ਵਿਜੀਲੈਂਸ ਦਫਤਰ ਵਿਚ ਹੋਈ ਲੰਮੀ ਪੁੱਛਗਿੱਛ
ਚੰਡੀਗੜ੍ਹ/ਬਿਊਰੋ ਨਿਊਜ਼
ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਪੰਜਾਬ ਵਿਜੀਲੈਂਸ ਨੇ ਸਾਧੂ ਸਿੰਘ ਧਰਮਸੋਤ ਨੂੰ ਮੁੜ ਗਿ੍ਰਫਤਾਰ ਕਰ ਲਿਆ ਹੈ। ਧਰਮਸੋਤ ਦੀ ਗਿ੍ਰਫਤਾਰੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਧਰਮਸੋਤ ਨੂੰ ਦੂਜੀ ਵਾਰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜੰਗਲਾਤ ਮਾਮਲੇ ਵਿਚ ਧਰਮਸੋਤ ਦੀ ਗਿ੍ਰਫਤਾਰੀ ਹੋਈ ਸੀ। ਹੁਣ ਵਿਜੀਲੈਂਸ ਨੇ ਆਮਦਨੀ ਤੋਂ ਜ਼ਿਆਦਾ ਜਾਇਦਾਦ ਮਾਮਲੇ ਵਿਚ ਧਰਮਸੋਤ ਕੋਲੋਂ ਲੰਮੀ ਪੁੱਛਗਿੱਛ ਕੀਤੀ ਹੈ। ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਹੁਣ ਤੱਕ ਹੋਈ ਜਾਂਚ ਵਿਚ ਸਾਹਮਣੇ ਆਇਆ ਹੈ ਕਿ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੇ ਸਮੇਂ ਦੌਰਾਨ ਧਰਮਸੋਤ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 2 ਕਰੋੜ 37 ਲੱਖ 12 ਹਜ਼ਾਰ 596 ਰੁਪਏ ਸੀ, ਜਦਕਿ ਖਰਚ 8 ਕਰੋੜ 76 ਲੱਖ 30 ਹਜ਼ਾਰ 888 ਰੁਪਏ ਹੈ। ਸਾਧੂ ਸਿੰਘ ਧਰਮਸੋਤ ’ਤੇ ਆਰੋਪ ਹੈ ਕਿ ਉਨ੍ਹਾਂ ਨੇ 6 ਕਰੋੜ 39 ਲੱਖ ਰੁਪਏ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਖਰਚੇ ਹਨ। ਧਿਆਨ ਰਹੇ ਕਿ ਧਰਮਸੋਤ ਦਾ ਦੂਜਾ ਘੁਟਾਲਾ ਜੰਗਲਾਤ ਵਿਭਾਗ ਘੁਟਾਲਾ ਹੈ, ਜਿਸ ਵਿਚ ਉਨ੍ਹਾਂ ਦੀ ਗਿ੍ਰਫਤਾਰੀ ਪਹਿਲਾਂ ਹੋਈ ਸੀ ਅਤੇ ਉਹ ਹੁਣ ਜ਼ਮਾਨਤ ’ਤੇ ਬਾਹਰ ਹਨ। ਧਰਮਸੋਤ ’ਤੇ ਆਰੋਪ ਹਨ ਕਿ ਉਨ੍ਹਾਂ ਇਕ ਦਰੱਖਤ ਦੀ ਕਟਾਈ ਦੇ ਬਦਲੇ 500 ਰੁਪਏ ਰਿਸ਼ਵਤ ਲਈ ਸੀ। ਦੱਸਣਯੋਗ ਹੈ ਕਿ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਹੈ ਅਤੇ ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਕੀਤੇ ਘੁਟਾਲਿਆਂ ਦੀ ਜਾਂਚ ਲਗਾਤਾਰ ਜਾਰੀ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …