ਸੁਨੀਲ ਜਾਖੜ ਨੇ ਚਰਨਜੀਤ ਸਿੰਘ ਚੰਨੀ ਅਤੇ ਅੰਬਿਕਾ ਸੋਨੀ ’ਤੇ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਵਿਚ ਘਮਾਸਾਣ ਮਚ ਗਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਮੇਰੇ ਟਵੀਟ ਦਾ ਵਿਚਾਰ ਕਿਸੇ ’ਤੇ ਕਿਸੇ ਵੀ ਤਰ੍ਹਾਂ ਦਾ ਆਰੋਪ ਲਗਾਉਣਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਵਰਕਿੰਗ ਕਮੇਟੀ ’ਚ ਦਿਨ-ਰਾਤ ਜਿਸ ਤਰ੍ਹਾਂ ਦੀ ਬੇਤੁਕੀ ਖੇਡ ਖੇਡੀ ਗਈ ਉਸ ਨੂੰ ਦੇਖ ਕੇ ਨਿਰਾਸ਼ਾ ਹੋਈ। ਉਨ੍ਹਾਂ ਕਿਹਾ ਕਿ 30 ਸਾਲਾਂ ਤੋਂ ਰਾਜ ਸਭਾ ਮੈਂਬਰ ਰਹੇ ਕੁਝ ਆਗੂ, ਕਾਂਗਰਸ ਵਰਕਿੰਗ ਕਮੇਟੀ ਵਿਚ ਪੰਜਾਬ ਦੀ ਆਵਾਜ਼ ਹੋਣ ਦਾ ਦਾਅਵਾ ਕਰਨ ਵਾਲੇ ਪਾਰਟੀ ਹਾਈਕਮਾਂਡ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸੀ ਵਰਕਰ ਕੋਈ ਅਜਿਹਾ ਆਗੂ ਚਾਹੁੰਦੇ ਹਨ ਜਿਸ ’ਤੇ ਉਹ ਵਿਸ਼ਵਾਸ ਕਰ ਸਕਣ। ਇਸ ਦੇ ਨਾਲ ਅੰਬਿਕਾ ਸੋਨੀ ’ਤੇ ਤਨਜ਼ ਕੱਸਦੇ ਹੋਏ ਜਾਖੜ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਉਨ੍ਹਾਂ ਲਈ ਖ਼ਜ਼ਾਨਾ ਹੋ ਸਕਦਾ ਹੈ ਪਰ ਕਾਂਗਰਸ ਲਈ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲਈ ਅਗਲੇ 5 ਸਾਲ ਚੁਣੌਤੀਪੂਰਨ ਹੋਣਗੇ।