
ਰੂਸ ਨਾਲ ਜੰਗ ਖ਼ਤਮ ਕਰਨ ਬਾਰੇ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼
ਯੂਕਰੇਨ ਅਤੇ ਰੂਸ ਵਿਚਾਲੇ ਤਿੰਨ ਸਾਲ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਦੇ ਢੰਗ-ਤਰੀਕਿਆਂ ਬਾਰੇ ਯੂਕਰੇਨ ਤੇ ਅਮਰੀਕਾ ਦੇ ਸੀਨੀਅਰ ਵਫਦਾਂ ਵਿਚਾਲੇ ਉੱਚ ਪੱਧਰੀ ਗੱਲਬਾਤ ਸਾਊਦੀ ਅਰਬ ਵਿੱਚ ਹੋਈ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਰੂਸੀ ਹਵਾਈ ਫੌਜ ਵੱਲੋਂ ਰੂਸ ’ਤੇ ਹਮਲਾ ਕਰਨ ਲਈ ਭੇਜੇ 337 ਯੂਕਰੇਨੀ ਡਰੋਨਾਂ ਨੂੰ ਨਿਸ਼ਾਨਾ ਬਣਾ ਕੇ ਡੇਗਿਆ ਗਿਆ ਸੀ। ਸਾਊਦੀ ਅਰਬ ਦੇ ਲਾਲ ਸਾਗਰ ਦੇ ਬੰਦਰਗਾਹ ਸ਼ਹਿਰ ਜੱਦਾਹ ਵਿੱਚ ਇਹ ਮੀਟਿੰਗ ਹੋਈ ਹੈ। ਮੀਟਿੰਗ ਦੌਰਾਨ ਸੀਨੀਅਰ ਯੂਕਰੇਨੀ ਵਫਦ ਨੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਸੰਘਰਸ਼ ਨੂੰ ਖ਼ਤਮ ਕਰਨ ਬਾਰੇ ਅਮਰੀਕਾ ਦੇ ਸਿਖਰਲੇ ਡਿਪਲੋਮੈਟ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਵੀ ਗੱਲਬਾਤ ਲਈ ਮੌਜੂਦ ਸਨ। ਦੋ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਆਪਣੀ ਧਰਤੀ ਦੇ ਦੁਰਲੱਭ ਖਣਿਜਾਂ ਤੱਕ ਪਹੁੰਚ ਬਾਰੇ ਅਮਰੀਕਾ ਨਾਲ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਵੀ ਤਿਆਰ ਹੈ।