ ਤਰੀਕਾ ਹੈ। ਉਨ੍ਹਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਵੀ ਚੋਣ ਕਮਿਸ਼ਨ ਦੀ ਵਰਤੋਂ ਕਰਕੇ ਉਹੀ ਰਣਨੀਤੀ ਦੁਹਰਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਚੋਣ ਕਮਿਸ਼ਨ ਨੂੰ ਪੰਜਾਬ ਵਿਚ ਭਾਜਪਾ ਲਈ ਕੰਮ ਨਹੀਂ ਕਰਨ ਦੇਵੇਗੀ।

