ਵਿਦਵਾਨਾਂ ਅਤੇ ਯਾਤਰੂਆਂ ਨੇ ਪ੍ਰਗਟਾਏ ਇਤਰਾਜ਼
ਅੰਮ੍ਰਿਤਸਰ/ਬਿਊਰੋ ਨਿਊਜ਼ : ਹਾਲ ਹੀ ਵਿੱਚ ਲੋਕਾਂ ਲਈ ਖੋਲ੍ਹੇ ਇਤਿਹਾਸਕ ਗੋਬਿੰਦਗੜ੍ਹ ਕਿਲ੍ਹੇ ਵਿੱਚ ਲਾਈਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਤਸਵੀਰਾਂ ਸਿੱਖ ਸਿਧਾਂਤਾਂ ਦੇ ਅਨੁਕੂਲ ਨਾ ਹੋਣ ਕਾਰਨ ਵਿਵਾਦ ਦਾ ਵਿਸ਼ਾ ਬਣ ਸਕਦੀਆਂ ਹਨ। ਇਨ੍ਹਾਂ ਚਿੱਤਰਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਦਸਤਾਰ ਦੇ ਨਾਲ ਉਨ੍ਹਾਂ ਦੇ ਕੇਸ ਖੁੱਲ੍ਹੇ ਦਿਖਾਏ ਗਏ ਹਨ ਤੇ ਦਸਤਾਰ ਵੀ ਵੱਖਰੇ ਕਿਸਮ ਦੀ ਦਿਖਾਈ ਗਈ ਹੈ।
ਇਹ ਤਸਵੀਰਾਂ ਕਿਲ੍ਹੇ ਦੇ ਅੰਦਰ ਮੁੱਖ ਹਿੱਸੇ ਵਿੱਚ ਕੰਧਾਂ ‘ਤੇ ਲਾਈਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਰਣਜੀਤ ਸਿੰਘ ਦੀ ਦਸਤਾਰ ਦੇ ਪਿੱਛੇ ਖੁੱਲ੍ਹੇ ਕੇਸ ਵੀ ਦਿਖਾਈ ਦਿੰਦੇ ਹਨ। ਸਿੱਖ ਪਹਿਰਾਵੇ ਤੇ ਸਿਧਾਂਤਾਂ ਮੁਤਾਬਕ ਕੇਸਾਂ ਨੂੰ ਬੰਨ੍ਹਣ ਮਗਰੋਂ ਹੀ ਦਸਤਾਰ ਸਜਾਈ ਜਾਂਦੀ ਹੈ ਅਤੇ ਕੇਸ ਦਸਤਾਰ ਤੋਂ ਬਾਹਰ ਲਟਕਦੇ ਹੋਏ ਦਿਖਾਈ ਨਹੀਂ ਦਿੰਦੇ। ਇਨ੍ਹਾਂ ਤਸਵੀਰਾਂ ਬਾਰੇ ਨਾ ਸਿਰਫ ਇਥੇ ਆਉਣ ਵਾਲੇ ਯਾਤਰੂਆਂ ਸਗੋਂ ਵਿਦਵਾਨਾਂ ਨੇ ਵੀ ਇਤਰਾਜ਼ ਪ੍ਰਗਟਾਏ ਹਨ। ਯਾਤਰੂਆਂ ਨੇ ਆਖਿਆ ਕਿ ਇਹ ਤਸਵੀਰਾਂ ਨੂੰ ਦੇਖਣ ਮਗਰੋਂ ਅਜਿਹਾ ਲੱਗਦਾ ਹੈ ਕਿ ਇਨ੍ਹਾਂ ਨੂੰ ਤਿਆਰ ਕਰਨ ਵਾਲਿਆਂ ਨੂੰ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਮੁਖੀ ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਹਰ ਸਿੱਖ ਲਈ ਆਪਣੇ ਕੇਸ ਢੱਕਣੇ ਜ਼ਰੂਰੀ ਹੈ। ਜੇਕਰ ਇਨ੍ਹਾਂ ਤਸਵੀਰਾਂ ਵਿੱਚ ਕੇਸ ਖੁੱਲ੍ਹੇ ਦਿਖਾਏ ਗਏ ਹਨ ਤਾਂ ਇਹ ਸਿੱਖ ਮਰਿਆਦਾ ਮੁਤਾਬਕ ਨਹੀਂ ਹਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਆਪਣੀ ਟੀਮ ਭੇਜ ਕੇ ਸਥਿਤੀ ਦਾ ਜਾਇਜ਼ਾ ਲੈਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਪ੍ਰੋ. ਸੁਖਦੇਵ ਸਿੰਘ ਸੋਹਲ ਨੇ ਆਖਿਆ ਕਿ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਹੀ ਇਸ ਬਾਰੇ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਤਸਵੀਰਾਂ ਬਣਾਉਣ ਵਾਲਿਆਂ ਨੂੰ ਜਿਸ ਢੰਗ ਤਰੀਕੇ ਨਾਲ ਨਿਰਦੇਸ਼ ਦਿੱਤੇ ਗਏ ਹੋਣਗੇ, ਉਨ੍ਹਾਂ ਨੇ ਉਸੇ ਤਰ੍ਹਾਂ ਦੀਆਂ ਤਸਵੀਰਾਂ ਬਣਾ ਦਿੱਤੀਆਂ ਹੋਣਗੀਆਂ।
ਦੂਜੇ ਪਾਸੇ ਸੈਰ ਸਪਾਟਾ ਵਿਭਾਗ ਦੇ ਕਿਲ੍ਹੇ ਸਬੰਧੀ ਪ੍ਰੋਜੈਕਟ ਡਾਇਰੈਕਟਰ ਏ.ਆਰ.ਮਿਸ਼ਰਾ ਨੇ ਆਖਿਆ ਕਿ ਉਹ ਸੂਬੇ ਤੋਂ ਬਾਹਰ ਹਨ ਅਤੇ ਵਾਪਸ ਪਰਤਣ ‘ਤੇ ਹੀ ਸਥਿਤੀ ਦਾ ਜਾਇਜ਼ਾ ਲੈ ਕੇ ਕੋਈ ਟਿੱਪਣੀ ਕਰਨਗੇ। ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਐਨ.ਪੀ.ਐਸ.ਰੰਧਾਵਾ ਨਾਲ ਸੰਪਰਕ ਨਹੀਂ ਹੋ ਸਕਿਆ।
ਦੱਸਣਯੋਗ ਹੈ ਕਿ ਇਹ ਇਤਿਹਾਸਕ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਹੈ, ਜੋ ਦੇਸ਼ ਵੰਡ ਤੋਂ ਪਹਿਲਾਂ ਅੰਗਰੇਜ਼ਾਂ ਕੋਲ ਰਿਹਾ ਹੈ। ਦੇਸ਼ ਵੰਡ ਮਗਰੋਂ ਇਹ ਕਿਲ੍ਹਾ ਭਾਰਤੀ ਫੌਜ ਦੇ ਕਬਜ਼ੇ ਵਿੱਚ ਸੀ, ਜਿਸ ਨੂੰ 1996 ਵਿੱਚ ਪੰਜਾਬ ਸਰਕਾਰ ਨੂੰ ਸੌਂਪਿਆ ਗਿਆ ਸੀ। ਲੰਮਾ ਸਮਾਂ ਮੁਰੰਮਤ ਤੋਂ ਬਾਅਦ ਪਿਛਲੇ ਵਰ੍ਹੇ ਨਵੰਬਰ ਮਹੀਨੇ ਵਿੱਚ ਇਸ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਹੈ। ਇਸ ਕਿਲ੍ਹੇ ਦਾ ਪ੍ਰਬੰਧ ਮਾਇਆ ਨਗਰੀ ਨਾਂ ਦੀ ਇਕ ਕੰਪਨੀ ਨੂੰ ਸੌਂਪਿਆ ਗਿਆ ਹੈ, ਜਿਸ ਵੱਲੋਂ ਇਥੇ ਰਾਤ ਨੂੰ ਆਵਾਜ਼ ਅਤੇ ਰੌਸ਼ਨੀ ‘ਤੇ ਆਧਾਰਤ ਸ਼ੋਅ ਵੀ ਦਿਖਾਇਆ ਜਾਂਦਾ ਹੈ।
Home / ਪੰਜਾਬ / ਗੋਬਿੰਦਗੜ੍ਹ ਕਿਲ੍ਹੇ ਵਿਚ ਲਾਈਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਤਸਵੀਰਾਂ ਸਿੱਖੀ ਸਿਧਾਂਤਾਂ ਅਨੁਸਾਰ ਨਹੀਂ
Check Also
ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ
ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …