
ਕਿਹਾ : ਐਨ.ਆਰ.ਆਈ. ਨਾਗਰਿਕਾਂ ਨੂੰ ਵੀ ਪੰਜਾਬ ’ਚ ਨਿਵੇਸ਼ ਕਰਨ ਦਾ ਸੱਦਾ ਦੇਵੇ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿਜ਼ਨ 2047 ਦੀ ਰਿਪੋਰਟ ਤਿਆਰ ਕੀਤੀ ਹੈ। ਇਸ ਵਿਚ ਪੰਜਾਬ ਨੂੰ ਅੱਗੇ ਕਿਵੇਂ ਲਿਜਾਣਾ ਹੈ, ਇਸ ਬਾਰੇ ਚਰਚਾ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਦੇ ਸ਼ੁਰੂ ਵਿਚ ਖੇਤੀ ਅਤੇ ਪੇਂਡੂ ਅਰਥਵਿਵਸਥਾ ਬਾਰੇ ਖੋਜ ਹੈ। ਉਨ੍ਹਾਂ ਯਾਦ ਦਿਵਾਇਆ ਕਿ ਕਈ ਵਾਰ ਅਜਿਹੇ ਮੌਕੇ ਆਏ ਜਦੋਂ ਪੰਜਾਬ ਦੀਆਂ ਫ਼ਸਲਾਂ ਨੂੰ ਕੀਟਨਾਸ਼ਕਾਂ ਦੇ ਉੱਚ ਪੱਧਰਾਂ ਕਾਰਨ ਨਿਰਯਾਤ ਨਹੀਂ ਕੀਤਾ ਜਾ ਸਕਿਆ। ਇਸ ਵੇਲੇ ਸਿਰਫ਼ 2 ਫਸਲਾਂ ’ਤੇ ਹੀ ਘੱਟੋ-ਘੱਟ ਸਮਰਥਨ ਮੁੱਲ ਹੈ, ਜਿਸ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਕੁਝ ਸ਼ਰਤਾਂ ਨਾਲ ਚਿਲੀ ਕਲੱਸਟਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਤਿਆਰ ਨਹੀਂ ਹੋ ਰਿਹਾ। ਇਸਦੇ ਨਾਲ ਹੀ ਪੰਜਾਬ ਸਰਕਾਰ ਨੂੰ ਐਨ.ਆਰ.ਆਈ. ਨਾਗਰਿਕਾਂ ਨੂੰ ਵੀ ਪੰਜਾਬ ਵਿਚ ਨਿਵੇਸ਼ ਕਰਨ ਲਈ ਸੱਦਾ ਦੇਣਾ ਚਾਹੀਦਾ ਹੈ। ਕਿਸਾਨਾਂ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਉਹ ਦਿਲੋਂ ਚਾਹੁੰਦੇ ਹਨ ਕਿ ਕੇਂਦਰ ਨਾਲ ਕਿਸਾਨਾਂ ਦਾ ਮੁੱਦਾ ਹੱਲ ਹੋ ਜਾਵੇ ਪਰ ਇਥੇ ਕਿਸਾਨਾਂ ਨੂੰ ਵੀ ਆਪਣਾ ਸਖ਼ਤ ਰੁਖ਼ ਛੱਡ ਕੇ ਵਿਚਕਾਰਲਾ ਰਸਤਾ ਅਪਣਾਉਣ ਦੀ ਲੋੜ ਹੈ।