
ਚੰਡੀਗੜ੍ਹ/ਬਿਊਰੋ ਨਿਊਜ਼
ਰਾਜ ਸਭਾ ਚੋਣ ਲਈ ਧੋਖਾਧੜੀ ਦੇ ਮੁਲਜ਼ਮ ਨਵਨੀਤ ਚਤੁਰਵੇਦੀ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਆਹਮੋ ਸਾਹਮਣੇ ਹੋ ਗਈ ਸੀ। ਇਸ ਦੌਰਾਨ ਪੰਜਾਬ ਪੁਲਿਸ ਨੇ ਹੁਣ ਚਤੁਰਵੇਦੀ ਦੀ ਹਿਰਾਸਤ ਲਈ ਚੰਡੀਗੜ੍ਹ ਪੁਲਿਸ ਖਿਲਾਫ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਨਵਨੀਤ ਚਤੁਰਵੇਦੀ ਇਸ ਵੇਲੇ ਚੰਡੀਗੜ੍ਹ ਪੁਲਿਸ ਦੀ ਹਿਰਾਸਤ ’ਚ ਹੈ, ਜਦੋਂ ਕਿ ਪੰਜਾਬ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ 3 ਦੇ ਪੁਲਿਸ ਥਾਣੇ ਦੇ ਬਾਹਰ ਡੇਰਾ ਲਗਾਇਆ ਹੋਇਆ ਹੈ। ਪੰਜਾਬ ਪੁਲਿਸ ਨੇ ਹਾਈਕੋਰਟ ਵਿਚ ਤਰਕ ਦਿੱਤਾ ਹੈ ਕਿ ਨਵਨੀਤ ਦੇ ਖਿਲਾਫ ਰੋਪੜ ਵਿਚ ਵਿਧਾਇਕਾਂ ਦੇ ਫਰਜ਼ੀ ਦਸਤਖਤ ਦਾ ਕੇਸ ਦਰਜ ਹੈ। ਉਥੇ ਹੀ ਨਵਨੀਤ ਚਤੁਰਵੇਦੀ ਨੇ ਵੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਉਸਨੇ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਪੁਲਿਸ ਨੇ ਉਸ ਨੂੰ ਗਿ੍ਰਫਤਾਰ ਕਰਨਾ ਹੈ ਤਾਂ 10 ਦਿਨਾਂ ਦਾ ਨੋਟਿਸ ਦਿੱਤਾ ਜਾਵੇ। ਧਿਆਨ ਰਹੇ ਕਿ ਨਵਨੀਤ ਚਤੁਰਵੇਦੀ ਨੇ ਪੰਜਾਬ ਵਿਚ ਖਾਲੀ ਹੋਈ ਰਾਜ ਸਭਾ ਦੀ ਸੀਟ ਲਈ ਨਾਮਜ਼ਦਗੀ ਭਰੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਸ ਨੂੰ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਉਸ ਨੇ ‘ਆਪ’ ਦੇ 10 ਵਿਧਾਇਕਾਂ ਦੇ ਦਸਤਖਤ ਵੀ ਦਿਖਾਏ ਸਨ। ਹਾਲਾਂਕਿ ਵਿਧਾਇਕਾਂ ਨੇ ਇਨ੍ਹਾਂ ਦਸਤਖਤਾਂ ਨੂੰ ਫਰਜ਼ੀ ਦੱਸਿਆ ਸੀ। ਇਹ ਵੀ ਜ਼ਿਕਰਯੋਗ ਹੈ ਕਿ ਚਤੁਰਵੇਦੀ ਦੇ ਰਾਜ ਸਭਾ ਲਈ ਕਾਗਜ਼ ਵੀ ਰੱਦ ਹੋ ਗਏ ਸਨ।

