ਪੰਜਾਬ ‘ਚ 97 ਸੀਟਾਂ ‘ਤੇ ਅਕਾਲੀ ਦਲ ਅਤੇ 20 ਸੀਟਾਂ ‘ਤੇ ਬਸਪਾ ਲੜੇਗੀ ਚੋਣ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ 2022 ਦੀਆਂ ਵਿਧਾਨ ਸਭਾ ਚੋਣਾਂ ਰਲ ਕੇ ਲੜਨ ਦਾ ਰਸਮੀ ਐਲਾਨ ਚੰਡੀਗੜ੍ਹ ‘ਚ ਕਰ ਦਿੱਤਾ, ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ 97 ਅਤੇ ਬਸਪਾ 20 ਸੀਟਾਂ ‘ਤੇ ਚੋਣ ਲੜੇਗੀ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਨੇ ਇੱਥੇ ਗੱਠਜੋੜ ਦਾ ਐਲਾਨ ਕੀਤਾ।
ਮਿਸ਼ਰਾ ਨੇ ਕਿਹਾ ਕਿ ਬਸਪਾ ਸੁਪਰੀਮੋ ਮਾਇਆਵਤੀ ਨੇ ਗੱਠਜੋੜ ਲਈ ਪ੍ਰਵਾਨਗੀ ਦਿੱਤੀ ਹੈ ਅਤੇ ਉਨ੍ਹਾਂ ਐਲਾਨ ਕੀਤਾ ਕਿ ਦੋਵੇਂ ਪਾਰਟੀਆਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ ਵਿਚ ਅਗਲੀ ਸਰਕਾਰ ਬਣਾਉਣ ਲਈ ਕੰਮ ਕਰਨਗੀਆਂ।
ਬਸਪਾ ਦੀ ਪੰਜਾਬ ਇਕਾਈ ਦੇ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਵੀ ਕੀਤੀ। ਗੱਠਜੋੜ ਤਹਿਤ ਅਕਾਲੀ ਦਲ ਨੇ ਬਸਪਾ ਨੂੰ 20 ਸੀਟਾਂ ਦਿੱਤੀਆਂ ਹਨ ਜਿਸ ‘ਚ ਦੋਆਬਾ ਦੀਆਂ 8, ਮਾਲਵਾ ਦੀਆਂ 7 ਅਤੇ ਮਾਝਾ ਦੀਆਂ 5 ਸੀਟਾਂ ਸ਼ਾਮਲ ਹਨ।
ਇਨ੍ਹਾਂ ਸੀਟਾਂ ਵਿਚ ਕਰਤਾਰਪੁਰ, ਜਲੰਧਰ ਵੈਸਟ, ਜਲੰਧਰ ਨਾਰਥ, ਫਗਵਾੜਾ, ਹੁਸ਼ਿਆਰਪੁਰ ਸ਼ਹਿਰ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਬਸੀ ਪਠਾਣਾਂ, ਮਹਿਲ ਕਲਾਂ, ਨਵਾਂਸ਼ਹਿਰ, ਲੁਧਿਆਣਾ ਨਾਰਥ, ਸੁਜਾਨਪੁਰ, ਭੋਆ, ਪਠਾਨਕੋਟ, ਆਨੰਦਪੁਰ ਸਾਹਿਬ, ਮੁਹਾਲੀ, ਅੰਮ੍ਰਿਤਸਰ ਨਾਰਥ, ਅੰਮ੍ਰਿਤਸਰ ਸੈਂਟਰਲ ਅਤੇ ਪਾਇਲ ਸ਼ਾਮਲ ਹਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਗੱਠਜੋੜ ਸਿਰਫ 2022 ਵਿਧਾਨ ਸਭਾ ਚੋਣਾਂ ਲਈ ਨਹੀਂ ਹੈ ਬਲਕਿ ਇਹ ਭਵਿੱਖ ਵਿਚ ਹੋਣ ਵਾਲੀਆਂ ਸੰਸਦੀ ਜਾਂ ਹੋਰ ਚੋਣਾਂ ਲਈ ਵੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੋਹਾਂ ਦੀ ਵਿਚਾਰਧਾਰਾ ਇਕ ਹੈ ਅਤੇ ਦੋਵੇਂ ਕਿਸਾਨਾਂ, ਦਲਿਤਾਂ, ਗਰੀਬਾਂ ਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਨਵਾਂ ਗੱਠਜੋੜ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਦੇ ਮੂਲ ਫਲਸਫੇ ‘ਤੇ ਚੱਲੇਗਾ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਨਰੇਸ਼ ਗੁਜਰਾਲ, ਹਰਸਿਮਰਤ ਕੌਰ ਬਾਦਲ, ਨਿਰਮਲ ਸਿੰਘ ਕਾਹਲੋਂ, ਬੀਬੀ ਜਗੀਰ ਕੌਰ, ਜਨਮੇਜਾ ਸਿੰਘ ਸੇਖੋਂ, ਉਪਿੰਦਰਜੀਤ ਕੌਰ, ਡਾ. ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਆਦਿ ਹਾਜ਼ਰ ਸਨ।