ਬੀਐਸਐਫ ਨੇ ਇਕ ਡਰੋਨ, ਹੈਰੋਇਨ ਅਤੇ ਇਕ ਪਿਸਟਲ ਕੀਤਾ ਬਰਾਮਦ
ਅੰਮਿ੍ਰਤਸਰ/ਬਿਊਰੋ ਨਿਊਜ਼
ਪਾਕਿਸਤਾਨੀ ਤਸਕਰਾਂ ਵਲੋਂ ਇਕ ਦਿਨ ਵਿਚ ਤਿੰਨ ਜਗ੍ਹਾ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸਦੇ ਚੱਲਦਿਆਂ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਹੋਈਆਂ ਇਨ੍ਹਾਂ ਤਿੰਨੋ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੂੰ ਇਕ ਡਰੋਨ ਡੇਗਣ, ਹੈਰੋਇਨ ਦੀਆਂ ਖੇਪਾਂ ਅਤੇ ਇਕ ਪਿਸਟਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਹੋਈ ਹੈ। ਇਹ ਸਫਲਤਾ ਅੰਮਿ੍ਰਤਸਰ ਅਤੇ ਅਬੋਹਰ ਦੇ ਬਾਰਡਰ ’ਤੇ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਲੰਘੀ ਦੇਰ ਰਾਤ ਅੰਮਿ੍ਰਤਸਰ ਦੀ ਬੀਓਪੀ ਰਾਜਤਾਲ ਵਿਚ ਡਰੋਨ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਬੀਐਸਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਡਰੋਨ ਨੂੰ ਹੇਠਾਂ ਡੇਗਣ ਵਿਚ ਸਫਲਤਾ ਹਾਸਲ ਕੀਤੀ। ਇਸ ਡਰੋਨ ਦੇ ਨਾਲ ਕਰੀਬ ਦੋ ਕਿਲੋ ਹੈਰੋਇਨ ਵੀ ਬੰਨ੍ਹੀ ਹੋਈ ਸੀ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। ਦੂਜੀ ਘਟਨਾ ਅਟਾਰੀ ਸਰਹੱਦ ਦੇ ਨੇੜੇ ਬੀਓਪੀ ਮੁੱਲਾਕੋਟ ਦੀ ਹੈ। ਇਸ ਖੇਤਰ ਵਿਚੋਂ ਵੀ ਬੀਐਸਐਫ ਦੇ ਜਵਾਨਾਂ ਨੂੰ ਤਿੰਨ ਕਿਲੋਗਰਾਮ ਬਰਾਮਦ ਹੋਈ ਹੈ। ਤੀਜੀ ਘਟਨਾ ਅਬੋਹਰ ਦੇ ਸਰਹੱਦੀ ਖੇਤਰ ਦੀ ਹੈ, ਜਿੱਥੇ ਵੀ ਤਸਕਰਾਂ ਵਲੋਂ ਡਰੋਨ ਦੇ ਰਾਹੀਂ ਨਸ਼ੇ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਗਈ। ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਡਰੋਨ ਨੂੰ ਭਜਾ ਦਿੱਤਾ ਅਤੇ ਬਾਅਦ ਵਿਚ ਤਲਾਸ਼ੀ ਅਭਿਆਨ ਦੌਰਾਨ ਦੋ ਕਿੱਲੋ ਹੈਰੋਇਨ ਦੇ ਨਾਲ ਪਿਸਟਲ ਵੀ ਬਰਾਮਦ ਹੋਇਆ ਹੈ। ਧਿਆਨ ਰਹੇ ਕਿ ਪਾਕਿਸਤਾਨ ਵਾਲੇ ਪਾਸਿਓ ਅਕਸਰ ਹੀ ਡਰੋਨ ਭੇਜਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।