Breaking News
Home / ਪੰਜਾਬ / ਅਕਾਲੀ ਤੇ ਬਸਪਾ ਵਰਕਰਾਂ ਨੇ ਕੈਪਟਨ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਦੀ ਕੀਤੀ ਕੋਸ਼ਿਸ਼

ਅਕਾਲੀ ਤੇ ਬਸਪਾ ਵਰਕਰਾਂ ਨੇ ਕੈਪਟਨ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਦੀ ਕੀਤੀ ਕੋਸ਼ਿਸ਼

ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾਰਾਂ ਤੇ ਕੀਤਾ ਲਾਠੀਚਾਰਜ
ਮੁਹਾਲੀ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਰਕਰਾਂ ਨੇ ਮੰਗਲਵਾਰ ਨੂੰ ਵੈਕਸੀਨ ਤੇ ਫ਼ਤਿਹ ਕਿੱਟ ਘੁਟਾਲਾ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਸਵਾਂ ਸਥਿਤ ਫਾਰਮ ਹਾਊਸ ਦੇ ਘਿਰਾਓ ਦੀ ਕੋਸ਼ਿਸ਼ ਕੀਤੀ। ਮੁਜ਼ਾਹਰਾਕਾਰੀਆਂ ਵੱਲੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਦੌਰਾਨ ਪੁਲਿਸ ਨੇ ਜਲ ਤੋਪਾਂ ਦੀ ਵਰਤੋਂ ਕੀਤੀ।
ਇਸ ਦੌਰਾਨ ਪੁਲਿਸ ਨੇ ਸੁਖਬੀਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਬਸਪਾ ਦੇ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੂੰ ਹਿਰਾਸਤ ਵਿੱਚ ਲੈ ਕੇ ਕੁਰਾਲੀ ਥਾਣੇ ਲਿਆਂਦਾ।
ਜਾਣਕਾਰੀ ਮੁਤਾਬਕ ਅਕਾਲੀ ਦਲ ਤੇ ਬਸਪਾ ਦੇ ਹਜ਼ਾਰਾਂ ਵਰਕਰ ਸਵੇਰ ਤੋਂ ਹੀ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਇਕੱਤਰ ਹੋ ਗਏ ਸਨ ਅਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਮੁਜ਼ਾਹਾਕਾਰੀਆਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਨਾ ਜਾਣ ਦੇਣ ਲਈ ਪੁਲਿਸ ਵੱਲੋਂ ਪੰਜ ਥਾਵਾਂ ‘ਤੇ ਨਾਕੇ ਲਾ ਕੇ ਇਲਾਕੇ ਨੂੰ ਸੀਲ ਕੀਤਾ ਗਿਆ ਸੀ। ਇਸ ਦੌਰਾਨ ਜਦੋਂ ਅਕਾਲੀ ਤੇ ਬਸਪਾ ਵਰਕਰਾਂ ਨੇ ਪਹਿਲੇ ਨਾਕੇ ‘ਤੇ ਲਾਏ ਬੈਰੀਕੇਡ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਹਲਕੇ ਲਾਠੀਚਾਰਜ ਅਤੇ ਜਲ ਤੋਪਾਂ ਦੀ ਵਰਤੋਂ ਕਰਦਿਆਂ ਇਸ ਨੂੰ ਅਸਫ਼ਲ ਕਰ ਦਿੱਤਾ। ਪਾਣੀ ਦੀਆਂ ਤੇਜ਼ ਬੁਛਾੜਾਂ ਕਾਰਨ ਅਕਾਲੀ ਤੇ ਬਸਪਾ ਵਰਕਰਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਕੁਝ ਜ਼ਖ਼ਮੀ ਵੀ ਹੋ ਗਏ।
ਸੁਖਬੀਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਬੈਰੀਕੇਡਾਂ ਵਿੱਚੋਂ ਮਿਲੇ ਇੱਕ ਰਸਤੇ ਰਾਹੀਂ ਜਿਵੇਂ ਹੀ ਅੱਗੇ ਵਧਣ ਲੱਗੇ ਤਾਂ ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਕੇ ਕੁਰਾਲੀ ਦੇ ਥਾਣਾ ਸਦਰ ਲਿਆਂਦਾ।
ਇਸ ਤੋਂ ਪਹਿਲਾਂ ਧਰਨੇ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਕਿ ਕਾਂਗਰਸੀ ਮੰਤਰੀ ਦੇ ਭ੍ਰਿਸ਼ਟਾਚਾਰ ਦਾ 2022 ਵਿੱਚ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਬਣਨ ‘ਤੇ ਹਿਸਾਬ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਦੇ ਮੰਤਰੀਆਂ ਵੱਲੋਂ ਘਪਲੇ ਕੀਤੇ ਜਾ ਰਹੇ ਹਨ, ਉੱਥੇ ਰਾਜ ਨੂੰ 5600 ਕਰੋੜ ਰੁਪਏ ਦਾ ਆਬਕਾਰੀ ਘਾਟਾ ਵੀ ਸਰਕਾਰ ਦੀ ਹੀ ਦੇਣ ਹੈ। ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੀ ਸੂਬੇ ਵਿੱਚੋਂ ਕਾਂਗਰਸ ਨੂੰ ਖਤਮ ਕਰੇਗਾ।
ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਜਨਮੇਜਾ ਸਿੰਘ ਸੇਖੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ, ਗੋਬਿੰਦ ਸਿੰਘ ਲੌਂਗੋਵਾਲ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਜਗਮੀਤ ਸਿੰਘ ਬਰਾੜ, ਪਵਨ ਟੀਨੂੰ, ਐੱਨ ਕੇ ਸ਼ਰਮਾ, ਮਨਪ੍ਰੀਤ ਇਆਲੀ, ਬਲਦੇਵ ਖਹਿਰਾ, ਡਾ. ਸੁਖਵਿੰਦਰ ਸੁੱਖੀ, ਰੋਜ਼ੀ ਬਰਕੰਦੀ, ਪਰਮਬੰਸ ਸਿੰਘ ਰੋਮਾਣਾ, ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਤੇ ਚਰਨਜੀਤ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸੁਖਬੀਰ ਤੇ ਮਜੀਠੀਆ ਸਣੇ 300 ਖ਼ਿਲਾਫ਼ ਕੇਸ ਦਰਜ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਸਵਾਂ ਸਥਿਤ ਫਾਰਮ ਹਾਊਸ ਨੂੰ ਘੇਰਨ ਲਈ ਜਾ ਰਹੇ 300 ਅਕਾਲੀ-ਬਸਪਾ ਆਗੂਆਂ ਤੇ ਵਰਕਰਾਂ ਖਿਲਾਫ ਪੁਲਿਸ ਨੇ ਕੇਸ ਦਰਜ ਕੀਤਾ ਹੈ। ਐੱਫਆਈਆਰ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ 30 ਆਗੂਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ ਜਦਕਿ ਬਾਕੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਧਾਰਾ 188 ਤਹਿਤ ਕੀਤੀ ਹੈ। ਸਬੰਧਤ ਐੱਸਐੱਚਓ ਨੇ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

 

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …