226ਵੀਂ ਅਰਦਾਸ ਮੌਕੇ ਕਈ ਸਾਹਿਤਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਕੀਤੀ ਸ਼ਿਰਕਤ
ਡੇਰਾ ਬਾਬਾ ਨਾਨਕ (ਬਟਾਲਾ)/ਬਿਊਰੋ ਨਿਊਜ਼
‘ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ’ ਸੰਸਥਾ ਵੱਲੋਂ ਕੌਮਾਂਤਰੀ ਸੀਮਾ ‘ਤੇ ਸੋਮਵਾਰ ਨੂੰ ਸ਼ੁਕਰਾਨੇ ਦੀ ਆਖ਼ਰੀ 226ਵੀਂ ਅਰਦਾਸ ਕੀਤੀ ਗਈ। ਇਸ ਆਖ਼ਰੀ ਅਰਦਾਸ ਮੌਕੇ ਕਈ ਸਾਹਿਤਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਸੰਸਥਾ ਪ੍ਰਧਾਨ ਤੇ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ‘ਚ ਸਮਝੌਤਾ ਸਹੀਬੰਦ ਹੋ ਜਾਣ ‘ਤੇ ਸੰਸਥਾ ਦਾ ਮਿਸ਼ਨ ਪੂਰਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਲਾਂਘਾ ਖੁੱਲ੍ਹਣ ਨਾਲ ਜਿੱਥੇ ਦੋਵਾਂ ਦੇਸ਼ਾਂ ਦਰਮਿਆਨ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਧੇਗੀ, ਉੱਥੇ ਹੀ ਵਪਾਰ ਵਿਚ ਵੀ ਵਾਧਾ ਹੋਵੇਗਾ। ਇਹ ਆਖ਼ਰੀ ਅਰਦਾਸ ਹੈ। ਸੰਗਤ ਨੇ ਕੰਡਿਆਲੀ ਤਾਰ ਨੇੜੇ ਖਲ੍ਹੋ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਲਈ ਅਰਦਾਸ ਕੀਤੀ। ਇਸ ਤੋਂ ਪਹਿਲਾਂ ਸੰਗਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਇਕੱਤਰ ਹੋਈ ਤੇ ਪੈਦਲ ਹੀ ਗੁਰਬਾਣੀ ਦਾ ਜਾਪ ਕਰਦੀ ਹੋਈ ਕੰਡਿਆਲੀ ਤਾਰ ਨੇੜੇ ਇਕੱਤਰ ਹੋਈ। ਸ੍ਰੀ ਬਾਜਵਾ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਦੀ ਮਿਹਰ ਸਦਕਾ ਸੰਗਤਾਂ ਦੀਆਂ ਅਰਦਾਸਾਂ ਸੁਣੀਆਂ ਗਈਆਂ ਹਨ। ਉਨ੍ਹਾਂ ਸੰਗਤਾਂ ਦੀਆਂ ਅਰਦਾਸਾਂ ਸਦਕਾ ਅੱਗੇ ਪਾਕਿਸਤਾਨ ‘ਚ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਵਿੱਛੜੇ ਗੁਰਧਾਮਾਂ ਦੇ ਰਸਤੇ ਖੁੱਲ੍ਹਣ ਦੀ ਆਸ ਜਤਾਈ। ਵਡਾਲਾ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਲਗਪਗ 11 ਮਹੀਨਿਆਂ ‘ਚ ਜੰਗੀ ਪੱਧਰ ‘ਤੇ ਕੀਤੇ ਕੰਮ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਆਖਿਆ ਕਿ ਹੁਣ ਲਾਂਘੇ ਦੇ ਕੰਮ ਨੂੰ ਅੰਤਿਮ ਛੋਹਾਂ ਹੀ ਦਿੱਤੀਆਂ ਜਾ ਰਹੀਆਂ ਹਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …