Breaking News
Home / ਪੰਜਾਬ / ਸਿਹਤ ਮੰਤਰੀ ਹੁੰਦਿਆਂ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ : ਡਾ. ਵਿਜੇ ਸਿੰਗਲਾ

ਸਿਹਤ ਮੰਤਰੀ ਹੁੰਦਿਆਂ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ : ਡਾ. ਵਿਜੇ ਸਿੰਗਲਾ

ਸਾਬਕਾ ਸਿਹਤ ਮੰਤਰੀ ਵੱਲੋਂ ‘ਆਪ’ ਵਰਕਰਾਂ ਨਾਲ ਰਾਬਤਾ
ਮਾਨਸਾ/ਬਿਊਰੋ ਨਿਊਜ਼ : ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚੋਂ ਜ਼ਮਾਨਤ ‘ਤੇ ਰਿਹਾਅ ਹੋਏ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਮਾਨਸਾ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ। ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੋਈ ਭ੍ਰਿਸ਼ਟਾਚਾਰ ਮਾਮਲੇ ‘ਚ ਇਕ ਰੁਪਇਆ ਲੈਣ ਦੇ ਦੋਸ਼ ਸਾਬਤ ਕਰ ਦੇਵੇ ਤਾਂ ਉਹ ਉਸ ਨੂੰ ਮੰਨ ਜਾਣਗੇ। ਉਨ੍ਹਾਂ ਕਿਹਾ ਕਿ ਸਮਾਂ ਬਲਵਾਨ ਹੈ ਤੇ ਹੌਲੀ-ਹੌਲੀ ਸਭ ਕੁਝ ਸਾਹਮਣੇ ਆਵੇਗਾ। ਡਾ. ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਮਾਮਲੇ ‘ਚ ਕੋਈ ਵੀ ਜ਼ਿੰਮੇਵਾਰ ਨਹੀਂ ਹੈ ਅਤੇ ਸਮਾਂ ਸਭ ਸੱਚ ਸਾਹਮਣੇ ਲਿਆਵੇਗਾ। ਲੋਕਾਂ ਤੇ ਪੰਜਾਬ ਸਰਕਾਰ ਵੱਲੋਂ ਮੰਤਰੀ ਬਣਾ ਕੇ ਦਿੱਤਾ ਸਨਮਾਨ ਉਨ੍ਹਾਂ ਦੇ ਖੂਨ ਵਿੱਚ ਘੁਲਿਆ ਹੈ, ਜਿਸ ਲਈ ਉਹ ਸਦਾ ਰਿਣੀ ਰਹਿਣਗੇ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਮੰਤਰੀ ਰਹਿਣ ਵੇਲੇ ਉਨ੍ਹਾਂ ਨੇ ਮਾਨਸਾ ਵਿੱਚ ਮੈਡੀਕਲ ਕਾਲਜ, ਨਵੀਆਂ ਸੜਕਾਂ ਤੇ ਹਸਪਤਾਲ ਬਣਾਉਣ ਲਈ ਯਤਨ ਸ਼ੁਰੂ ਕੀਤੇ ਸਨ, ਉਸੇ ਤਰ੍ਹਾਂ ਦੇ ਯਤਨ ਹੁਣ ਵੀ ਜਾਰੀ ਰਹਿਣਗੇ। ਸਿਹਤ ਮੰਤਰੀ ਹੁੰਦਿਆਂ ਉਨ੍ਹਾਂ ਨੇ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ। ਲੋਕ ਜਾਣਦੇ ਹਨ ਕਿ 30 ਸਾਲ ਤੋਂ ਉਹ ਅਤੇ ਉਨ੍ਹਾਂ ਦਾ ਪਰਿਵਾਰ ਸਮਾਜ ਸੇਵਾ ਦੇ ਕੰਮਾਂ ਵਿੱਚ ਲੱਗਿਆ ਹੋਇਆ ਹੈ। ਪੈਸੇ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਤੋਂ ਪਹਿਲਾਂ ਡਾ. ਵਿਜੈ ਸਿੰਗਲਾ ਦਾ ਮਾਨਸਾ ਦੇ ਦਫਤਰ ਵਿੱਚ ਪੁੱਜਣ ‘ਤੇ ਪਾਰਟੀ ਵਰਕਰਾਂ ਤੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੰਤਰੀ ਦੇ ਕਾਰਜਕਾਲ ਦੌਰਾਨ ਕਈ ਟੈਂਡਰ ਅਤੇ ਸਾਮਾਨ ਦੀ ਖਰੀਦਦਾਰੀ ਹੋਈ। ਮਹਿਕਮੇ ਵਿੱਚ ਹੋਏ ਕੰਮਾਂ ਸਬੰਧੀ ਕੋਈ ਸਾਬਤ ਕਰਕੇ ਦਿਖਾਵੇ ਕਿ ਉਸ ਨੇ ਜਾਂ ਉਸ ਦੇ ਪਰਿਵਾਰ, ਰਿਸ਼ਤੇਦਾਰ ਤੇ ਪਾਰਟੀ ਵਰਕਰ ਨੇ ਇੱਕ ਰੁਪਇਆ ਵੀ ਲਿਆ ਹੋਵੇ। ਉਨ੍ਹਾਂ ਕਿਹਾ ਕਿ ਪਾਰਟੀ ਵਫ਼ਾਦਾਰ ਸਿਪਾਹੀ ਨਾਲ ਇਨਸਾਫ਼ ਜ਼ਰੂਰ ਕਰੇਗੀ। ਜ਼ਿਕਰਯੋਗ ਹੈ ਕਿ ਵਿਜੀਲੈਂਸ ਵਿਭਾਗ ਦੀ ਟੀਮ ਨੇ ਭ੍ਰਿਸ਼ਟਾਚਾਰ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਡਾ. ਵਿਜੈ ਸਿੰਗਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਸਿਹਤ ਵਿਭਾਗ ਦੇ ਇੰਜਨੀਅਰ ਦੀ ਸ਼ਿਕਾਇਤ ‘ਤੇ ਹੋਈ ਸੀ ਤੇ ਹੁਣ ਉਹ ਕਰੀਬ 42 ਦਿਨ ਜੇਲ੍ਹ ਵਿੱਚ ਰਹਿਣ ਮਗਰੋਂ ਜ਼ਮਾਨਤ ‘ਤੇ ਰਿਹਾਅ ਹੋ ਗਏ ਹਨ।

 

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …