Breaking News
Home / ਪੰਜਾਬ / ਪੰਜਾਬ ਵਿਚ ਨਵੀਂ ਸਿਆਸੀ ਪਾਰਟੀ ਨੇ ਲਿਆ ਜਨਮ

ਪੰਜਾਬ ਵਿਚ ਨਵੀਂ ਸਿਆਸੀ ਪਾਰਟੀ ਨੇ ਲਿਆ ਜਨਮ

‘ਕਿਰਤੀ ਕਿਸਾਨ ਸ਼ੇਰੇ-ਪੰਜਾਬ ਪਾਰਟੀ’ ਦਾ ਗਠਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਕੁਝ ਸਾਬਕਾ ਫੌਜੀਆਂ, ਆਈਏਐੱਸ ਅਤੇ ਬੁੱਧੀਜੀਵੀਆਂ ਨੇ ਚੋਣ ਮੈਦਾਨ ਵਿੱਚ ਉੱਤਰਨ ਦੀ ਤਿਆਰੀ ਖਿੱਚ ਲਈ ਹੈ। ਇਨ੍ਹਾਂ ਨੇ ਚੰਡੀਗੜ੍ਹ ਵਿੱਚ ‘ਕਿਰਤੀ ਕਿਸਾਨ ਸ਼ੇਰੇ-ਪੰਜਾਬ ਪਾਰਟੀ’ ਦਾ ਗਠਨ ਕੀਤਾ ਹੈ। ਇਸ ਪਾਰਟੀ ਦਾ ਸਰਪ੍ਰਸਤ ਸੰਤ ਦਲਬੀਰ ਸਿੰਘ ਸੋਢੀ ਅਤੇ ਸੇਵਾ ਮੁਕਤ ਫੌਜ ਅਧਿਕਾਰੀ ਕੈਪਟਨ ਚੰਨਣ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਸਾਬਕਾ ਆਈਏਐੱਸ ਐੱਸ.ਆਰ. ਲੱਧੜ ਨੂੰ ਸੀਨੀਅਰ ਮੀਤ ਪ੍ਰਧਾਨ, ਦਿੱਲੀ ਤੋਂ ਸਾਬਕਾ ਕੈਬਨਿਟ ਮੰਤਰੀ ਸੰਦੀਪ ਬਾਲਮੀਕੀ ਨੂੰ ਸਕੱਤਰ ਜਨਰਲ, ਸਾਬਕਾ ਆਈਆਰਐੱਸ ਅਮਰਜੀਤ ਸਿੰਘ ਘੱਗਾ ਨੂੰ ਮੀਤ ਪ੍ਰਧਾਨ, ਕੈਪਟਨ ਜੀਐੱਸ ਘੁੰਮਣ ਨੂੰ ਖ਼ਜ਼ਾਨਚੀ, ਲੈਫਟੀਨੈਂਟ ਕਰਨਲ ਜੀਪੀਐੱਸ ਵਿਰਕ ਨੂੰ ਮੀਤ ਪ੍ਰਧਾਨ (ਵਿੱਤ), ਗੌਤਮ ਗਰੀਸ਼ ਲੱਧੜ ਨੂੰ ਪ੍ਰੈੱਸ ਸਕੱਤਰ ਅਤੇ ਰੂਪੀਤ ਕੌਰ ਨੂੰ ਮਹਿਲਾ ਵਿੰਗ ਦਾ ਪ੍ਰਧਾਨ ਚੁਣਿਆ ਗਿਆ। ਕੈਪਟਨ ਚੰਨਣ ਸਿੰਘ ਸਿੱਧੂ ਅਤੇ ਐੱਸ.ਆਰ. ਲੱਧੜ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ ‘ਤੇ ਸੰਘਰਸ਼ ਕਰ ਰਿਹਾ ਹੈ।
ਪੰਜਾਬ ਵਿੱਚ ਲੋਕ ਕਰਜ਼ੇ ਦੀ ਮਾਰ ਹੇਠ ਦੱਬਦੇ ਜਾ ਰਹੇ ਹਨ। ਬੇਰੁਜ਼ਗਾਰੀ ਕਰਕੇ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ, ਪਰ ਪੰਜਾਬ ਸਰਕਾਰ ਇਨ੍ਹਾਂ ਮੁੱਦਿਆਂ ਵੱਲ ਨਜ਼ਰ ਮਾਰਨ ਲਈ ਵੀ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੰਤਰੀ ਅਤੇ ਅਧਿਕਾਰੀ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਦੀ ਥਾਂ ਟਰਾਂਸਪੋਰਟ ਮਾਫੀਆ, ਭੌਂ-ਮਾਫੀਆ, ਰੇਤ ਮਾਫੀਆ, ਸ਼ਰਾਬ ਅਤੇ ਨਸ਼ਿਆਂ ਦੇ ਕਾਰੋਬਾਰ ਦੀ ਪੁਸ਼ਤਪਨਾਹੀ ਕਰਨ ਵਿੱਚ ਲੱਗੇ ਹਨ। ਲੱਧੜ ਹੋਰਾਂ ਨੇ ਕਿਹਾ ਕਿ ਪੰਜਾਬ ਵਿੱਚ ਦਲਿਤ ਵਿਦਿਆਰਥੀਆਂ ਦੀ ਵਜ਼ੀਫ਼ਾ ਰਾਸ਼ੀ ਖੁਰਦ-ਬੁਰਦ ਕੀਤੀ ਜਾ ਰਹੀ ਹੈ।
ਦਲਿਤਾਂ ਨੂੰ ਬਣਦੇ ਹੱਕ ਨਹੀਂ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਹਰ ਵਰਗ ਦੇ ਲੋਕਾਂ ਦੇ ਮੁੱਦਿਆਂ ਨੂੰ ਚੁੱਕੇਗੀ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …