ਮੋਗਾ/ਬਿਊਰੋ ਨਿਊਜ਼ : ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕਈ ਥਾਈਂ ਅਕਾਲੀ ਆਗੂਆਂ ‘ਤੇ ਹਮਲੇ ਹੋ ਚੁੱਕੇ ਹਨ। ਹੁਣ ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਵਿਚ ਅਕਾਲੀ ਸਰਪੰਚ ਬੇਅੰਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਪਿੰਡ ਵਿਚ ਰਾਤ ਨੂੰ ਦੋ ਮੋਟਰਸਾਈਕਲ ਸਵਾਰ ਆਏ ਤੇ ਉਨ੍ਹਾਂ ਨੇ ਧੜਾ-ਧੜਾ ਸਰਪੰਚ ‘ਤੇ ਗੋਲੀਆਂ ਵਰ੍ਹਾ ਦਿੱਤੀਆਂ। ਮ੍ਰਿਤਕ ਸਰਪੰਚ ਸਾਬਕਾ ਐਮਐਲਏ ਮਲਕੀਤ ਸਿੰਘ ਕੀਤੂ ਦੇ ਕਤਲ ਕਾਂਡ ਵਿਚ ਮੁਲਜ਼ਮ ਵੀ ਸੀ। ਚੇਤੇ ਰਹੇ ਕਿ 2012 ਵਿਚ ਕੀਤੂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਪੁਲਿਸ ਮੁਤਾਬਕ ਇਸ ਸਰਪੰਚ ‘ਤੇ ਚਾਰ ਕਤਲ ਦੇ ਕੇਸ ਚੱਲ ਰਹੇ ਸਨ। ਪੁਲਿਸ ਸਰਪੰਚ ਦੇ ਕਤਲ ਦੀ ਵਜ੍ਹਾ ਪੁਰਾਣੀ ਦੁਸ਼ਮਣੀ ਨੂੰ ਮੰਨ ਰਹੀ ਹੈ।
ਭਾਜਪਾ ਲੀਡਰਸ਼ਿਪ ‘ਚ ਵੱਡਾ ਬਦਲਾਅ ਹੋਣਾ ਤਹਿ
ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਹੋਏ ਰਿਵਿਊ ‘ਚ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੂੰ ਆਪਣੇ ਹੀ ਆਗੂਆਂ ਤੋਂ ਕਾਫ਼ੀ ਕੁਝ ਸੁਣਨਾ ਪਿਆ। ਲੁਧਿਆਣਾ ਦੇ ਇਕ ਆਗੂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜੋ ਆਗੂ ਪਾਰਟੀ ਦੇ ਸਿਸਟਮ ਦੇ ਖਿਲਾਫ ਬੋਲ ਰਿਹਾ ਹੈ ਉਸ ਨੂੰ ਪਾਰਟੀ ‘ਚੋਂ ਕੱਢ ਕੇ ਆਪਣੀਆਂ ਨਾਕਾਮੀਆਂ ‘ਤੇ ਪਰਦਾ ਨਾ ਪਾਉਣ। ਇਹ ਗੱਲ ਉਨ੍ਹਾਂ ਨੂੰ ਉਸ ਸਮੇਂ ਕਹੀ ਜਦੋਂ ਰਾਜ ਦੇ ਸੰਗਠਨ ਮੰਤਰੀ ਦਿਨੇਸ਼ ਬੋਲ ਰਹੇ ਸਨ। ਸਾਂਪਲਾ ਨੇ ਟੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਆਗੂ ਨਹੀਂ ਮੰਨੇ। ਜ਼ਿਕਰਯੋਗ ਹੈ ਕਿ ਰਾਜ ਦੇ ਆਗੂ ਲੀਡਰਸ਼ਿਪ ਦੇ ਖਿਲਾਫ ਬੋਲਣ ਨੂੰ ਲੈ ਕੇ ਹੁਣ ਤੱਕ ਚਾਰ ਆਗੂਆਂ ਨੂੰ ਪਾਰਟੀਆਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ‘ਚ ਰਾਜ ਦੇ ਮੀਡੀਆ ਕੋਆਰਡੀਨੇਟਰ ਜਨਾਰਦਨ ਸ਼ਰਮਾ ਵੀ ਸ਼ਾਮਲ ਹਨ। ਲਗਦਾ ਹੈ ਕਿ ਭਾਜਪਾ ਲੀਡਰਸ਼ਿਪ ‘ਚ ਵੱਡਾ ਬਦਲਾਅ ਹੋਣਾ ਤਹਿ ਹੈ।
ਸਤੀਸ਼ ਚੰਦਰਾ ਦਾ ਤਬਾਦਲਾ
ਲੰਬੇ ਸਮੇਂ ਤੋਂ ਫਾਈਨਾਂਸ ਵਿਭਾਗ ਦਾ ਕੰਮ ਦੇਖ ਰਹੇ ਐਡੀਸ਼ਨਲ ਚੀਫ਼ ਸੈਕਟਰੀ ਸਤੀਸ਼ ਚੰਦਰਾ ਨੂੰ ਦਸ ਦਿਨਾਂ ‘ਚ ਦੋ ਵਾਰ ਬਦਲ ਦਿੱਤਾ ਗਿਆ ਹੈ। ਪਹਿਲਾਂ ਉਨ੍ਹਾਂ ਤੋਂ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਲੈ ਕੇ ਕੋਅਪ੍ਰੇਸ਼ਨ ਦੇ ਦਿੱਤਾ ਗਿਆ ਪ੍ਰੰਤੂ ਵਿੱਤ ਵਿਭਾਗ ਉਨ੍ਹਾਂ ਦੇ ਕੋਲ ਹੀ ਰਿਹਾ। ਅਜੇ ਉਨ੍ਹਾਂ ਨੇ ਕੋਅਪ੍ਰੇਸ਼ਨ ਮਹਿਕਮੇ ਦਾ ਕੰਮ ਸ਼ੁਰੂ ਵੀ ਨਹੀਂ ਕੀਤਾ ਸੀ ਕਿ ਅਚਾਨਕ ਬਦਲੀਆਂ ਦੀ ਇਕ ਹੋਰ ਵੱਡੀ ਸੂਚੀ ਬਾਹਰ ਆ ਗਈ ਅਤੇ ਪਤਾ ਚੱਲਿਆ ਕਿ ਉਨ੍ਹਾਂ ਤੋਂ ਸਾਰੇ ਮਹਿਕਮੇ ਲੈ ਕੇ ਐਡੀਸ਼ਨਲ ਚੀਫ ਸੈਕਟਰੀ ਡਿਵੈਲਪਮੈਂਟ ਬਣਾ ਦਿੱਤਾ ਗਿਆ ਹੈ। ਸੱਤਾ ਗਲਿਆਰੇ ‘ਚ ਇਸ ਬਦਲੀ ਨੂੰ ਲੈ ਕੇ ਕਾਫ਼ੀ ਚਰਚਾ ਹੈ। ਵੈਸੇ ਵਿੱਤ ਵਿਭਾਗ ਤੋਂ ਉਨ੍ਹਾਂ ਜਾਣਾ ਤਹਿ ਹੀ ਸੀ।
ਸੁਖਬੀਰ ਬਾਦਲ ਵੱਲੋਂ ਧੰਨਵਾਦ
ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨ੍ਹੀਂ ਦਿਨੀਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਜਾ ਕੇ ਧੰਨਵਾਦ ਕਰ ਰਹੇ ਹਨ। ਇਸ ਦੌਰਾਨ ਉਹ ਵੱਡੇ-ਵੱਡੇ ਦਾਅਵੇ ਵੀ ਕਰ ਰਹੇ ਹਨ ਤਾਂ ਕਿ ਆਪਣੇ ਕੇਡਰ ‘ਚ ਜਾਨ ਫੂਕ ਸਕਣ। ਪਿਛਲੇ ਦਿਨੀਂ ਉਨ੍ਹਾਂ ਦਾਅਵਾ ਕੀਤਾ ਕਿ ਉਹ ਅੱਜ ਵੀ ਜਦੋਂ ਚਾਹੁਣ ਡੀਸੀ ਅਤੇ ਐਸਐਸਪੀ ਨੂੰ ਬਦਲਾਉਣ ਦਾ ਦਮ ਰੱਖਦੇ ਹਨ। ਪ੍ਰੰਤੂ ਦੂਜੇ ਪਾਸੇ ਸੁਖਬੀਰ ਬਾਦਲ ਪੂਰੇ ਸੈਸ਼ਨ ਦੇ ਦੌਰਾਨ ਇਕ ਦਿਨ ਵੀ ਨਹੀਂ ਆਏ। ਪਾਰਟੀ ਦੀ ਪੂਰੀ ਕਮਾਨ ਇਕੱਲੇ ਬਿਕਰਮ ਸਿੰਘ ਮਜੀਠੀਆ ਅਤੇ ਪਰਮਿੰਦਰ ਸਿੰਘ ਢੀਂਡਸ ਦੇ ਕੰਧਿਆਂ ਉਪਰ ਸੀ। ਪੂਰੇ ਸੈਸ਼ਨ ‘ਚ ਅਕਾਲੀ ਕੁਝ ਨਹੀਂ ਬੋਲੇ, ਸਿਰਫ਼ ਇਕ ਦਿਨ ਢੀਂਡਸਾ ਨੇ ਡਿਵੈਲਪਮੈਂਟ ਦੇ ਕੰਮ ਰੋਕਣ ਦਾ ਮੁੱਦਾ ਉਠਾਇਆ ਤਾਂ ਉਨ੍ਹਾਂ ਨੂੰ ਲੈਣੇ ਦੇ ਦੇਣੇ ਪੈ ਗਏ। ਪਹਿਲੀ ਵਾਰ ਸੀ ਕਿ ਸੱਤਾ ਪੱਖ ਅਤੇ ਪ੍ਰਮੁੱਖ ਵਿਰੋਧੀ ਧਿਰ ਦਾ ਅਟੈਕ ਅਕਾਲੀ ਦਲ ‘ਤੇ ਹੀ ਰਿਹਾ।
ਕੰਵਰ ਸੰਧੂ ਦਾ ਅਸਤੀਫ਼ਾ
ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦਾ ਨੇਤਾ ਐਚ ਐਸ ਫੂਲਕਾ ਨੂੰ ਅਤੇ ਚੀਫ਼ ਵ੍ਹਿਪ ਸੁਖਪਾਲ ਸਿੰਘ ਖਹਿਰਾ ਨੂੰ ਬਣਾਉਣ ਨਾਲ ਪਾਰਟੀ ਦੇ ਸੀਨੀਅਰ ਆਗੂ ਕੰਵਰ ਸੰਧੂ ਕਾਫ਼ੀ ਨਿਰਾਸ਼ ਅਤੇ ਨਾਰਾਜ਼ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਸਪੀਕਰ ਰਾਣਾ ਕੇ ਵੀ ਨੂੰ ਭੇਜ ਦਿੱਤਾ। ਇਹ ਗੱਲ ਸੈਕਟਰੀਏਟ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ। ਖਾਸ ਤੌਰ ‘ਤੇ ਆਨ ਲਾਈਨ ਮੀਡੀਆ ਵਾਲੇ ਖਬਰ ਦੀ ਪੁਸ਼ਟੀ ਦੇ ਲਈ ਜਦੋਂ ਰਾਣਾ ਕੇਪੀ ਸਿੰਘ ਨਾਲ ਸੰਪਰਕ ਕਰਨ ਲਈ ਪਹੁੰਚੇ ਤਾਂ ਪਤਾ ਚਲਾ ਕਿ ਕੋਈ ਅਪ੍ਰੈਲ ਫੂਲ ਬਣਾ ਰਿਹਾ ਹੈ।
Check Also
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਪੁੱਤਰ ਵਿਆਹ ਬੰਧਨ ’ਚ ਬੱਝਾ
ਮੁੱਖ ਮੰਤਰੀ ਭਗਵੰਤ ਮਾਨ ਸਮੇਤ ‘ਆਪ’ ਦੀ ਸਮੁੱਚੀ ਲੀਡਰਸ਼ਿਪ ਨੇ ਦਿੱਤਾ ਅਸ਼ੀਰਵਾਦ ਬਠਿੰਡਾ/ਬਿਊਰੋ ਨਿਊਜ਼ : …