ਹੁਣ ਇੱਕੋ ਸਮੇਂ ਲੰਗਰ ਛਕ ਸਕੇਗੀ ਪੰਜ ਹਜ਼ਾਰ ਸੰਗਤ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸਥਾਪਤ ਗੁਰੂ ਰਾਮਦਾਸ ਲੰਗਰ ਘਰ ਦੇ ਵਿਸਥਾਰ ਤਹਿਤ ਨਵੀਂ ਤਿਆਰ ਕੀਤੀ ਗਈ ਇਮਾਰਤ ਦੇ ਬਾਹਰੀ ਹਿੱਸੇ ਨੂੰ ਪਹਿਲਾਂ ਬਣੀ ਇਮਾਰਤ ਵਾਂਗ ਪੁਰਾਤਨ ਦਿੱਖ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਾਰ ਸੇਵਾ ਆਰੰਭ ਦਿੱਤੀ ਗਈ ਹੈ। ਇਹ ਕਾਰ ਸੇਵਾ ਬਾਬਾ ਬਚਨ ਸਿੰਘ ਅਤੇ ਬਾਬਾ ਮਹਿੰਦਰ ਸਿੰਘ ਦਿੱਲੀ ਵਾਲਿਆਂ ਨੂੰ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਲੰਗਰ ਘਰ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਕਾਰ ਸੇਵਾ ਦੀ ਥਾਂ ਠੇਕੇਦਾਰਾਂ ਨੂੰ ਸੌਂਪਿਆ ਗਿਆ ਸੀ। ਜਦਕਿ ਹੁਣ ਇਸ ਇਮਾਰਤ ਦੀ ਬਾਹਰੀ ਦਿੱਖ ਦੀ ਉਸਾਰੀ ਦਾ ਕੰਮ ਮੁੜ ਕਾਰ ਸੇਵਾ ਰਾਹੀਂ ਕਰਵਾਇਆ ਜਾ ਰਿਹਾ ਹੈ। ਨਵੀਂ ਇਮਾਰਤ ਦੇ ਸ਼ੁਰੂ ਹੋਣ ਨਾਲ ਇੱਥੇ ਲੰਗਰ ਛਕਣ ਵਾਲੇ ਸ਼ਰਧਾਲੂਆਂ ਦੀ ਸਮਰੱਥਾ ਵੱਧ ਸਕੇਗੀ। ઠਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮੌਕੇ ਕਿਹਾ ਕਿ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਆਮਦ ਦਿਨੋਂ-ਦਿਨ ਵੱਧ ਰਹੀ ਹੈ, ਇਸ ਲਈ ਗੁਰੂ ਰਾਮਦਾਸ ਲੰਗਰ ਘਰ ਦੀ ਇਮਾਰਤ ਦਾ ਵਿਸਥਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲਗਭਗ ਪੰਜ ਹਜ਼ਾਰ ਸੰਗਤ ਇੱਕੋ ਸਮੇਂ ਲੰਗਰ ਛਕ ਸਕੇਗੀ। ਉੱਪਰਲੀਆਂ ਮੰਜ਼ਲਾਂ ਉਤੇ ਜਾਣ ਲਈ ਸੰਗਤ ਦੀ ਸਹੂਲਤ ਲਈ ਨਵੀਂ ਇਮਾਰਤ ਵਿਚ ਲਿਫ਼ਟਾਂ ਵੀ ਲਾਈਆਂ ਜਾਣਗੀਆਂ। ਲੰਗਰ ਘਰ ਦੀ ਰਸੋਈ ਦਾ ਆਕਾਰ ਵੀ ਪਹਿਲਾਂ ਨਾਲੋਂ ਦੋ ਗੁਣਾ ਕਰ ਦਿੱਤਾ ਗਿਆ ਹੈ ਤੇ ਇਹ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …