Breaking News
Home / ਪੰਜਾਬ / ਡੇਰਾ ਬਾਬਾ ਨਾਨਕ ‘ਚ ਦੀਵਾਰਾਂ ‘ਤੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਚਿੱਤਰਕਾਰੀ

ਡੇਰਾ ਬਾਬਾ ਨਾਨਕ ‘ਚ ਦੀਵਾਰਾਂ ‘ਤੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਚਿੱਤਰਕਾਰੀ

ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਨੂੰ ਖ਼ੁਸ਼ਬੂਦਾਰ ਸ਼ਹਿਰ ਬਣਾਉਣ ਦਾ ਕੀਤਾ ਹੋਇਆ ਹੈ ਐਲਾਨ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਪਹਿਲੀ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਵਿੱਚ ਹੋ ਰਹੇ ਧਾਰਮਿਕ ਸਮਾਗਮ ਅਤੇ ਕਰਤਾਰਪੁਰ ਲਾਂਘੇ ਲਈ ਆ ਰਹੇ ਸ਼ਰਧਾਲੂਆਂ ਨੂੰ ਪ੍ਰਭਾਵਿਤ ਕਰਨ ਲਈ ਇੱਥੋਂ ਦੀਆਂ ਕੰਧਾਂ ‘ਤੇ ਖ਼ੂਬਸੂਰਤ ਚਿੱਤਰਕਾਰੀ ਕੀਤੀ ਜਾ ਰਹੀ ਹੈ। ਇਹ ਚਿੱਤਰ ਗੁਰੂ ਨਾਨਕ ਦੇਵ ਦੇ ਜੀਵਨ ਦੀਆਂ ਘਟਨਾਵਾਂ ਨਾਲ ਸਬੰਧਤ ਹਨ। ਇਨ੍ਹਾਂ ਚਿੱਤਰਾਂ ਨਾਲ ਬਾਣੀ ਅਤੇ ਹੋਰ ਤੁਕਾਂ ਪਹਿਲੀ ਨਜ਼ਰੇ ਆਮ ਆਦਮੀ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਗਰ ‘ਚ ਕਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ।
ਇਸੇ ਤਹਿਤ ਇੱਥੋਂ ਦੀ ਦਾਣਾ ਮੰਡੀ ਕੋਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਬਾਹਰੀ ਕੰਧਾਂ ‘ਤੇ ਸੁੰਦਰ ਚਿੱਤਰ ਬਣਾਏ ਜਾ ਰਹੇ ਹਨ। ਇਨ੍ਹਾਂ ਚਿੱਤਰਾਂ ਵਿੱਚ ਗੁਰੂ ਜੀ ਵੱਲੋਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ, ਬ੍ਰਹਿਮੰਡ ਦੀ ਮਹਿਮਾ ਤੋਂ ਇਲਾਵਾ ਗੁਰੂ ਜੀ ਦੇ ਜੀਵਨ ਘਟਨਾਵਾਂ ਨਾਲ ਜਿੱਥੇ ਚਿੱਤਰ ਬਣਾਏ ਜਾ ਰਹੇ ਹਨ , ਉੱਥੇ ਇਨ੍ਹਾਂ ਚਿੱਤਰਾਂ ਨਾਲ ਗੁਰਬਾਣੀ ਦੀਆਂ ਤੁਕਾਂ ਵੀ ਲਿਖੀਆਂ ਜਾ ਰਹੀਆਂ ਹਨ। ਚਿੱਤਰ ਬਣਾਉਣ ਤੇ ਸੁੰਦਰ ਲਿਖਾਈ ਲਈ ਕਲਾਕਾਰ ਵੀਕੇ ਘਾਰੂ, ਸਰਬਜੀਤ ਸਿੰਘ, ਗੁਰਮੀਤ ਸਿੰਘ ਅਤੇ ਅਜੇ ਜਲੰਧਰ ਦੇ ਏਪੀਜੇ ਕਾਲਜ ਤੋਂ ਆਏ ਹਨ। ਸੂਤਰਾਂ ਅਨੁਸਾਰ ਇਹ ਕਾਰਜ ਮਾਰਕਫੈੱਡ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਬਾਬਾ ਸੁਖਦੀਪ ਸਿੰਘ ਬੇਦੀ ਤੇ ਗੁਰਕਿਰਪਾਲ ਸਿੰਘ ਨੇ ਕਿਹਾ ਕਿ 11 ਮਹੀਨਿਆਂ ਵਿਚ ਨਗਰ ਦਾ ਵੱਡੇ ਪੱਧਰ ‘ਤੇ ਵਿਕਾਸ ਹੋਇਆ ਹੈ।
ਨਗਰ ਕੌਂਸਲ ਦੇ ਪ੍ਰਧਾਨ ਪਰਮੀਤ ਸਿੰਘ ਬੇਦੀ ਨੇ ਦੱਸਿਆ ਕਿ ਨਗਰ ਦੇ ਹੋਰਨਾਂ ਸਥਾਨਾਂ ‘ਤੇ ਵੀ ਅਜਿਹੇ ਚਿੱਤਰ ਬਣਾਏ ਜਾ ਰਹੇ। ਉਨ੍ਹਾਂ ਦੱਸਿਆ ਕਿ ਜਿੱਥੇ ਜਿੱਥੇ ਚਿੱਤਰ ਬਣਾਏ ਜਾਣਗੇ, ਉਸ ਸਥਾਨ ‘ਤੇ ਫੁੱਲਾਂ ਵਾਲੇ ਗ਼ਮਲੇ ਰੱਖੇ ਜਾਣਗੇ, ਤਾਂ ਜੋ ਲੋਕ ਉੱਥੇ ਗੰਦਗੀ ਨਾ ਫੈਲਾਉਣ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਨੂੰ ਖ਼ੁਸ਼ਬੂਦਾਰ ਸ਼ਹਿਰ ਬਣਾਉਣ ਦਾ ਐਲਾਨ ਕੀਤਾ ਹੋਇਆ ਹੈ।
ਨਗਰ ਕੌਂਸਲ ਦੇ ਈਓ ਵੱਲੋਂ ਸ਼ਹਿਰ ਵਿੱਚ ਸਫ਼ਾਈ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਦੁਕਾਨਾਂ ਤੋਂ ਪੌਲੀਥੀਨ ਦੇ ਲਿਫਾਫੇ ਜ਼ਬਤ ਕਰ ਕੇ ਨਸ਼ਟ ਕੀਤੇ ਹਨ। ਸੜਕਾਂ ਕਿਨਾਰੇ ਘਾਹ ਅਤੇ ਹੋਰ ਝਾੜੀਆਂ ਨੂੰ ਕੱਟ ਕੇ ਸਾਫ਼ ਕੀਤਾ ਜਾ ਰਿਹਾ ਹੈ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …