ਜਲੰਧਰ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਕਰਵਾਏ ਜਾਣ ਦੇ ਲਏ ਫ਼ੈਸਲੇ ਦੇ ਬਾਵਜੂਦ ਪੰਜਾਬ ਸਰਕਾਰ ਨੇ ਵੱਖਰੇ ਤੌਰ ‘ਤੇ ਸਮਾਗਮ ਕਰਨ ਲਈ ਸੁਲਤਾਨਪੁਰ ਲੋਧੀ ਵਿਚ ਥਾਂ-ਥਾਂ ਮੁੱਖ ਪੰਡਾਲ ਦੀ ਦਿਸ਼ਾ ਦੱਸਣ ਵਾਲੇ ਬੋਰਡ ਲਾ ਦਿੱਤੇ ਹਨ। ਇਹ ਬੋਰਡ ਲੱਗਣ ਨਾਲ ਇਕ ਵਾਰ ਫਿਰ ਭੰਬਲਭੂਸੇ ਵਾਲੀ ਸਥਿਤੀ ਬਣ ਗਈ ਹੈ ਕਿ ਮੁੱਖ ਸਮਾਗਮ ਕਿਸ ਦੀ ਅਗਵਾਈ ਹੇਠ ਹੋਣਗੇ?
ਜ਼ਿਕਰਯੋਗ ਹੈ ਕਿ 21 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ 12 ਨਵੰਬਰ ਨੂੰ ਹੋਣ ਵਾਲੇ ਮੁੱਖ ਸਮਾਗਮ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਬੇਰ ਸਾਹਿਬ ‘ਚ ਬਣਾਏ ਗਏ ਮੰਚ ਤੋਂ ਹੋਣਗੇ। ਉਨ੍ਹਾਂ ਨੇ ਉਦੋਂ ਪੰਜਾਬ ਸਰਕਾਰ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਸੱਦਾ ਦਿੱਤਾ ਸੀ ਕਿ ਉਹ ਪੰਥ ਦਾ ਹਿੱਸਾ ਬਣ ਕੇ ਇਸ ਮੰਚ ‘ਤੇ ਆਉਣ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੇ ਇਸ ਐਲਾਨ ਦੇ ਅੱਠ ਦਿਨਾਂ ਮਗਰੋਂ ਹੀ ਸੁਲਤਾਨਪੁਰ ਲੋਧੀ ਦੇ ਅੰਦਰ ਅਤੇ ਖਾਸ ਕਰਕੇ ਗੁਰਦੁਆਰਾ ਬੇਰ ਸਾਹਿਬ ਦੇ ਆਲੇ ਦੁਆਲੇ ਇਹ ਬੋਰਡ ਲੱਗੇ ਹਨ, ਜਿਹੜੇ ਇਹ ਸੰਕੇਤ ਦਿੰਦੇ ਹਨ ਕਿ ਮੁੱਖ ਪੰਡਾਲ ਕਿੱਧਰ ਹੈ। ਇਹ ਸਾਰੇ ਬੋਰਡ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਪੰਡਾਲ ਵੱਲ ਇਸ਼ਾਰਾ ਕਰਦੇ ਹਨ। ਨੀਲੇ ਰੰਗ ‘ਚ ਚਿੱਟੇ ਅੱਖਰਾਂ ਨਾਲ ਲਿਖੇ ਮੁੱਖ ਪੰਡਾਲ ਦਾ ਇਸ਼ਾਰਾ ਕਰਨ ਵਾਲੇ ਪੰਜ ਬੋਰਡ ਤਾਂ ਗੁਰਦੁਆਰਾ ਬੇਰ ਸਾਹਿਬ ਦੇ ਬਿਲਕੁਲ ਨੇੜੇ ਲਾਏ ਗਏ ਹਨ। ਇਕ ਬੋਰਡ ਉਸ ਥਾਂ ‘ਤੇ ਵੀ ਲਾਇਆ ਗਿਆ ਹੈ ਜਿੱਥੇ ਗੁਰੂ ਨਾਨਕ ਸਟੇਡੀਅਮ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਮਾਗਮ ਕਰਨ ਲਈ ਮੰਚ ਤਿਆਰ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਮੁੱਖ ਪੰਡਾਲ ਦੇ ਲੱਗੇ ਬੋਰਡਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਵੀ ਤਰੇਲੀਆਂ ਲਿਆ ਦਿੱਤੀਆਂ ਹਨ। ਇਸ ਨਾਲ ਸੰਗਤ ਵੀ ਮੁੜ ਦੁਬਿਧਾ ਵਿਚ ਹੈ ਕਿ ਅਖ਼ੀਰ ਦੋਵੇਂ ਧਿਰਾਂ ਇਕ ਮੰਚ ‘ਤੇ ਗੁਰੂ ਸਾਹਿਬ ਦੇ ਸਮਾਗਮ ਮਨਾਉਣ ਲਈ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ।
Check Also
ਦਿਲਜੀਤ ਦੋਸਾਂਝ ਨੇ ਫਿਲਮ ‘ਪੰਜਾਬ 95’ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ
ਫਿਲਮ ਅਗਲੇ ਮਹੀਨੇ ਰਿਲੀਜ਼ ਹੋਣ ਦੇ ਸੰਕੇਤ ਦਿੱਤੇ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬੀ ਸਟਾਰ ਗਾਇਕ …