ਪੰਜਾਬ ਦੇ 16 ਬੱਸ ਅੱਡੇ ਹੁਣ ਜਾਣਗੇ ਨਿੱਜੀ ਕੰਪਨੀਆਂ ਕੋਲ November 17, 2023 ਪੰਜਾਬ ਦੇ 16 ਬੱਸ ਅੱਡੇ ਹੁਣ ਜਾਣਗੇ ਨਿੱਜੀ ਕੰਪਨੀਆਂ ਕੋਲ 5 ਸਾਲਾਂ ਲਈ ਠੇਕੇ ’ਤੇ ਦਿੱਤੇ ਜਾਣਗੇ ਇਹ ਬੱਸ ਟਰਮੀਨਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ 16 ਬੱਸ ਅੱਡਿਆਂ ਨੂੰ ਚਲਾਉਣ ਅਤੇ ਦੇਖ ਰੇਖ ਦਾ ਕੰਮ ਨਿੱਜੀ ਕੰਪਨੀਆਂ ਨੂੰ ਦੇਣ ਦਾ ਫੈਸਲਾ ਕਰ ਲਿਆ ਹੈ। ਅਪਰੇਸ਼ਨ ਐਂਡ ਮੈਨਟੀਨੈਂਸ ਪਾਲਿਸੀ ਦੇ ਤਹਿਤ ਇਨ੍ਹਾਂ 16 ਬੱਸ ਅੱਡਿਆਂ ਨੂੰ ਚਲਾਉਣ ਦਾ ਕੰਮ ਅਤੇ ਦੇਖ ਰੇਖ ਦਾ ਕੰਮ ਨਿੱਜੀ ਕੰਪਨੀਆਂ ਨੂੰ ਕਰਨ ਦਾ ਮੌਕਾ ਮਿਲੇਗਾ। ਇਹ ਨਿੱਜੀ ਕੰਪਨੀਆਂ ਬੱਸ ਅੱਡਿਆਂ ਵਿਚ ਸਾਰੇ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਨੂੰ ਪ੍ਰਦਾਨ ਕਰਨ ਦੇ ਨਾਲ ਹੀ ਬੱਸ ਅੱਡਿਆਂ ਦੀ ਸਾਫ ਸਫਾਈ ਅਤੇ ਸਾਂਭ ਸੰਭਾਲ ਵੀ ਕਰਨਗੀਆਂ। ਇਨ੍ਹਾਂ 16 ਬੱਸ ਅੱਡਿਆਂ ਨੂੰ 2024 ਤੋਂ 2029 ਤੱਕ 5 ਸਾਲਾਂ ਦੇ ਲਈ ਨਿੱਜੀ ਕੰਪਨੀਆਂ ਨੂੰ ਦਿੱਤਾ ਜਾਵੇਗਾ। ਇਨ੍ਹਾਂ ਬੱਸ ਅੱਡਿਆਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਬੱਸ ਅੱਡਾ ਫੀਸ ਤੋਂ ਲੈ ਕੇ ਇੱਥੇ ਦੁਕਾਨਾਂ ਅਤੇ ਹੋਰ ਕਮਰਸ਼ੀਅਲ ਥਾਵਾਂ ਦਾ ਕਿਰਾਇਆ ਵਸੂਲ ਕਰਨਗੀਆਂ। ਇਸ ਤੋਂ ਇਲਾਵਾ ਪ੍ਰਾਈਵੇਟ ਵਾਹਨਾਂ ਕੋਲੋਂ ਪਾਰਕਿੰਗ ਫੀਸ ਅਤੇ ਬੱਸ ਅੱਡਿਆਂ ’ਤੇ ਬੱਸਾਂ ਦੀ ਨਾਈਟ ਫੀਸ ਵੀ ਵਸੂਲ ਕੀਤੀ ਜਾਵੇਗੀ। ਇਸ ਦੇ ਚੱਲਦਿਆਂ ਇਨ੍ਹਾਂ ਬੱਸ ਅੱਡਿਆਂ ਲਈ ਵੱਧ ਤੋਂ ਵੱਧ ਬੋਲੀ ਲੱਗਣ ਦੀ ਉਮੀਦ ਹੈ। ਇਹ ਸਾਰੇ 16 ਬੱਸ ਟਰਮੀਨਲ ਪੰਜਾਬ ਸਟੇਟ ਬਸ ਟਰਮੀਨਲ ਮੈਨੇਜਮੈਂਟ ਕੰਪਨੀ ਲਿਮਟਿਡ ਦੇ ਕੋਲ ਹਨ ਅਤੇ ਇਸ ਕਦਮ ਨਾਲ ਕੰਪਨੀ ਨੂੰ ਅੱਗੇ ਵਧਣ ਦੀ ਉਮੀਦ ਹੈ। ਜਿਨ੍ਹਾਂ 16 ਬੱਸ ਅੱਡਿਆਂ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕੀਤਾ ਜਾਵੇਗਾ, ਉਨ੍ਹਾਂ ਵਿਚ ਲੁਧਿਆਣਾ, ਜਲੰਧਰ, ਤਰਨਤਾਰਨ, ਜਗਰਾਓਂ, ਰੋਪੜ, ਆਨੰਦਪੁਰ ਸਾਹਿਬ, ਨੰਗਲ, ਹੁਸ਼ਿਆਰਪੁਰ, ਨਵਾਂਸ਼ਹਿਰ, ਮਜੀਠਾ, ਡੇਰਾ ਬਾਬਾ ਨਾਨਕ, ਮੋਗਾ, ਜ਼ੀਰਾ, ਪਠਾਨਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਲ ਹਨ। 2023-11-17 Parvasi Chandigarh Share Facebook Twitter Google + Stumbleupon LinkedIn Pinterest